ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਸਰਪੰਚ ਹਰਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਸਰਪੰਚ ਹਰਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ

ਸਮਾਲਪੁਰ : 20ਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਸਰਪੰਚ ਹਰਜੀਤ ਸਿੰਘ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਪਿੰਡ ਰੋਡੇ ਗੁਰੂਪੁਰਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਭਾਰੀ ਇਕੱਠ ਵਿਚ ਗੁਰ ਮਰਿਆਦਾ ਅਨੁਸਾਰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸਸਕਾਰ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਉਪਰੰਤ ਵੈਰਾਗਮਈ ਕੀਰਤਨ ਕੀਤਾ।
ਸਰਪੰਚ ਹਰਜੀਤ ਸਿੰ ਦੀ ਦੇਹ ਨੂੰ ਅਗਨੀ ਭੇਟ ਕਰਨ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਅਤੇ ਚਾਚਾ ਹਰਜੀਤ ਸਿੰਘ ਦੇ ਸਪੁੱਤਰਾਂ ਭਾਈ ਅਵਤਾਰ ਸਿੰ, ਭਾਈ ਰਣਜੋਧ ਸਿੰਘ ਯੂ.ਐਸ.ਏ., ਭਾਈ ਮੋਹਨ ਸਿੰਘ, ਭਾਈ ਇਕਬਾਲ ਸਿੰਘ ਨੇ ਸੇਵਾ ਨਿਭਾਈ। ਸਸਕਾਰ ਉਪਰੰਤ ਗੁਰੂਪੁਰਾ ਰੋਡੇ ਦੇ ਗੁਰਦੁਆਰਾ ਸਾਹਿਬ ਵਿਖੇ ਅਲਾਹਣੀਆਂ ਦਾ ਪਾਠ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ। ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਸੰਗਤਾਂ ਨੂੰ ਚਾਚਾ ਹਰਜੀਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਹਰਜੀਤ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਕੱਠੇ ਪੜ੍ਹੇ ਸਨ। ਉਨ੍ਹਾਂ ਦੱਸਿਆ ਕਿ ਸੰਤ ਭਿੰਡਰਾਂਵਾਲਿਆਂ ਵਲੋਂ ਆਰੰਭੇ ਸਿੱਖ ਸੰਘਰਸ਼ ਦੌਰਾਨ ਚਾਚਾ ਹਰਜੀਤ ਸਿੰਘ ਨੇ ਵੀ ਅਨੇਕਾਂ ਵਾਰ ਜੇਲ੍ਹ ਕੱਟੀ। ਇਸ ਦੌਰਾਨ ਸਿੱਖ ਸੰਘਰਸ਼ ਦਾ ਨਾਮੀ ਯੋਧਿਆਂ ਦਾ ਚਾਚਾ ਹਰਜੀਤ ਸਿੰਘ ਨਾਲ ਬਹੁਤ ਮੇਲ ਮਿਲਾਪ ਸੀ ਅਤੇ ਇਹ ਸਾਰੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਇਨ੍ਹਾਂ ਨੂੰ ਚਾਚਾ ਹਰਜੀਤ ਸਿੰਘ ਕੀ ਕਹਿ ਕੇ ਬੁਲਾਉਂਦੇ ਸਨ। ਭਾਈ ਹਰਜੀਤ ਸਿੰਘ ਉਦਮੀ, ਨਿੱਤਨੇਮੀ, ਪਰਉਪਕਾਰੀ ਤੇ ਪੂਰਨ ਸਮਾਜਸੇਵੀ ਸਨ। ਸਿੰਘ ਸਾਹਿਬ ਨੇ ਸਸਕਾਰ ਸਮੇਂ ਪਹੁੰਚੀਆਂ ਵੱਖ ਵੱਖ ਸੰਪਰਦਾਵਾਂ, ਜਥੇਬੰਦੀਆਂ, ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸੰਗਤਾਂ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਸਰਪੰਚ ਹਰਜੀਤ ਸਿੰਘ ਨਮਿਤ ਭੋਗ ਅਤੇ ਅਰਦਾਸ ਸਮਾਗਮ 20 ਜੁਲਾਈ ਦਿਨ ਸ਼ਨਿਚਰਵਾਰ ਨੂੰ ਸੰਤ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਹੋਵੇਗਾ।