ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜਪਾ: ਪ੍ਰਿਅੰਕਾ ਗਾਂਧੀ

ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜਪਾ: ਪ੍ਰਿਅੰਕਾ ਗਾਂਧੀ

ਚਾਹ ਬਾਗਾਂ ਦੇ ਮਜ਼ਦੂਰਾਂ ਦੀ ਦਿਹਾੜੀ ਵਧਾਏਗੀ ਕਾਂਗਰਸ
ਟੀਟਾਬੋਰ (ਅਸਾਮ)- ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਨੇ ਅੱਜ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਜੇਕਰ ਵਿਰੋਧੀ ਗੱਠਜੋੜ ਜਿੱਤਦਾ ਹੈ ਤਾਂ ਚਾਹ ਦੇ ਬਾਗਾਂ ’ਚ ਕੰਮ ਕਰਨ ਵਾਲੇ ਵਰਕਰਾਂ ਦੀ ਦਿਹਾੜੀ ਵਧਾਈ ਜਾਵੇਗੀ। ਉਨ੍ਹਾਂ ਇਹ ਗੱਲ ਅਸਾਮ ਦੇ ਜੋਰਹਾਟ ਜ਼ਿਲ੍ਹੇ ’ਚ ਪਾਰਟੀ ਉਮੀਦਵਾਰ ਗੌਰਵ ਗੋਗੋਈ ਦੇ ਹੱਕ ’ਚ ਰੋਡ ਸ਼ੋਅ ਦੌਰਾਨ ਆਖੀ। ਰੋਡ ਸ਼ੋਅ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਸੰਵਿਧਾਨ ਨੂੰ ‘ਬਦਲਣਾ’ ਚਾਹੁੰਦੀ ਅਤੇ ਜੇਕਰ ਅਜਿਹਾ ਹੋਇਆ ਤਾਂ ਦੇਸ਼ ਦੇ ਆਮ ਲੋਕਾਂ ਨੂੰ ਸਭ ਤੋਂ ਵੱਧ ਦੁੱਖ ਸਹਿਣਾ ਪਵੇਗਾ।

ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਮੈਂ ਜਦੋਂ ਦੋ ਤਿੰਨ ਸਾਲ ਪਹਿਲਾਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਅਸਾਮ ਆਈ ਸੀ ਤਾਂ ਚਾਹ ਬਾਗਾਨਾਂ ਦਾ ਦੌਰਾ ਕੀਤਾ ਸੀ। ਮੈਂ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ’ਤੇ ਦਿਹਾੜੀ ਵਧਾਈ ਜਾਵੇਗੀ ਪਰ ਤੁਸੀਂ ਭਾਜਪਾ ਨੂੰ ਚੁਣਿਆ ਅਤੇ ਦਿਹਾੜੀ ਲਗਪਗ 250 ਰੁਪਏ ਤੋਂ ਨਹੀਂ ਵਧੀ।’’ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਫਿਰ ਕਹਿ ਰਹੀ ਹਾਂ ਕਿ ਜੇਕਰ ਅਸੀਂ ਕੇਂਦਰ ਵਿੱਚ ਸਰਕਾਰ ਬਣਾਉਂਦੇ ਹਾਂ ਤਾਂ ਸਾਡਾ ਚੋਣ ਮਨੋਰਥ ਪੱਤਰ ਚਾਹ ਬਾਗਾਨਾਂ ਦੇ ਵਰਕਰਾਂ ਦੀ ਦਿਹਾੜੀ ਵਧਾਉਣ ਦੀ ਗਾਰੰਟੀ ਦਿੰਦਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਕਰਨਾਟਕ ਤੇ ਪਾਰਟੀ ਦੇ ਸ਼ਾਸਨ ਵਾਲੇ ਹੋਰ ਸੂਬਿਆਂ ’ਚ ਜੋ ਵੀ ਵਾਅਦੇ ਕੀਤੇ, ਉਹ ਪੁਗਾਏ ਹਨ। ਪ੍ਰਿਅੰਕਾ ਨੇ ਦੋਸ਼ ਲਾਇਆ ਕਿ ਜੇਕਰ ਸੱਤਾਧਾਰੀ ਪਾਰਟੀ ਤੀਜੀ ਵਾਰ ਸੱਤਾ ਵਿੱਚ ਆਈ ਤਾਂ ਉਹ ਸੰਵਿਧਾਨ ਨੂੰ ਬਦਲ ਦੇਵੇਗੀ ਤੇ ਆਮ ਲੋਕ ਆਪਣੇ ਅਧਿਕਾਰ ਖੁੱਸਣ ਮਗਰੋਂ ਸਭ ਤੋਂ ਵੱਧ ਦੁੱਖ ਭੋਗਣਗੇ।’’