ਸੰਘਣੀ ਧੁੰਦ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ

ਸੰਘਣੀ ਧੁੰਦ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ

ਉੱਤਰੀ ਰਾਜਾਂ ’ਚ ਠੰਢ ਵਧੀ; ਦੂਰ ਤੱਕ ਦੇਖਣ ਦੀ ਸਮਰੱਥਾ ਘਟਣ ਕਾਰਨ ਆਵਾਜਾਈ ਪ੍ਰਭਾਵਿਤ
ਚੰਡੀਗੜ੍ਹ/ਨਵੀਂ ਦਿੱਲੀ-ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਅੱਜ ਵੀ ਸੰਘਣੀ ਧੁੰਦ ਛਾਈ ਰਹਿਣ ਕਾਰਨ ਆਮ ਜੀਵਨ ਲੀਹੋਂ ਲੱਥਿਆ ਰਿਹਾ ਤੇ ਧੁੰਦ ਕਾਰਨ ਕਈ ਥਾਵਾਂ ’ਤੇ ਜ਼ਿਆਦਾ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਰਹੀ।

ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿੰਧੂ-ਗੰਗਾ ਦੇ ਮੈਦਾਨੀ ਇਲਾਕਿਆਂ ਮਤਲਬ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਅਗਲੇ ਪੰਜ ਦਿਨ ‘ਸੰਘਣੀ ਤੋਂ ਬਹੁਤ ਸੰਘਣੀ ਧੁੰਦ’ ਪੈ ਸਕਦੀ ਹੈ ਜਿਸ ਕਾਰਨ ਰੇਲ ਗੱਡੀਆਂ ਤੇ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਪਗ੍ਰਹਿ ਤੋਂ ਹਾਸਲ ਹੋਈਆਂ ਤਸਵੀਰਾਂ ’ਚ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਧੁੰਦ ਦੀ ਮੋਟੀ ਪਰਤ ਦਿਖਾਈ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਹਲਵਾਰਾ, ਆਦਮਪੁਰ, ਬਠਿੰਡਾ, ਮੁਹਾਲੀ ਤੇ ਰੂਪਨਗਰ ਅਤੇ ਹਰਿਆਣਾ ਦੇ ਕਰਨਾਲ, ਅੰਬਾਲਾ, ਹਿਸਾਰ, ਰੋਹਤਕ, ਭਿਵਾਨੀ ਤੇ ਪੰਚਕੂਲਾ ਸਮੇਤ ਦੋਹਾਂ ਰਾਜਾਂ ਦੇ ਕਈ ਹਿੱਸਿਆਂ ’ਚ ਧੁੰਦ ਕਾਰਨ ਦੇਖ ਸਕਣ ਦੀ ਸਮਰੱਥਾ ਬਹੁਤ ਘੱਟ ਰਹੀ। ਧੁੰਦ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਵੀ ਘੱਟ ਰਹੀ ਤੇ ਬਹੁਤੇ ਵਾਹਨਾਂ ਬੱਤੀਆਂ ਜਗਾ ਕੇ ਜਾਂਦੇ ਦਿਖਾਈ ਦਿੱਤੇ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਘੱਟੋ ਘੱਟ 3.2 ਡਿਗਰੀ ਤਾਪਮਾਨ ਨਾਲ ਬਠਿੰਡਾ ਤੇ ਹਰਿਆਣਾ ’ਚ 4.5 ਡਿਗਰੀ ਤਾਪਮਾਨ ਨਾਲ ਨਾਰਨੌਲ ਸਭ ਤੋਂ ਠੰਢਾ ਸਥਾਨ ਰਿਹਾ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ’ਚ ਘੱਟ ਤੋਂ ਘੱਟ ਤਾਪਮਾਨ 6.8, ਲੁਧਿਆਣਾ ’ਚ 8.1, ਫਿਰੋਜ਼ਪੁਰ ’ਚ 6.3, ਪਠਾਨਕੋਟ ’ਚ 5.8 ਤੇ ਗੁਰਦਾਸਪੁਰ ’ਚ ਘੱਟੋ ਘੱਟ ਤਾਪਮਾਨ 4.8 ਡਿਗਰੀ ਰਿਹਾ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ’ਚ ਘੱਟ ਤੋਂ ਘੱਟ ਤਾਪਮਾਨ 6, ਭਿਵਾਨੀ ’ਚ 6.6 ਅਤੇ ਸਿਰਸਾ ’ਚ 6.4 ਡਿਗਰੀ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 7.6 ਡਿਗਰੀ ਜਦਕਿ ਕੌਮੀ ਰਾਜਧਾਨੀ ਨਵੀਂ ਦਿੱਲੀ ਦਾ ਘੱਟੋ ਘੱਟ ਤਾਪਮਾਨ 6.3 ਡਿਗਰੀ ਰਿਹਾ। ਦਿੱਲੀ ’ਚ ਅੱਜ ਦੂਰ ਤੱਕ ਦੇਖ ਸਕਣ ਦੀ ਸਮਰੱਥਾ 50 ਡਿਗਰੀ ਤੱਕ ਰਹੀ।