ਸੰਦੀਪ ਨੰਗਲ ਅੰਬੀਆਂ ਕਤਲ ਕੇਸ ਵਿੱਚ ਤਿੰਨ ਕਬੱਡੀ ਪਰਮੋਟਰ ਨਾਮਜ਼ਦ

ਪਰਿਵਾਰ ਨੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ

ਜਲੰਧਰ – ਜ਼ਿਲ੍ਹੇ ਦੀ ਦਿਹਾਤੀ ਪੁਲੀਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਸਬੰਧੀ ਤਿੰਨ ਹੋਰ ਖੇਡ ਪਰਮੋਟਰਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ ਵਾਸੀ ਮੁਹਾਲੀ, ਵਿਸ਼ਵ ਕਬੱਡੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਉਰਫ ਸੁੱਖਾ ਮਾਨ ਅਤੇ ਰਾਇਲ ਕਿੰਗਜ਼ ਕਬੱਡੀ ਦੇ ਮਾਲਕ ਸਰਬਜੀਤ ਸਿੰਘ ਸੱਤਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ ਥਾਣਾ ਨਕੋਦਰ ਵਿੱਚ ਦਰਜ ਐੱਫਆਈਆਰ ਨੰਬਰ 42 ਵਿੱਚ ਨਾਮਜ਼ਦ ਕੀਤਾ ਗਿਆ ਹੈ। ਕਬੱਡੀ ਖਿਡਾਰੀ ਦੇ ਕਤਲ ਦੀ ਮੁੱਖ ਵਜ੍ਹਾ ਕਬੱਡੀ ਜਥੇਬੰਦੀਆਂ ਦੀ ਨਿੱਜੀ ਰੰਜਿਸ਼ ਮੰਨੀ ਜਾ ਰਹੀ ਹੈ। ਸੰਦੀਪ ਦੀ ਕਬੱਡੀ ਐਸੋਸੀਏਸ਼ਨ ਹੋਰਾਂ ਦੇ ਮੁਕਾਬਲੇ ਵੱਧ ਮਕਬੂਲ ਸੀ ਅਤੇ ਉਸ ਨਾਲ ਨਾਮਵਰ ਖਿਡਾਰੀ ਲਗਾਤਾਰ ਜੁੜਦੇ ਜਾ ਰਹੇ ਸਨ। ਸੰਦੀਪ ਸਿੰਘ ਨੰਗਲ ਅੰਬੀਆਂ ਦੇ ਭਰਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਤਿੰਨੋਂ ਵਿਅਕਤੀਆਂ ਦੇ ਨਾਮ ਐੱਫਆਈਆਰ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਕਿਸੇ ਨੇ ਇਨ੍ਹਾਂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਸੂਚਨਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜੁਲਾਈ ਦੇ ਸ਼ੁਰੂ ਵਿੱਚ ਨਾਮਜ਼ਦ ਕੀਤਾ ਗਿਆ ਸੀ ਪਰ ਪਰਿਵਾਰ ਨੂੰ ਇਸ ਬਾਰੇ ਬੀਤੇ ਦਿਨ ਜਾਣਕਾਰੀ ਮਿਲੀ ਸੀ। ਉਨ੍ਹਾਂ ਮੰਗ ਕੀਤੀ ਕਿ ਨਾਮਜ਼ਦ ਖੇਡ ਪਰਮੋਟਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਜਾਣਕਾਰੀ ਅਨੁਸਾਰ ਪਿੰਡ ਮੱਲੀਆਂ ਖੁਰਦ ਵਿੱਚ 14 ਮਾਰਚ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਮਾਮਲੇ ਸਬੰਧੀ ਹੁਣ ਤੱਕ ਨੌਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਜਲੰਧਰ ਪੁਲੀਸ ਨੇ ਇਸ ਮਾਮਲੇ ’ਤੇ ਲਗਾਤਾਰ ਚੁੱਪੀ ਧਾਰੀ ਹੋਈ ਹੈ ਤੇ ਅਧਿਕਾਰਤ ਤੌਰ ’ਤੇ ਕੁਝ ਵੀ ਦੱਸਣ ਲਈ ਤਿਆਰ ਨਹੀਂ।