ਸੰਘਰਸ਼ ਤੋਂ ਉਪਜਦਾ ਵਿਵੇਕ

ਸੰਘਰਸ਼ ਤੋਂ ਉਪਜਦਾ ਵਿਵੇਕ

ਸਵਰਾਜਬੀਰ

ਜਦੋਂ ਵੀ ਔਰਤਾਂ ਦਾ ਕੋਈ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਪੰਜਾਬੀ ਲੋਕ-ਮਨ ਵਿਚ ਹੀਰ, ਸੋਹਣੀ, ਸਾਹਿਬਾਂ ਤੇ ਕਿੱਸਿਆਂ ਵਿਚ ਆਉਂਦੇ ਹੋਰ ਔਰਤ ਕਿਰਦਾਰ ਉੱਭਰਦੇ ਹਨ। ਸਾਹਿਤ ਜਿੱਥੇ ਸਮਾਜ ਦੀ ਅੱਕਾਸੀ ਹੁੰਦਾ ਹੈ, ਉੱਥੇ ਉਸ ਵਿਚ ਉਹ ਸੋਚ, ਤਾਂਘਾਂ ਤੇ ਉਮੀਦਾਂ ਵੀ ਪਈਆਂ ਹੁੰਦੀਆਂ ਨੇ ਕਿ ਸਮਾਜ ਤੇ ਉਸ ਵਿਚਲੇ ਬੰਦੇ-ਬੰਦੀਆਂ ਕਿਸ ਤਰ੍ਹਾਂ ਦੇ ਹੋਣ। ਪੰਜਾਬੀ ਸਾਹਿਤ ਵਿਚ ਹੀਰ ਤੇ ਹੋਰ ਨਾਇਕਾਵਾਂ ਦੀ ਸਿਰਜਣਾ ਵੀ ਇਸੇ ਤਰ੍ਹਾਂ ਹੀ ਹੋਈ ਹੈ।

ਪੰਜਾਬੀ ਵਿਚ ਹੀਰ-ਰਾਂਝੇ ਦਾ ਕਿੱਸਾ ਸਭ ਤੋਂ ਪਹਿਲਾਂ ਦਮੋਦਰ ਨੇ ਲਿਖਿਆ ਅਤੇ ਉਸ ਵਿਚ ਹੀਰ ਆਪਣੀ ਮਾਂ, ਪਿਉ, ਭਰਾਵਾਂ ਤੇ ਕਾਜ਼ੀ ਨਾਲ ਟੱਕਰ ਲੈਂਦੀ ਹੈ। ਉਸ ਦਾ ਵਿਰੋਧ ਸਿਰਫ਼ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਣਨ ਦੇ ਤਰਕ ’ਤੇ ਹੀ ਆਧਾਰਿਤ ਨਹੀਂ ਸਗੋਂ ਉਹ ਇਸ ਨੂੰ ਹੱਕ-ਸੱਚ ਦੀ ਰਾਹ ’ਤੇ ਤੁਰਨ ਦੀ ਰਾਹ ਦੱਸਦੀ ਹੈ; ਮਾਂ ਨੂੰ ਕਹਿੰਦੀ ਹੈ, ‘‘ਰਾਂਝੇ ਦੀ ਮੈਂ ਦਰਦ ਦਿਵਾਨੀ, ਹੰਝੂ ਚੋਲਾ ਭਿੰਨਾਂ/… ਸੋ ਦੁਨਿਆਵੀ ਰਾਹ ਕੀ ਜਾਣਨ, ਹੱਕ ਨ ਕੀਤਾ ਜਿਨ੍ਹਾਂ।’’ ਜਦੋਂ ਕਾਜ਼ੀ ਹੀਰ ਨੂੰ ਸੈਦੇ ਨਾਲ ਵਿਆਹ ਕਰਨ ਦੀ ਸਲਾਹ ਦਿੰਦਾ ਤੇ ਉਸ ਤੋਂ ਪੁੱਛਦਾ ਹੈ ਕਿ ਕੀ ਤੇਰਾ ਕੋਈ ਵਕੀਲ (ਤੇਰੇ ਹੱਕ ਵਿਚ ਬੋਲਣ ਵਾਲਾ) ਹੈ ਤਾਂ ਉਹ ਜਵਾਬ ਦਿੰਦੀ ਹੈ, ‘‘ਨੀਸੂ ਗੂੰਗੀ ਛੋਰੀ ਕਾਜ਼ੀ, ਜੇ ਕੋਈ ਵਕੀਲ ਕਰਾਈਂ।’’ ਭਾਵ ਮੈਂ ਗੂੰਗੀ ਜਾਂ ਬੋਲੀ ਨਹੀਂ ਕਿ ਮੈਨੂੰ ਆਪਣੇ ਹੱਕ ਦੀ ਆਵਾਜ਼ ਸੁਣਾਉਣ ਲਈ ਕੋਈ ਵਕੀਲ ਕਰਨਾ ਪਵੇ ਤੇ ਉਹ ਕਹਿੰਦੀ ਹੈ, ‘‘ਹਾਜ਼ਰ ਹੋ ਬੈਠੀ ਮੈਂ ਜ਼ਾਹਰ, ਘਿੱਨ ਜਵਾਬ ਦਿਵਾਈਂ।’’ ਭਾਵ ਮੈਂ ਬਿਨਾਂ ਪਰਦੇ ਤੋਂ ਤੇਰੇ ਸਾਹਮਣੇ ਤੇਰੇ ਸਵਾਲਾਂ ਦਾ ਜਵਾਬ ਦੇਣ ਲਈ ਹਾਜ਼ਰ ਹਾਂ, ਮੈਂ ਖ਼ੁਦ ਜਵਾਬ ਦੇਵਾਂਗੀ।

ਮੁਕਬਲ ਦੇ ਕਿੱਸੇ ਵਿਚ ਹੀਰ ਤੇ ਕਾਜ਼ੀ ਵਿਚਕਾਰ ਤਕਰਾਰ ਹੋਰ ਵਧਦਾ ਹੈ; ਉਹ ਕਹਿੰਦੀ ਹੈ, ‘‘ਹੀਰ ਆਖਦੀ ਰੋਇ ਕੇ ਕਾਜ਼ੀਏ ਨੂੰ, ਮੀਆਂ ਕੇਹੀਆਂ ਰਿਕਤਾਂ ਚਾਈਆਂ ਨੀਂ/ ਲੈ ਕੇ ਰਿਸ਼ਵਤਾਂ ਕਰੇਂ ਖੁਸ਼ਾਮਦਾਂ ਤੂੰ, ਗਲ ਆਪਣੇ ਫਾਹੀਆਂ ਪਾਈਆਂ ਨੀਂ।’’ ਹੀਰ ਕਾਜ਼ੀ ’ਤੇ ਰਿਸ਼ਵਤ ਲੈਣ ਦਾ ਦੋਸ਼ ਲਾਉਣ ਦੇ ਨਾਲ ਨਾਲ ਆਪਣੀ ਦਲੀਲ ਇਸ ਆਧਾਰ ’ਤੇ ਘੜਦੀ ਹੈ ਕਿ ਰੱਬ, ਧਰਮ ਤੇ ਪਵਿੱਤਰ ਕਿਤਾਬਾਂ ਤਾਂ ਉਸ (ਹੀਰ) ਦੇ ਵੱਲ ਹਨ ਅਤੇ ਜਿਹੜੀ ਸ਼ਰ੍ਹਾ ਤੇ ਦੀਨ ਦਾ ਆਸਰਾ ਕਾਜ਼ੀ ਲੈ ਰਿਹਾ ਹੈ, ਉਹ ਝੂਠ ਹਨ। ਉਹ ਕਹਿੰਦੀ ਹੈ, ‘‘ਹੀਰ ਆਖਦੀ ਤਾਬਿਆ ਸ਼ਰਾ ਦੀ ਹਾਂ, ਮੈਂ ਤਾਂ ਮੰਨਿਆ ਹੁਕਮ ਕੁਰਾਨ ਦਾ ਈ/ ਰਾਹ ਇਸ਼ਕ ਦਾ ਆਸ਼ਕਾਂ ਮੰਨ ਲੀਤਾ, ਕਾਜ਼ੀ ਫਾਸਕਾਂ ਰਾਹ ਸ਼ੈਤਾਨ ਦਾ ਈ।’’ ਧਾਰਮਿਕ ਪਰੰਪਰਾ ਦੇ ਆਧਾਰ ’ਤੇ ਦਲੀਲ ਨੂੰ ਸਿਰਜਦੀ ਹੋਈ ਉਹ ਕਾਜ਼ੀ ਦੀ ਰਾਹ ਨੂੰ ਸ਼ੈਤਾਨ (ਰੱਬ ਦਾ ਵਿਰੋਧੀ) ਦੀ ਰਾਹ ਦੱਸਦੀ ਹੈ। ਕਾਜ਼ੀ ਆਪਣੀ ਹਾਰ ਨੂੰ ਏਦਾਂ ਤਸਲੀਮ ਕਰਦਾ ਹੈ, ‘‘ਹੀਰ ਜਾਣਦੀ ਪੇਚ ਦਰ ਪੇਚ ਸਾਰੇ, ਇਸ ਨਾਲ ਨਾ ਬਹਿਸਿਆ ਜਾਂਵਦਾ ਈ।’’

ਵਾਰਿਸ ਸ਼ਾਹ ਦੇ ਕਿੱਸੇ ਵਿਚ ਹੀਰ ਦੀ ਕਾਜ਼ੀ ਨਾਲ ਟੱਕਰ ਸਿਖਰ ’ਤੇ ਪਹੁੰਚਦੀ ਹੈ; ਹੀਰ ਕਹਿੰਦੀ ਹੈ, ‘‘ਨਿੱਤ ਸ਼ਹਿਰ ਦੀ ਫ਼ਿਕਰ ਗ਼ਲਤਾਨ ਰਹਿਣਾ, ਏਹ ਸ਼ਾਮਤਾਂ ਰੱਬ ਦਿਆਂ ਮਾਰਿਆਂ ਨੂੰ/ ਖਾਣ ਵੱਢੀਆਂ ਨਿੱਤ ਈਮਾਨ ਵੇਚਣ, ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ।’’ ਇਹ ਕਾਜ਼ੀ ’ਤੇ ਵੱਡੀ ਚੋਟ ਹੈ ਕਿ ਉਹ ਸ਼ਹਿਰ (ਸਮਾਜ) ਦੇ ਫ਼ਿਕਰਾਂ ਨੂੰ ਕਿਵੇਂ ਆਪਣੇ ਤੇ ਧਰਮ ਦੇ ਫ਼ਿਕਰ ਬਣਾ ਕੇ ਪੇਸ਼ ਕਰਦਾ ਹੈ ਤੇ ਫਿਰ ਹੀਰ ਸਮਾਜਿਕ ਆਗੂਆਂ ਤੇ ਕਾਜ਼ੀਆਂ ਦੇ ਕਿਰਦਾਰ ਬਾਰੇ ਆਪਣਾ ਨਿਰਣਾ ਦਿੰਦੀ ਹੈ, ‘‘ਪੈਂਚਾਂ ਪਿੰਡ ਦਿਆਂ ਸੱਚ ਥੀਂ ਤਰਕ ਕੀਤਾ/ ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ।’’ ਏਥੇ ਵੀ ਹੀਰ ਕਾਜ਼ੀ ਨੂੰ ਸਿਰਫ਼ ਉਸ ਦੀ ਰਿਸ਼ਵਤਖੋਰੀ ਕਾਰਨ ਹੀ ਫਿਟਕਾਰ ਨਹੀਂ ਪਾਉਂਦੀ ਸਗੋਂ ਨੈਤਿਕ ਪੱਧਰ ’ਤੇ ਵੀ ਉਸ ਦਾ ਜਵਾਬ ਦਿੰਦੀ ਹੈ। ਕਾਜ਼ੀ ਦੀ ਸੈਦੇ ਨਾਲ ਵਿਆਹ ਕਰਨ ਦੀ ਸਲਾਹ ਨੂੰ ਉਹ ਈਮਾਨ (ਨੈਤਿਕਤਾ) ਵੇਚਣ ਬਰਾਬਰ ਮੰਨਦੀ ਹੈ, ‘‘ਜਿਸ ਜੀਵਣੇ ਕਾਜ ਈਮਾਨ ਵੇਚਾਂ, ਏਹਾ ਕੌਣ ਜੋ ਅਤ ਫਨਾਹ ਨਾਹੀਂ।’’ ਕਾਜ਼ੀ ਨੂੰ ਹੀਰ ਦੇ ਤਰਕ ਸਾਹਮਣੇ ਹਾਰ ਮੰਨਣੀ ਪੈਂਦੀ ਹੈ, ‘‘ਕਾਜ਼ੀ ਆਖਦਾ ਏਹ ਜੇ ਰੋੜ ਪੱਕਾ, ਹੀਰ ਝੱਗੜਿਆਂ ਨਾਲ ਨਾ ਹਾਰਦੀ ਹੈ।’’ ਇਸ ਟੱਕਰ ਵਿਚ ਹੀਰ ਦੀ ਦਾਨਿਸ਼ਮੰਦੀ ਕਾਜ਼ੀ ਦੇ ਗਿਆਨ ਤੋਂ ਕਿਤੇ ਵੱਡੀ ਤੇ ਵਿਰਾਟ ਹੈ।

ਇਨ੍ਹਾਂ ਕਿੱਸਿਆਂ ਵਿਚ ਸਾਡੇ ਕਿੱਸਾਕਾਰ ਸੰਘਰਸ਼ਸ਼ੀਲ ਹੀਰ ਦੇ ਨਾਲ ਨਾਲ ਦਾਨਿਸ਼ਵਰ ਹੀਰ ਦਾ ਨਿਰਮਾਣ ਕਰਦੇ ਹਨ। ਕਿੱਸਾਕਾਰ ਪੰਜਾਬੀ ਔਰਤ ਦੇ ਕਿਰਦਾਰ ਦਾ ਨਿਰਮਾਣ ਕਰਦਿਆਂ ਇਹ ਚਿਤਵਦੇ ਹਨ ਕਿ ਸਾਡੀਆਂ ਔਰਤਾਂ ਏਦਾਂ ਦੀਆਂ ਹੋਣੀਆਂ ਚਾਹੀਦੀਆਂ ਹਨ ਸੰਘਰਸ਼ਸ਼ੀਲ ਤੇ ਦਾਨਿਸ਼ਵਰ। ਉਹ ਆਪਣੀਆਂ ਨਾਇਕਾਵਾਂ ਨੂੰ ਦੱਬੂ ਤੇ ਮਰਦ ਸੋਚ ਤੇ ਸੱਤਾ ਦੇ ਸਾਹਮਣੇ ਹਥਿਆਰ ਸੁੱਟ ਦੇਣ ਵਾਲੀਆਂ ਔਰਤਾਂ ਵਜੋਂ ਨਹੀਂ ਚਿਤਵਦੇ। ਕਿੱਸਾਕਾਰਾਂ ਨੇ ਹੀਰ, ਸੋਹਣੀ ਤੇ ਸਾਹਿਬਾਂ ਦੇ ਕਿਰਦਾਰ ਇਉਂ ਹੀ ਚਿਤਰੇ ਹਨ। ਉੱਨੀਵੀਂ ਸਦੀ ਵਿਚ ਪੰਜਾਬ ਵਿਚ ਨੁਰੰਗ ਦੇਵੀ, ਪੀਰੋ ਤੇ ਹੋਰ ਸ਼ਾਇਰ-ਚਿੰਤਕ ਸਾਹਮਣੇ ਆਉਂਦੀਆਂ ਹਨ ਅਤੇ ਇਹ ਪਰੰਪਰਾ ਵੀਹਵੀਂ ਤੇ ਇੱਕੀਵੀਂ ਸਦੀ ਵਿਚ ਹੋਰ ਨਿਖਰਦੀ ਹੈ।

-2-

ਸੰਘਰਸ਼ਸ਼ੀਲ ਤੇ ਦਾਨਿਸ਼ਵਰ ਔਰਤਾਂ ਨੇ ਵੀਹਵੀਂ ਤੇ ਇੱਕੀਵੀਂ ਸਦੀ ਵਿਚ ਚਿੰਤਨ ਤੇ ਸੰਘਰਸ਼, ਦੋਹਾਂ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਆਜ਼ਾਦੀ ਦੇ ਸੰਘਰਸ਼ ਵਿਚ ਰਾਣੀ ਲਕਸ਼ਮੀ ਬਾਈ, ਬੇਗਮ ਹਜ਼ਰਤ ਮਹੱਲ, ਕਲਪਨਾ ਦੱਤ ਜੋਸ਼ੀ, ਗੁਲਾਬ ਕੌਰ, ਸਰੋਜਿਨੀ ਨਾਇਡੂ, ਸਵਿੱਤਰੀ ਬਾਈ ਫੂਲੇ, ਦੁਰਗਾ ਵੋਹਰਾ, ਅਰੁਣਾ ਆਸਿਫ ਅਲੀ, ਭੀਖਾ ਜੀ ਕਾਮਾ ਤੇ ਹੋਰਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਚਿੰਤਨ ਤੇ ਗਿਆਨ-ਵਿਗਿਆਨ ਦੇ ਖੇਤਰਾਂ ਵਿਚ ਵੀ ਔਰਤਾਂ ਮੂਹਰਲੀਆਂ ਸਫ਼ਾਂ ਵਿਚ ਰਹੀਆਂ।

ਦਾਨਿਸ਼ਵਰੀ (ਗਿਆਨ/ਵਿਵੇਕ) ਤੇ ਸੰਘਰਸ਼ ਦੇ ਸੁਮੇਲ ਦੀ ਜ਼ਰੂਰਤ ਅਕਾਦਮਿਕ ਖੇਤਰਾਂ ਦੇ ਨਾਲ ਨਾਲ ਹਕੀਕੀ ਜ਼ਿੰਦਗੀ ਵਿਚ ਲੋਕਾਈ ਦੇ ਹੱਕਾਂ ਦੀ ਗੱਲ ਕਰਨ ਲਈ ਵੀ ਲੋੜੀਂਦੀ ਹੈ। ਮਨੁੱਖੀ ਜ਼ਿੰਦਗੀ ਦਾ ਹਕੀਕੀ ਪਹਿਲੂ ਇਹ ਹੈ ਕਿ ਅਸਲੀ ਗਿਆਨ/ਚਿੰਤਨ ਮਨੁੱਖ ਦਾ ਆਪਣੇ ਹੱਕਾਂ ਬਾਰੇ ਚੇਤੰਨ ਹੋਣਾ ਅਤੇ ਹੱਕਾਂ ਨੂੰ ਖੋਹਣ ਵਾਲਿਆਂ ਵਿਰੁੱਧ ਵਿਵੇਕ ਤੇ ਸੰਘਰਸ਼ ਦੇ ਨਵੇਂ ਜ਼ਾਵੀਏ ਪੈਦਾ ਕਰਨਾ ਹੈ।

ਪਿਛਲੇ ਦਿਨਾਂ ਵਿਚ ਮਹਿਲਾ ਪਹਿਲਵਾਨਾਂ ਦੇ ਅੰਦੋਲਨ ਨੇ ਔਰਤਾਂ ਦੇ ਹੱਕਾਂ ਲਈ ਸੰਘਰਸ਼ ਦੀ ਤਾਰੀਖ਼ ਵਿਚ ਇਕ ਨਵਾਂ ਊਰਜਾਮਈ ਕਾਂਡ ਲਿਖਿਆ ਹੈ। ਉਨ੍ਹਾਂ ਨੇ ਸਰੀਰਕ ਸ਼ੋਸ਼ਣ ਦੇ ਵਿਰੁੱਧ ਆਪਣਾ ਅੰਦੋਲਨ ਜਨਵਰੀ 2023 ਵਿਚ ਸ਼ੁਰੂ ਕੀਤਾ। ਇਕ ਜਾਂਚ ਕਮੇਟੀ ਬਣਾਈ ਗਈ ਪਰ ਉਨ੍ਹਾਂ ਨੂੰ ਨਿਆਂ ਨਾ ਮਿਲਿਆ।

ਕੇਸ ਦਰਜ ਕਰਵਾਉਣ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਅਤੇ ਦਿੱਲੀ ਵਿਚ ਜੰਤਰ-ਮੰਤਰ ਵਿਖੇ ਧਰਨਾ ਲਾਉਣਾ ਪਿਆ। ਕਿਸਾਨਾਂ, ਔਰਤਾਂ ਤੇ ਲੇਖਕਾਂ ਦੀਆਂ ਜਥੇਬੰਦੀਆਂ, ਖਾਪ ਪੰਚਾਇਤਾਂ ਅਤੇ ਹੋਰ ਵਰਗਾਂ ਦੇ ਲੋਕ ਉਨ੍ਹਾਂ ਦੀ ਹਮਾਇਤ ਲਈ ਉੱਥੇ ਪਹੁੰਚੇ। 28 ਮਈ ਨੂੰ ਉਨ੍ਹਾਂ ਨੇ ਆਪਣੇ ਅੰਦੋਲਨ ਨੂੰ ਨਵੇਂ ਸਿਖਰ ’ਤੇ ਪਹੁੰਚਾਇਆ, ਨਵੇਂ ਸੰਸਦ ਭਵਨ ਤਕ ਪਹੁੰਚਣ ਦੀ ਕੋਸ਼ਿਸ਼ ਕਰਦਿਆਂ ਦਿੱਲੀ ਦੀ ਪੁਲੀਸ ਦੇ ਜਬਰ ਦਾ ਸਾਹਮਣਾ ਕੀਤਾ। 30 ਮਈ ਨੂੰ ਉਹ ਆਪਣੇ ਮੈਡਲ ਗੰਗਾ ਵਿਚ ਪ੍ਰਵਾਹ ਕਰਨ ਲਈ ਹਰਿਦੁਆਰ ਪਹੁੰਚੀਆਂ।

15 ਜੂਨ ਨੂੰ ਦਿੱਲੀ ਪੁਲੀਸ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਮਹਿਲਾ ਪਹਿਲਵਾਨਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਦੋਸ਼-ਪੱਤਰ ਦਾਖ਼ਲ ਕੀਤਾ ਪਰ ਨਾਲ ਹੀ ਨਾਬਾਲਗ਼ ਮਹਿਲਾ ਪਹਿਲਵਾਨ ਦੇ ਮਾਮਲੇ ਵਿਚ ਉਸ ਦੇ ਪਿਤਾ ਦੁਆਰਾ ਸ਼ਿਕਾਇਤ ਵਾਪਸ ਲਏ ਜਾਣ ਕਾਰਨ ਕੇਸ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ। ਕੇਸ ਵਿਚ ਇਹ ਕਮੀਆਂ ਦਿੱਲੀ ਪੁਲੀਸ ਦੀ ਪਹੁੰਚ ’ਤੇ ਗੰਭੀਰ ਸਵਾਲ ਉਠਾਉਂਦੀਆਂ ਹਨ; ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ ਨੇ ਇਸ ਪਹੁੰਚ ਨੂੰ ਪੀੜਤ ਕੁੜੀਆਂ ਨੂੰ ਦੁਬਾਰਾ ਪੀੜਤ ਕਰਨ ਵਾਲੀ ਦੱਸਿਆ ਹੈ। ਸਪੱਸ਼ਟ ਹੈ ਕਿ ਮਹਿਲਾ ਪਹਿਲਵਾਨਾਂ ਦੀ ਮੁੱਖ ਮੰਗ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਨਹੀਂ ਮੰਨੀ ਗਈ।

ਬ੍ਰਿਜ ਭੂਸ਼ਣ ਆਪਣੇ ਪ੍ਰਭਾਵ ਤੇ ਤਾਕਤ ਕਾਰਨ ਗ੍ਰਿਫ਼ਤਾਰੀ ਤੋਂ ਭਾਵੇਂ ਬਚ ਗਿਆ ਹੋਵੇ ਪਰ ਇਸ ਸੰਘਰਸ਼ ਨੇ ਹਰਿਆਣਾ, ਪੰਜਾਬ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਸਮਾਜਾਂ ਵਿਚ ਨਵਾਂ ਗਿਆਨ ਪੈਦਾ ਕੀਤਾ ਹੈ। ਇਸ ਨੇ ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ ਤੇ ਸਮਾਜ ਦੇ ਹੋਰ ਹਿੱਸਿਆਂ ਵਿਚ ਔਰਤਾਂ ਦੇ ਸਰੀਰਕ ਸ਼ੋਸ਼ਣ ਬਾਰੇ ਨਵੀਂ ਭਾਸ਼ਾ ਤੇ ਸਮਝ ਨੂੰ ਜਨਮ ਦਿੱਤਾ ਅਤੇ ਔਰਤਾਂ ਦੀ ਸਰੀਰਕ ਖ਼ੁਦਮੁਖ਼ਤਿਆਰੀ ਬਾਰੇ ਨਵੀਂ ਵਿਵੇਕ-ਲੋਅ ਰੌਸ਼ਨ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਮਹਿਲਾ ਪਹਿਲਵਾਨਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਸਰੀਰਕ ਸ਼ੋਸ਼ਣ ਵਿਰੁੱਧ ਆਵਾਜ਼ ਉਠਾਈ ਅਤੇ ਆਪਣੇ ਪੈਂਤੜੇ ਤੋਂ ਥਿੜਕੀਆਂ ਨਹੀਂ। ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿੰਨੀਆਂ ਧਮਕੀਆਂ ਮਿਲੀਆਂ ਅਤੇ ਉਹ ਕਿਹੋ ਜਿਹੇ ਮਾਨਸਿਕ ਸੰਘਰਸ਼ ’ਚੋਂ ਗੁਜ਼ਰੀਆਂ ਹੋਣਗੀਆਂ।

ਇਹ ਸਿਹਰਾ ਖਾਪ ਪੰਚਾਇਤਾਂ ਸਿਰ ਬੰਨ੍ਹਿਆ ਜਾਵੇਗਾ ਕਿ ਇਸ ਵਾਰ ਉਨ੍ਹਾਂ ਨੇ ਨਾ ਤਾਂ ਕੁੜੀਆਂ ਨੂੰ ਕਸੂਰਵਾਰ ਮੰਨਿਆ ਅਤੇ ਨਾ ਹੀ ਉਨ੍ਹਾਂ ਨੂੰ ਚੁੱਪ ਹੋਣ ਦੀ ਨਸੀਹਤ ਕੀਤੀ। ਖਾਪ ਪੰਚਾਇਤਾਂ ਵਿਚ ਇਹ ਬਹਿਸ ਹੋਈ ਕਿ ਕੁੜੀਆਂ ਨੂੰ ਸਰੀਰਕ ਸ਼ੋਸ਼ਣ ਸਾਹਮਣਾ ਕਰਨਾ ਪਿਆ ਹੈ; ਇਸ ਬਹਿਸ ਦੌਰਾਨ ਖਾਪ ਪੰਚਾਇਤਾਂ ਵਿਚ ਇਸ ਸਮਝ ਵੀ ਬਣੀ ਕਿ ਅਸੀਂ ਸ਼ਬਦ ਤਾਂ ‘ਸਰੀਰਕ ਸ਼ੋਸ਼ਣ’ ਵਰਤ ਰਹੇ ਹਾਂ ਪਰ ਅਸਲ ਵਿਚ ਇਹ ਕੁੜੀਆਂ ਅਤਿਅੰਤ ਭਿਆਨਕ ਯਾਤਨਾ ਵਿਚੋਂ ਗੁਜ਼ਰੀਆਂ ਹਨ।

ਔਰਤਾਂ ਦਾ ਸਰੀਰਕ ਸ਼ੋਸ਼ਣ ਖੇਡਾਂ ਦੇ ਖੇਤਰ ਤਕ ਮਹਿਦੂਦ ਨਹੀਂ, ਇਹ ਸ਼ੋਸ਼ਣ ਕੰਮ ਕਰਨ ਵਾਲੀਆਂ ਥਾਵਾਂ, ਘਰਾਂ, ਵਿੱਦਿਅਕ ਅਦਾਰਿਆਂ, ਦਫ਼ਤਰਾਂ, ਹਰ ਥਾਂ ’ਤੇ ਹੁੰਦਾ ਹੈ। ਸਾਡੇ ਸਮਾਜ ਅੱਜ ਵੀ ਮਰਦ-ਪ੍ਰਧਾਨ ਹਨ ਤੇ ਬਹੁਤੀ ਵਾਰ ਔਰਤਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਅੱਜ ਦੀਆਂ ਔਰਤਾਂ ਇਸ ਦਾਬੇ ਤੋਂ ਇਨਕਾਰੀ ਹੋ ਰਹੀਆਂ ਹਨ; ਇਹ ਇਨਕਾਰ ਕਰਨ ਲਈ ਉਨ੍ਹਾਂ ਨੂੰ ਵੱਡੀ ਹਿੰਮਤ ਤੇ ਦਲੇਰੀ ਦਿਖਾਉਣੀ ਪੈਣੀ ਹੈ ਜਿਸ ਤਰ੍ਹਾਂ ਦੀ ਮਹਿਲਾ ਖਿਡਾਰਨਾਂ ਨੇ ਦਿਖਾਈ ਹੈ। ਇਸ ਅੰਦੋਲਨ ਨਾਲ ਦੇਸ਼ ਦੀਆਂ ਔਰਤਾਂ ਦੀ ਨਵੀਂ ਪਛਾਣ ਸਾਹਮਣੇ ਆਈ ਹੈ; ਇਹ ਪਛਾਣ ਅਨਿਆਂ ਵਿਰੁੱਧ ਲੜਨ ਤੇ ਸੰਗਠਿਤ ਹੋਣ ਦੀ ਹੈ। ਇਸ ਪਛਾਣ ਦੇ ਪਸਾਰਾਂ ਨੂੰ ਹੋਰ ਵਿਆਪਕ ਕਰਨ ਲਈ ਔਰਤਾਂ ਨੂੰ ਲਗਾਤਾਰ ਸੰਘਰਸ਼ ਕਰਨਾ ਪੈਣਾ ਹੈ। ਇਸ ਅੰਦੋਲਨ ਨੇ ਸਾਰੇ ਸਮਾਜ, ਤੇ ਖ਼ਾਸ ਕਰਕੇ ਔਰਤਾਂ ਵਿਚ ਇਸ ਚੇਤਨਾ ਦਾ ਸੰਚਾਰ ਕੀਤਾ ਹੈ ਕਿ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾ ਕਦਮ ਆਪਣੇ ’ਤੇ ਹੁੰਦੇ ਅਨਿਆਂ ਵਿਰੁੱਧ ਬੋਲਣਾ ਹੈ; ਅਨਿਆਂ ਵਿਰੁੱਧ ਨਾ ਬੋਲਣਾ ਜਾਬਰਾਂ ਦੇ ਹੱਥਾਂ ਨੂੰ ਮਜ਼ਬੂਤ ਕਰਦਾ ਹੈ।

ਗਿਆਨ ਖਲਾਅ ਵਿਚ ਪੈਦਾ ਨਹੀਂ ਹੁੰਦਾ। ਗਿਆਨ ਸਮਾਜਿਕ ਸੰਘਰਸ਼ ’ਚੋਂ ਉਦੈ ਹੁੰਦਾ ਹੈ। ਸਮਾਜ ਵਿਚ ਹਾਵੀ ਜਾਤਾਂ ਤੇ ਜਮਾਤਾਂ ਆਪਣਾ ਗਿਆਨ ਪੈਦਾ ਕਰਦੀਆਂ ਅਤੇ ਉਸ ਨੂੰ ਸਮਾਜ ਦੀ ਗ਼ਾਲਬ ਤਾਕਤ ਬਣਾਉਣਾ ਲੋਚਦੀਆਂ ਹਨ; ਬਹੁਤ ਵਾਰ ਉਹ ਇਸ ਵਿਚ ਸਫ਼ਲ ਵੀ ਹੁੰਦੀਆਂ ਹਨ। ਦੂਸਰੇ ਪਾਸੇ ਆਪਣੇ ਹੱਕਾਂ ਲਈ ਲੜਦੀ ਲੋਕਾਈ ਆਪਣਾ ਗਿਆਨ ਪੈਦਾ ਕਰਦੀ ਹੈ; ਅਜਿਹਾ ਗਿਆਨ ਸਮਾਜਿਕ ਸੰਘਰਸ਼ਾਂ ਦੀ ਸਾਖੀ ਹੁੰਦਾ ਹੈ। ਵਿਵੇਕ ਤੇ ਚੇਤਨਾ ਨਿੱਜੀ ਸੰਘਰਸ਼ ਵਿਚੋਂ ਵੀ ਉਪਜਦੇ ਹਨ ਅਤੇ ਸਮੂਹਿਕ ਸੰਘਰਸ਼ਾਂ ਵਿਚੋਂ ਵੀ; ਇਹ ਵਿਵੇਕ ਆਪਾ-ਵਿਰੋਧੀ ਨਹੀਂ ਹੁੰਦੇ। ਨਿੱਜੀ ਸੰਘਰਸ਼ ’ਚੋਂ ਪੈਦਾ ਹੋਇਆ ਵਿਵੇਕ ਸਮੂਹਿਕ ਸੰਘਰਸ਼ਾਂ ਲਈ ਚੇਤਨਾ ਦੀ ਬੁਨਿਆਦ ਬਣਦਾ ਹੈ। ਸਮੂਹਿਕ ਸੰਘਰਸ਼ ਵਿਚ ਮਨੁੱਖੀ ਮਨ ਦੇ ਕਈ ਹੋਰ ਪੱਖ ਸਾਹਮਣੇ ਆਉਂਦੇ ਹਨ; ਅਜਿਹੇ ਸੰਘਰਸ਼ ਵਿਚ ਜਾਤੀ ਤੁਅੱਸਬ, ਵਿਤਕਰੇ ਤੇ ਨਿੱਜਵਾਦੀ ਭਾਵਨਾਵਾਂ ਟੁੱਟਦੀਆਂ ਹਨ; ਔਰਤਾਂ ਤੇ ਮਰਦਾਂ ਵਿਚ ਇਕ-ਦੂਜੇ ਦੇ ਸਾਥੀ ਹੋਣ ਦਾ ਵਿਵੇਕ ਉੱਭਰਦਾ ਹੈ।

ਪਿਛਲੇ ਕੁਝ ਸਮਿਆਂ ਤੋਂ ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਲੋਕਾਂ ਦੇ ਹੱਕਾਂ ਦੇ ਸੰਘਰਸ਼ਾਂ ਦੇ ਕੇਂਦਰ ਵਜੋਂ ਉੱਭਰੇ ਹਨ। ਸ਼ਾਹੀਨ ਬਾਗ ਦੀਆਂ ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੰਘਰਸ਼ ਵਿਚ ਨਿੱਤਰ ਕੇ ਭਾਰਤੀ ਸਮਾਜ ਵਿਚ ਨਵੀਂ ਚੇਤਨਾ ਪੈਦਾ ਕੀਤੀ। 2020-21 ਦੇ ਕਿਸਾਨ ਸੰਘਰਸ਼ ਨੇ ਕਿਸਾਨਾਂ ਦੀ ਜਥੇਬੰਦ ਤਾਕਤ ਅਤੇ ਸਮਾਜ ਦੇ ਹੋਰ ਵਰਗਾਂ ਦੁਆਰਾ ਇਸ ਦੀ ਬੇਮਿਸਾਲ ਹਮਾਇਤ ਦੇ ਆਧਾਰ ’ਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ। ਕਿਸਾਨ ਸੰਘਰਸ਼ ਨੇ ਇਸ ਖੇਤਰ ਦੇ ਮਰਦਾਂ ਤੇ ਔਰਤਾਂ ਵਿਚ ਨਵੀਂ ਚੇਤਨਾ ਤੇ ਊਰਜਾ ਦਾ ਸੰਚਾਰ ਕੀਤਾ। ਮਹਿਲਾ ਪਹਿਲਵਾਨਾਂ ਦਾ ਸੰਘਰਸ਼ ਅਜਿਹੀਆਂ ਬੁਨਿਆਦਾਂ ’ਤੇ ਹੀ ਉੱਸਰਿਆ ਹੈ।