ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮਰਨ ਵਰਤ ਤੋੜਿਆ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮਰਨ ਵਰਤ ਤੋੜਿਆ

ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਦਰਜਨ ਤੋਂ ਵੱਧ ਮੰਗਾਂ ਮੰਨੀਆਂ
ਪਟਿਆਲਾ- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪਟਿਆਲਾ ਵਿਚ ਚੱਲ ਰਿਹਾ ਮਰਨ ਵਰਤ ਅੱਜ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਹਿਮਤੀ ਬਣਨ ਤੋਂ ਬਾਅਦ ਖ਼ਤਮ ਹੋ ਗਿਆ ਹੈ। ਸਰਕਾਰ ਨੇ ਕਿਸਾਨਾਂ ਦੀਆਂ ਦਰਜਨ ਦੇ ਕਰੀਬ ਮੰਗਾਂ ਮੰਨ ਲਈਆਂ ਹਨ ਜਿਸ ਦੇ ਚਲਦਿਆਂ ਅੱਜ ਦੇਰ ਸ਼ਾਮ ਕਿਸਾਨਾਂ ਨੇ ਨਾਰੀਅਲ ਪਾਣੀ ਪੀ ਕੇ ਆਪਣਾ ਮਰਨ ਵਰਤ ਖ਼ਤਮ ਕਰ ਲਿਆ ਹੈ ਪਰ ਕਿਸਾਨ ਆਗੂਆਂ ਅਨੁਸਾਰ 19 ਜੂਨ ਨੂੰ ਪਟਿਆਲਾ ਵਿਚ ਕੌਮੀ ਰੈਲੀ ਜਿੱਤ ਦੀ ਰੈਲੀ ਵਜੋਂ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਪਿਛਲੇ ਅੱਠ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ, ਸੁਖਜੀਤ ਸਿੰਘ ਹਰਦੋਝੰਢੇ, ਤਰਸੇਮ ਸਿੰਘ ਗਿੱਲ ਨੇ ਸਹਿਮਤੀ ਤੋਂ ਬਾਅਦ ਦੱਸਿਆ ਕਿ ਸਾਥੀਆਂ ਨਾਲ ਵਿਚਾਰ ਕਰਨ ਤੋਂ ਬਾਅਦ ਅਗਲੀ ਰਣਨੀਤੀ ਐਲਾਨੀ ਜਾਵੇਗੀ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਅੱਜ ਸਵੇਰੇ ਪਾਣੀ ਵੀ ਤਿਆਗ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਦੀ ਚਿੰਤਾ ਵਧ ਗਈ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਹੁਣ ਉਨ੍ਹਾਂ ਦੀਆਂ ਜੋ ਮੰਗਾਂ ਮੰਨੀਆਂ ਹਨ, ਉਨ੍ਹਾਂ ਵਿੱਚ ਕਿਸਾਨ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਖ਼ਰਚੇ ਤੋਂ ਹੁਣ ਜਿੱਥੇ ਚਾਹੁਣ ਮੋਟਰ ਕੁਨੈਕਸ਼ਨ ਸ਼ਿਫ਼ਟ ਕਰ ਸਕਦੇ ਹਨ, ਘਰ ਵਿੱਚ ਦੁਧਾਰੂ ਪਸ਼ੂ ਪਾਲਣ ਵਾਲਿਆਂ ਨੂੰ ਕਮਰਸ਼ੀਅਲ ਚਾਰਜ ਨਹੀਂ ਲੱਗੇਗਾ, ਜਿਨ੍ਹਾਂ ਕਿਸਾਨਾਂ ਨੇ ਵੱਖ ਵੱਖ ਸਕੀਮਾਂ ਅਧੀਨ ਮੋਟਰ ਕੁਨੈਕਸ਼ਨਾਂ ਦੇ ਪੈਸੇ ਭਰੇ ਸਨ ਪਰ ਜੋ ਕਿਸਾਨ ਕੁਨੈਕਸ਼ਨ ਨਹੀਂ ਲੈਣਾ ਚਾਹੁੰਦੇ ਉਨ੍ਹਾਂ ਨੂੰ ਵਿਆਜ ਸਮੇਤ ਬਿਜਲੀ ਵਿਭਾਗ ਪੈਸੇ ਵਾਪਸ ਕਰੇਗਾ, ਜ਼ਮੀਨ ਦੀ ਵਿਕਰੀ ਦੀ ਸੂਰਤ ਵਿੱਚ ਰਜਿਸਟਰੀ ਅਤੇ ਫ਼ਰਦ ਕਾਪੀ ਦੇ ਆਧਾਰ ’ਤੇ ਕੁਨੈਕਸ਼ਨ ਮਾਲਕ ਦੇ ਨਾਮ ਤਬਦੀਲ ਕਰ ਦਿੱਤਾ ਜਾਵੇਗਾ, ਭਰਾਵੀ ਵੰਡ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਕਮੇਟੀ ਗਠਿਤ ਹੋਵੇਗੀ, ਬਾਦਲ ਸਰਕਾਰ ਸਮੇਂ ਕਿਸਾਨਾਂ ਵੱਲੋਂ ਆਪਣੇ ਖ਼ਰਚੇ ’ਤੇ ਲਗਾਏ ਗਏ ਟਰਾਂਸਫ਼ਾਰਮਰਾਂ ਨੂੰ ਪਾਵਰਕੌਮ ਵੱਲੋਂ ਅਧਿਕਾਰ ਖੇਤਰ ਵਿੱਚ ਲੈਣ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ, ਟਰਾਂਸਫ਼ਾਰਮਰ ਸੜਨ ਦੇ 24 ਘੰਟਿਆਂ ’ਚ ਬਦਲਿਆ ਜਾਵੇਗਾ ਤੇ ਨਾ ਬਦਲਣ ਦੀ ਸੂਰਤ ਵਿੱਚ ਅਧਿਕਾਰੀਆਂ ’ਤੇ ਕਾਰਵਾਈ ਹੋਵੇਗੀ।