ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਭਾਰਤ ਦੌਰੇ ’ਤੇ ਪੁੱਜੇ

ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਭਾਰਤ ਦੌਰੇ ’ਤੇ ਪੁੱਜੇ

ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ’ਚ ਸੁਧਾਰਾਂ ਦਾ ਮੁੱਦਾ ਉਭਾਰਿਆ; ਜੈਸ਼ੰਕਰ ਤੇ ਹੋਰਾਂ ਨਾਲ ਮੁਲਾਕਾਤ ਕਰਨਗੇ ਸਾਬਾ ਕੋਰੋਸੀ
ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਸਾਬਾ ਕੋਰੋਸੀ ਅੱਜ ਭਾਰਤ ਦੇ ਤਿੰਨ ਦਿਨਾਂ ਦੇ ਦੌਰੇ ’ਤੇ ਦਿੱਲੀ ਪਹੁੰਚ ਗਏ ਹਨ। ਇੱਥੇ ਪਹੁੰਚਣ ’ਤੇ ਸੰਯੁਕਤ ਰਾਸ਼ਟਰ ’ਚ ਭਾਰਤੀ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਸਾਬਾ ਕੋਰੋਸੀ ਦਾ ਸਵਾਗਤ ਕੀਤਾ। ਕੋਰੋਸੀ ਆਪਣੇ ਦੌਰੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਕਈ ਅਹਿਮ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਹੋਵੇਗੀ। ਕੋਰੋਸੀ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਮਿਲਣਗੇ। ਭਲਕੇ ਉਹ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ। 31 ਜਨਵਰੀ ਨੂੰ ਕੋਰੋਸੀ ਬੰਗਲੂਰੂ ਜਾਣਗੇ ਤੇ ਵਿਗਿਆਨੀਆਂ ਨੂੰ ਸੰਬੋਧਨ ਕਰਨਗੇ। ਭਾਰਤ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਸਲਾਮਤੀ ਪ੍ਰੀਸ਼ਦ ਅਜੋਕੇ ਦੌਰ ਦੀ ਅਸਲੀਅਤ ਨੂੰ ਨਹੀਂ ਦਰਸਾਉਂਦਾ, ਇਹ ਨਕਾਰਾ ਹੋ ਚੁੱਕਾ ਹੈ ਤੇ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ ਦੇ ਆਪਣੇ ਮੁੱਢਲੇ ਫ਼ਰਜ਼ ਨੂੰ ਅਦਾ ਕਰਨ ਵਿਚ ਅਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਦੇ ਹੀ ਇਕ ਸਥਾਈ ਮੈਂਬਰ ਨੇ ਆਪਣੇ ਗੁਆਂਢੀ ਉਤੇ ਹਮਲਾ ਕਰ ਦਿੱਤਾ ਹੈ। ਉਹ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਵੱਲ ਇਸ਼ਾਰਾ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪ੍ਰੀਸ਼ਦ ਵਿਚ ਰੂਸ ਕੋਲ ਵੀਟੋ ਤਾਕਤ ਹੈ। ਰੂਸ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਯੂਕਰੇਨ ਬਾਰੇ ਮਤਿਆਂ ਨੂੰ ਵੀਟੋ ਕਰ ਚੁੱਕਾ ਹੈ। ਕੋਰੋਸੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸੱਦੇ ਉਤੇ ਭਾਰਤ ਆਏ ਹਨ। ਮਹਾਸਭਾ ਦੇ ਪ੍ਰਧਾਨ ਨੇ ਕਿਹਾ ਕਿ ਸਲਾਮਤੀ ਪ੍ਰੀਸ਼ਦ ਇਕ ਅਜਿਹੀ ਇਕਾਈ ਹੋਣੀ ਚਾਹੀਦੀ ਹੈ ਜੋ ਹਮਲਾਵਰ ਰਵੱਈਏ ਵਿਰੁੱਧ ਕਦਮ ਚੁੱਕੇ, ਪਰ ਵੀਟੋ ਤਾਕਤ ਕਾਰਨ ਇਹ ਕਾਰਵਾਈ ਨਹੀਂ ਕਰ ਸਕਦਾ। ਕੋਰੋਸੀ ਨੇ ਕਿਹਾ ਕਿ ਭਵਿੱਖ ਲਈ ‘ਇਹ ਬਹੁਤ ਗੰਭੀਰ ਸਬਕ ਹੈ’। ਉਨ੍ਹਾਂ ਕਿਹਾ ਕਿ ਜਦ ਅਸੀਂ ਆਲਮੀ ਸੰਗਠਨਾਂ ਦੀ ਕਾਰਜਪ੍ਰਣਾਲੀ ਬਿਹਤਰ ਕਰਨ ਦੀ ਗੱਲ ਕਰਾਂਗੇ ਤਾਂ ਇਹ ਸਬਕ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਸਲਾਮਤੀ ਪ੍ਰੀਸ਼ਦ ਵਿਚ ਸੁਧਾਰ ਦਾ ਮੁੱਦਾ ‘ਭਖਿਆ ਹੋਇਆ ਹੈ ਤੇ ਇਸ ਦੀ ਜ਼ਰੂਰਤ ਹੈ।’ ਉਨ੍ਹਾਂ ਕਿਹਾ ਕਿ ਪ੍ਰੀਸ਼ਦ ਦੀ ਮੌਜੂਦਾ ਬਣਤਰ ਦੂਜੀ ਵਿਸ਼ਵ ਜੰਗ ਵਿਚੋਂ ਨਿਕਲੀ ਸੀ। ਵਰਤਮਾਨ ਵਿਚ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ- ਚੀਨ, ਫਰਾਂਸ, ਰੂਸ, ਯੂਕੇ ਤੇ ਅਮਰੀਕਾ ਹਨ। 77 ਸਾਲ ਪੁਰਾਣੀ ਇਕਾਈ ਵਿਚ ਸਿਰਫ਼ ਇਕ ਵਾਰ 1963 ਵਿਚ ਸੋਧ ਕੀਤੀ ਗਈ ਸੀ। ਕੋਰੋਸੀ ਨੇ ਕਿਹਾ ਕਿ ਉਸ ਤੋਂ ਬਾਅਦ ਸੰਸਾਰ ਕਾਫ਼ੀ ਬਦਲ ਗਿਆ ਹੈ, ਭੂ-ਸਿਆਸੀ ਰਿਸ਼ਤਿਆਂ ਵਿਚ ਬਦਲਾਅ ਆਇਆ ਹੈ। ਭਾਰਤ ਸਣੇ ਕਈ ਮੁਲਕਾਂ ਦੀਆਂ ਆਰਥਿਕ ਜ਼ਿੰਮੇਵਾਰੀਆਂ ਬਦਲੀਆਂ ਹਨ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ 50 ਦੇਸ਼ਾਂ ਵਾਲਾ ਅਫ਼ਰੀਕਾ ਮਹਾਦੀਪ, ਹਾਲੇ ਤੱਕ ਸਥਾਈ ਮੈਂਬਰ ਨਹੀਂ ਹੈ। ਕੋਰੋਸੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਲਾਮਤੀ ਪ੍ਰੀਸ਼ਦ ਵਿਚ ਸੁਧਾਰ ਹੋਵੇਗਾ।