ਸੰਵਿਧਾਨ ਬਦਲਣਾ ਚਾਹੁੰਦੇ ਹਨ ਭਾਜਪਾ ਤੇ ਆਰਐੱਸਐੱਸ: ਰਾਹੁਲ

ਸੰਵਿਧਾਨ ਬਦਲਣਾ ਚਾਹੁੰਦੇ ਹਨ ਭਾਜਪਾ ਤੇ ਆਰਐੱਸਐੱਸ: ਰਾਹੁਲ

ਸੱਤਾ ਵਿਚ ਆਉਣ ’ਤੇ ਰਾਖਵਾਂਕਰਨ ’ਤੇ ਲੱਗੀ 50 ਫੀਸਦ ਹੱਦ ਖ਼ਤਮ ਕਰਨ ਦਾ ਦਾਅਵਾ
ਬਿਲਾਸਪੁਰ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਤੇ ਆਰਐੱਸਐੇੱਸ ਉਸ ਸੰਵਿਧਾਨ ਨੂੰ ਬਦਲਣਾ ਤੇ ਤਹਿਸ-ਨਹਿਸ ਕਰਨਾ ਚਾਹੁੰਦੇ ਹਨ, ਜੋ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਦਿੰਦਾ ਹੈ ਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਬਣਾਉਂਦਾ ਹੈ। ਗਾਂਧੀ ਨੇ ਕਿਹਾ ਕਿ ਲੋਕ ਅਜਿਹੇ ਹਮਲਿਆਂ ਤੋਂ ਜਾਣੂ ਹਨ।

ਬਿਲਾਸਪੁੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੇਵੇਂਦਰ ਯਾਦਵ ਦੇ ਹੱਕ ਵਿਚ ਸਾਕਰੀ ਪਿੰਡ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਸੇ ਛੱਡ ਦੇਈਏ ਤਾਂ ਕੁੱਲ ਆਲਮ ਦੀ ਕੋਈ ਵੀ ਤਾਕਤ ਦੇਸ਼ ਦੇ ਸੰਵਿਧਾਨ ਨੂੰ ਰੱਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਵਿਚ ਆਈ ਤਾਂ ਰਾਖਵੇਂਕਰਨ ’ਤੇ ਲੱਗੀ 50 ਫੀਸਦ ਹੱਦ ਖ਼ਤਮ ਕਰੇਗੀ। ਗਾਂਧੀ ਨੇ ਕਿਹਾ, ‘‘ਪ੍ਰਧਾਨ ਮੰਤਰੀ, ਭਾਜਪਾ ਆਗੂ ਤੇ ਆਰਐੱਸਐੱਸ ਸੰਵਿਧਾਨ ਨੂੰ ਤਹਿਸ-ਨਹਿਸ ਕਰਨਾ ਤੇ ਬਦਲਣਾ ਚਾਹੁੰਦੀ ਹੈ। ਜਿੱਥੇ ਉਹ ਸੰਵਿਧਾਨ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉਥੇ ਕਾਂਗਰਸ ਇਸ ਨੂੰ ਬਚਾਉਣ ਦੀਆਂ ਕੋੋਸ਼ਿਸ਼ਾਂ ਕਰ ਰਹੀ ਹੈ। ਇਹ ਜਮਹੂਰੀਅਤ, ਸੰਵਿਧਾਨ, ਰਾਖਵਾਂਕਰਨ ਤੇ ਗਰੀਬਾਂ ਦੇ ਹੱਕਾਂ ਨੂੰ ਬਚਾਉਣ ਦੀ ਲੜਾਈ ਹੈ।’’ ਕਾਂਗਰਸ ਆਗੂ ਨੇ ਜ਼ੋਰ ਦੇ ਕੇ ਆਖਿਆ ਕਿ ਸੰਵਿਧਾਨ ਮਹਿਜ਼ ਇਕ ਕਿਤਾਬ ਨਹੀਂ ਬਲਕਿ ਗਰੀਬਾਂ ਦੇ ਹੱਕਾਂ, ਉਨ੍ਹਾਂ ਦੇ ਭਵਿੱਖ, ਉਨ੍ਹਾਂ ਦੀ ਆਵਾਜ਼ ਤੇ ਰਹਿਣ ਸਹਿਣ ਦੀ ਰਾਖੀ ਯਕੀਨੀ ਬਣਾਉਂਦੀ ਹੈ। ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਵਿਚਾਰਧਾਰਾ ਮਹਾਤਮਾ ਗਾਂਧੀ, ਪੰਡਿਤ ਨਹਿਰੂ ਤੇ ਬਾਬਾਸਾਹਿਬ ਅੰਬੇਡਕਰ ਵਾਲੀ ਨਹੀਂ ਬਲਕਿ ਇਹ ‘ਅਡਾਨੀ ਤੇ ਅੰਬਾਨੀ’ ਜਿਹੇ ਕੁਝ ਚੋਣਵੇਂ ਲੋਕਾਂ ਦੀ ਹਮਾਇਤ ਕਰਦੀ ਹੈ।

ਉਨ੍ਹਾਂ ਕਿਹਾ, ‘‘ਪਰ ਹੁਣ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਜਮਹੂਰੀਅਤ, ਸੰਵਿਧਾਨ, ਰਾਖਵਾਂਕਰਨ ਤੇ ਸਰਕਾਰੀ ਮਾਲਕੀ ਵਾਲੇ ਅਦਾਰਿਆਂ ’ਤੇੇ ਹਮਲੇ ਹੋ ਰਹੇ ਹਨ। ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਭਾਜਪਾ, ਪੀਐੱਮ ਤੇ ਆਰਐੱਸਐੱਸ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦੇ ਹਨ।’’

ਇਸ ਦੌਰਾਨ ਗੁਜਰਾਤ ਦੇ ਪਾਟਨ ਵਿਚ ਦਲਿਤਾਂ ਦੇ ਹੱਕਾਂ ਦੀ ਵਕਾਲਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਭਾਰਤ ਦੀ ਜਮਹੂਰੀਅਤ ਤੇ ਸੰਵਿਧਾਨ ਲਈ ‘ਸਿੱਧੀ ਵੰਗਾਰ’ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ।