ਸੰਯੁਕਤ ਰਾਸ਼ਟਰ ’ਚ ਇਰਾਨ ਖ਼ਿਲਾਫ਼ ਮਤੇ ਦੌਰਾਨ ਭਾਰਤ ਰਿਹਾ ਗ਼ੈਰਹਾਜ਼ਰ

ਸੰਯੁਕਤ ਰਾਸ਼ਟਰ ’ਚ ਇਰਾਨ ਖ਼ਿਲਾਫ਼ ਮਤੇ ਦੌਰਾਨ ਭਾਰਤ ਰਿਹਾ ਗ਼ੈਰਹਾਜ਼ਰ

ਚੀਨ ਤੇ ਪਾਕਿਸਤਾਨ ਵੱਲੋਂ ਮਤੇ ਦਾ ਵਿਰੋਧ; ਮਤੇ ਦੇ ਹੱਕ ’ਚ ਪਈਆਂ 25 ਵੋਟਾਂ
ਜਨੇਵਾ-ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਦੇ ਉਸ ਮਤੇ ਤੋਂ ਦੂਰੀ ਬਣਾੲੇ ਰੱਖੀ ਜਿਸ ਵਿੱਚ ਇਰਾਨ ’ਚ 16 ਸਤੰਬਰ ਤੋਂ ਸ਼ੁਰੂ ਹੋਏ ਮੁਜ਼ਾਹਰਿਆਂ ਮਗਰੋਂ ਪ੍ਰਦਰਸ਼ਨਕਾਰੀਆਂ ਦੇ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੀ ਜਾਂਚ ਲਈ ਇੱਕ ਤੱਥ ਪੜਤਾਲੀਆ ਮਿਸ਼ਨ ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ। ਕੌਂਸਲ ਨੇ ਟਵੀਟ ਕੀਤਾ, ‘ਇਸ 35ਵੇਂ ਵਿਸ਼ੇਸ਼ ਸੈਸ਼ਨ ’ਚ ਯੂਐੱਨ ਮਨੁੱਖੀ ਅਧਿਕਾਰ ਕੌਂਸਲ ਨੇ ਫ਼ੈਸਲਾ ਕੀਤਾ ਹੈ ਕਿ 16 ਸਤੰਬਰ 2022 ਨੂੰ ਸ਼ੁਰੂ ਹੋਏ ਰੋਸ ਮੁਜ਼ਾਹਰਿਆਂ ਤੋਂ ਬਾਅਦ ਇਰਾਨ ’ਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੀ ਜਾਂਚ ਲਈ ਨਵਾਂ ਤੱਥ ਪੜਤਾਲੀਆ ਮਿਸ਼ਨ ਸਥਾਪਤ ਕੀਤਾ ਜਾਵੇ।’ ਇਹ ਮਤਾ 16 ਸਤੰਬਰ ਨੂੰ 22 ਸਾਲਾ ਮਹਿਸਾ ਅਮੀਨੀ ਦੇ ਵਿਰੋਧ ਦਰਮਿਆਨ ਆਇਆ ਹੈ ਜਿਸ ਨੂੰ ਇਰਾਨ ਦੀ ਪੁਲੀਸ ਨੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦੇ ਦੋਸ਼ ਹੇਠ ਹਿਰਾਸਤ ’ਚ ਲੈ ਲਿਆ ਸੀ। ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਏ ਸਨ ਕਿ ਹਿਰਾਸਤ ਦੌਰਾਨ ਅਮੀਨੀ ’ਤੇ ਹਿੰਸਾ ਕੀਤੀ ਗਈ ਹੈ। ਭਾਰਤ ਤੋਂ ਇਲਾਵਾ ਮਲੇਸ਼ੀਆ, ਇੰਡੋਨੇਸ਼ੀਆ, ਯੂਏਈ ਵੀ ਮਤੇ ’ਤੇ ਵੋਟਿੰਗ ਤੋਂ ਦੂਰ ਰਹੇ। ਦੂਜੇ ਪਾਸੇ ਪਾਕਿਸਤਾਨ ਤੇ ਚੀਨ ਨੇ ਮਤੇ ਨੂੰ ਰੱਦ ਕਰ ਦਿੱਤਾ। ਹਾਲਾਂਕਿ ਯੂਐੱਨਐੱਚਆਰਸੀ ’ਚ ਇਹ ਮਤਾ ਪਾਸ ਹੋ ਗਿਆ ਹੈ। 47 ਮੈਂਬਰੀ ਕੌਂਸਲ ਵੱਲੋਂ ਕੀਤੀ ਗਈ ਵੋਟਿੰਗ ਦੌਰਾਨ ਮਤੇ ਦੇ ਹੱਕ ’ਚ 25, ਵਿਰੋਧ ’ਚ 6 ਵੋਟਾਂ ਪਈਆਂ ਜਦਕਿ 16 ਮੈਂਬਰ ਵੋਟਿੰਗ ਤੋਂ ਲਾਂਭੇ ਰਹੇ। ਮਤਾ ਪਾਸ ਹੋਣ ਮਗਰੋਂ ਯੂਐੱਨਐੱਚਆਰਸੀ ਨੇ ਤੱਥ ਪੜਤਾਲੀਆ ਮਿਸ਼ਨ ਸਥਾਪਤ ਕਰ ਦਿੱਤਾ ਹੈ।

ਰਿਪੋਰਟਾਂ ਅਨੁਸਾਰ ਇਹ ਮਤਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਬਾਰੇ ਮੁਖੀ ਵਾਲਕਰ ਤੁਰਕ ਦੇ ਕਹਿਣ ਮਗਰੋਂ ਲਿਆਂਦਾ ਗਿਆ। ਇਸ ਸਬੰਧੀ ਹੋਈ ਮੀਟਿੰਗ ’ਚ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਨੇ ਇਸ ਤੱਥ ’ਤੇ ਰੋਸ਼ਨੀ ਪਾਈ ਕਿ ਕਿਸ ਤਰ੍ਹਾਂ ਇਸਲਾਮਿਕ ਰੈਵੇਲਿਊਸ਼ਨਰੀ ਗਾਰਡ ਕੋਰ ਤੇ ਬਾਸਿਜ ਬਲਾਂ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਮੁਜ਼ਾਹਰਿਆਂ ਖ਼ਿਲਾਫ਼ ਗੋਲਾ-ਬਾਰੂਦ, ਬਰਡ ਸ਼ਾਟ ਤੇ ਹੋਰ ਧਾਤਾਂ ਦੇ ਛੱਰੇ, ਅਥਰੂ ਗੈਸ ਤੇ ਡੰਡਿਆਂ ਦੀ ਵਰਤੋਂ ਕੀਤੀ। ਇਹ ਰੋਸ ਮੁਜ਼ਾਹਰੇ ਇਰਾਨ ਦੇ ਸਾਰੇ 150 ਸ਼ਹਿਰਾਂ ਤੇ 140 ਯੂਨੀਵਰਸਿਟੀਆਂ ’ਚ ਹੋ ਰਹੇ ਹਨ। ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੀ ਆਜ਼ਾਦਾਨਾ ਜਾਂਚ ਦਾ ਸੱਦਾ ਦੇਣ ਤੋਂ ਪਹਿਲਾਂ ਹਾਈ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਇਰਾਨ ਵੱਲੋਂ ਇਨ੍ਹਾਂ ਮੁਜ਼ਾਹਰਿਆਂ ਦੀ ਘਰੇਲੂ ਪੱਧਰ ’ਤੇ ਕਰਵਾਈ ਗਈ ਜਾਂਚ ਬਾਰੇ ਕਈ ਵਾਰ ਸੂਚਨਾ ਦਿੱਤੀ ਗਈ ਪਰ ਇਹ ਕੋਸ਼ਿਸ਼ਾਂ ਕੌਮਾਂਤਰੀ ਪੱਧਰ ਦੇ ਪੈਮਾਨਿਆਂ ਦੇ ਮੇਚ ਦੀਆਂ ਨਹੀਂ ਸਨ। ਹਾਈ ਕਮਿਸ਼ਨਰ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਇਰਾਨ ਦੇ ਨੁਮਾਇੰਦੇ ਨੇ ਕਿਹਾ ਕਿ ਅਮੀਨੀ ਦੀ ਮੌਤ ਹੋ ਬਾਅਦ ਇਸ ਮਾਮਲੇ ’ਚ ਇਨਸਾਫ਼ ਦੇਣ ਲਈ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ ਹਨ। -ਏਐੱਨਆਈ

26/11 ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀਆਂ ਸਾਡੀਆਂ ਕੋਸ਼ਿਸ਼ਾਂ ‘ਸਿਆਸੀ ਕਾਰਨਾਂ’ ਕਰਕੇ ਰੁਕੀਆਂ: ਭਾਰਤ

ਸੰਯੁਕਤ ਰਾਸ਼ਟਰ: ਭਾਰਤ ਨੇ ਅੱਜ ਚੀਨ ਦੇ ਅਸਿੱਧੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਕਾਰਾਂ ਤੇ ਸਰਪ੍ਰਸਤਾਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ‘ਸਿਆਸੀ ਕਾਰਨਾਂ’ ਕਰਕੇ ਰੁਕੀਆਂ ਹਨ। ਕਾਬਿਲੇਗੌਰ ਹੈ ਕਿ ਨਵੀਂ ਦਿੱਲੀ ਨੇ ਪਾਕਿਸਤਾਨ ਆਧਾਰਿਤ ਦਹਿਸ਼ਤਗਰਦਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਬਲੈਕਲਿਸਟ ਕੀਤੇ ਜਾਣ ਲਈ ਕਈ ਵਾਰ ਕੋੋਸ਼ਿਸ਼ਾਂ ਕੀਤੀਆਂ ਹਨ, ਪਰ ਚੀਨ ਆਪਣੀ ਵੀਟੋ ਤਾਕਤ ਦੇ ਸਿਰ ’ਤੇ ਲਗਾਤਾਰ ਇਨ੍ਹਾਂ ਨੂੰ ਨਾਕਾਮ ਕਰ ਦਿੰਦਾ ਹੈ। ਭਾਰਤ ਨੇ ਕਿਹਾ ਕਿ ਚੀਨ ਦੇ ਇਸ ਕਦਮ ਕਰਕੇ ਦਹਿਸ਼ਤਗਰਦ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਉਹ ਸਰਹੱਦ ਪਾਰੋਂ ਲਗਾਤਾਰ ਭਾਰਤ ’ਤੇ ਹਮਲੇ ਕਰ ਰਹੇ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਅਤਿਵਾਦ ਕੁੱਲ ਆਲਮ ਦੀ ਸ਼ਾਂਤੀ ਤੇ ਸੁਰੱਖਿਆ ਲਈ ‘ਵੱਡੀ ਵੰਗਾਰ’ ਸੀ ਤੇ ਰਹੇਗੀ ਕਿਉਂਕਿ ਆਈਐੱਸਆਈਐੱਸ ਤੇ ਅਲ-ਕਾਇਦਾ ਨਾਲ ਜੁੜੇ ਤੇ ਉਸ ਤੋਂ ਪ੍ਰੇਰਿਤ ਸਮੂਹ, ਖਾਸ ਕਰਕੇ ਏਸ਼ੀਆ ਤੇ ਅਫ਼ਰੀਕਾ ਵਿੱਚ, ਲਗਾਤਾਰ ਸਰਗਰਮ ਹਨ ਅਤੇ ਆਮ ਲੋਕਾਂ ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੰਬੋਜ ਨੇ ਯੂਐੱਨ ਸੁਰੱਖਿਆ ਕੌਂਸਲ ਦੀ 1267/1373/1540 ਕਮੇਟੀਆਂ ਦੀਆਂ ਚੇਅਰਾਂ ਵੱਲੋਂ ਸਾਂਝੀ ਬ੍ਰੀਫਿੰਗ ਦੌਰਾਨ ਕਿਹਾ, ‘‘ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਵੰਬਰ 2008 ਵਿੱਚ ਦਸ ਦਹਿਸ਼ਤਗਰਦ ਸਮੁੰਦਰ ਰਸਤੇ ਪਾਕਿਸਤਾਨ ਤੋਂ ਮੁੰਬਈ ਸ਼ਹਿਰ ’ਚ ਦਾਖ਼ਲ ਹੋਏ ਸੀ। ਉਨ੍ਹਾਂ ਚਾਰ ਦਿਨਾਂ ਤੱਕ ਸ਼ਹਿਰ ’ਚ ਤਬਾਹੀ ਮਚਾਈ, 166 ਲੋਕਾਂ ਨੂੰ ਮਾਰ ਮੁਕਾਇਆ, ਜਿਨ੍ਹਾਂ ਵਿੱਚ 26 ਵਿਦੇਸ਼ੀ ਨਾਗਰਿਕ ਵੀ ਸਨ।’’ ਕੰਬੋਜ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਕੀਤੇ 26/11 ਦਹਿਸ਼ਤੀ ਹਮਲਿਆਂ ਦੀ ਭਲਕੇ 14ਵੀਂ ਬਰਸੀ ਹੈ। ਉਨ੍ਹਾਂ ਕਿਹਾ, ‘‘ਇਨ੍ਹਾਂ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਕਾਰਾਂ ਤੇ ਸਰਪ੍ਰਸਤਾਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਵਿੱਚ ਸਿਆਸੀ ਕਾਰਨਾਂ ਕਰਕੇ ਅੜਿੱਕੇ ਡਾਹੇ ਜਾਂਦੇ ਹਨ। ਇਹ ਦਹਿਸ਼ਤਗਰਦ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਸਾਡੇ ਦੇਸ਼ ਖਿਲਾਫ਼ ਲਗਾਤਾਰ ਸਰਹੱਦ ਪਾਰੋਂ ਹਮਲੇ ਕਰ ਰਹੇ ਹਨ।’’ ਇਸ ਸਾਲ ਜੂਨ ਤੋਂ ਲੈ ਕੇ ਹੁਣ ਤੱਕ ਚੀਨ, ਜੋ ਪਾਕਿਸਤਾਨ ਦਾ ਗੂੜਾ ਮਿੱਤਰ ਹੈ, ਨੇ ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ’ਤੇ ਪਾਬੰਦੀਆਂ ਲਾਉਣ ਲਈ ਪਾਏ ਮਤਿਆਂ ਵਿੱਚ ਅੜਿੱਕੇ ਡਾਹੇ ਹਨ।