ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਮੁੜ ਜ਼ੋਰ ਫੜਿਆ

ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਮੁੜ ਜ਼ੋਰ ਫੜਿਆ

ਵਾਹਨ ਚਾਲਕ ਲਾਈਟਾਂ ਜਗਾ ਕੇ ਸਫ਼ਰ ਕਰਨ ਲਈ ਮਜਬੂਰ; ਵਾਹਨਾਂ ਦੀ ਰਫ਼ਤਾਰ ਮੱਠੀ ਪਾਈ
ਅੰਮ੍ਰਿਤਸਰ- ਨਵੇਂ ਸਾਲ ਦੀ ਆਮਦ ਤੋਂ ਬਾਅਦ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਮੁੜ ਤੇਜ਼ ਹੋ ਗਿਆ ਹੈ। ਇਲਾਕੇ ਵਿੱਚ ਬੀਤੀ ਦੇਰ ਰਾਤ ਨੂੰ ਹੀ ਸੰਘਣੀ ਧੁੰਦ ਪੈ ਗਈ ਸੀ ਜੋ ਅੱਜ ਦੁਪਹਿਰ ਵੇਲੇ ਤਕ ਜਾਰੀ ਰਹੀ। ਅੱਜ ਭਾਵੇਂ ਕੁਝ ਸਮੇਂ ਲਈ ਸੂਰਜ ਨਿੱਕਲਿਆ ਪਰ ਸੂਰਜ ਅਸਤ ਹੁੰਦਿਆਂ ਹੀ ਮੁੜ ਸ਼ਾਮ ਨੂੰ ਸੰਘਣੀ ਧੁੰਦ ਪੈ ਗਈ ਹੈ। ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਕਹਿਰ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਧੁੰਦ ਕਾਰਨ ਆਵਾਜਾਈ ਦੀ ਰਫ਼ਤਾਰ ਸੁਸਤ ਹੋ ਗਈ ਹੈ। ਇਸ ਤੋਂ ਇਲਾਵਾ ਸੰਘਣੀ ਧੁੰਦ ਨੂੰ ਸਿਹਤ ਮਾਹਿਰਾਂ ਵੱਲੋਂ ਮਨੁੱਖਾਂ ਦੀ ਸਿਹਤ ਲਈ ਨੁਕਸਾਨਦੇਹ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ ਇਸ ਮੌਸਮ ਦੇ ਬਾਵਜੂਦ ਅੱਜ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਆਮਦ ਆਮ ਨਾਲੋਂ ਵੱਧ ਰਹੀ ਹੈ। ਅੱਜ ਬੌਲੀਵੁੱਡ ਤੇ ਹਾਸਰਸ ਕਲਾਕਾਰ ਕਪਿਲ ਸ਼ਰਮਾ ਨੇ ਆਪਣੇ ਪਰਿਵਾਰ ਸਣੇ ਗੁਰੂਘਰ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਸ ਤੋਂ ਇਲਾਵਾ ਅੱਜ ਪੰਜਾਬੀ ਗਾਇਕ ਜਸਬੀਰ ਜੱਸੀ ਤੇ ਹੋਰ ਨਵੇਂ ਸਾਲ ਮੌਕੇ ਗੁਰੂ ਘਰ ਮੱਥਾ ਟੇਕਣ ਲਈ ਪੁੱਜੇ ਹਨ।