ਸੰਦੀਪ ਅੰਬੀਆਂ ਦੇ ਪਰਿਵਾਰ ਨੇ ਬਾਕੀ ਕਾਤਲਾਂ ਦੀ ਗ੍ਰਿਫ਼ਤਾਰੀ ਮੰਗੀ

ਸੰਦੀਪ ਅੰਬੀਆਂ ਦੇ ਪਰਿਵਾਰ ਨੇ ਬਾਕੀ ਕਾਤਲਾਂ ਦੀ ਗ੍ਰਿਫ਼ਤਾਰੀ ਮੰਗੀ

ਜਲੰਧਰ- ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਸੰਦੀਪ ਕਤਲ ਮਾਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਨੂੰ ਫੜਿਆ ਗਿਆ ਹੈ, ਉਸੇ ਤਰ੍ਹਾਂ ਬਾਕੀਆਂ ਮੁਲਜ਼ਮਾਂ ਨੂੰ ਵੀ ਜਲਦੀ ਫੜਿਆ ਜਾਵੇ।

ਇਸ ਕੇਸ ਵਿਚ ਗਵਾਹ ਹਾਕਮ ਸਿੰਘ ਵਾਸੀ ਬਾੜੇ ਵਾਲਾ ਅਤੇ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਨੇ ਕਿਹਾ ਕਿ ਇਸ ਕੇਸ ਦੇ ਸਾਜ਼ਿਸ਼ਕਰਤਾ ਸਰਬਜੀਤ ਸਿੰਘ ਸਾਬਾ ਖੇੜਾ ਅਮਰੀਕਾ, ਸੁਖਵਿੰਦਰ ਸਿੰਘ ਮਾਨ ਸੁੱਖਾ ਕੈਨੇਡਾ ਅਤੇ ਸਨਾਵਰ ਢਿੱਲੋਂ ਕੈਨੇਡਾ ਨੂੰ ਫੜਨ ਤੋਂ ਬਾਅਦ ਹੀ ਉਨ੍ਹਾਂ ਨੂੰ ਇਨਸਾਫ਼ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਨਵਾਰ ਸਿੰਘ ਢਿੱਲੋਂ ਵਿਦੇਸ਼ ਵਿੱਚ ਕਬੱਡੀ ਫੈਡਰੇਸ਼ਨ ਦਾ ਸਕੱਤਰ ਵੀ ਹੈ। ਉਨ੍ਹਾਂ ਕਿਹਾ ਸੰਦੀਪ ਵੱਲੋਂ ਅਲੱਗ ਫੈਡਰੇਸ਼ਨ ਬਣਾ ਲਈ ਗਈ ਸੀ ਅਤੇ ਵੱਡੀ ਗਿਣਤੀ ਖਿਡਾਰੀ ਸੰਦੀਪ ਦੀ ਫੈਡਰੇਸ਼ਨ ਵਿੱਚ ਆ ਗਏ ਸਨ। ਇਸ ਕਾਰਨ ਮੁਲਜ਼ਮਾਂ ਨੇ ਭਾੜੇ ਦੇ ਸ਼ੂਟਰਾਂ ਤੋਂ ਸੰਦੀਪ ਦੀ ਹੱਤਿਆ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੁਰਜਣ ਸਿੰਘ ਚੱਠਾ ਨੂੰ ਫੜਨ ਨਾਲ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਆਸ ਜਾਗੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੁਰਜਣ ਸਿੰਘ ਚੱਠਾ ਨੂੰ ਸਜ਼ਾ ਦਿਵਾਈ ਜਾਵੇ।