ਸੰਗਰੂਰ ਵਿੱਚ ‘ਗਿਆਨ ਕਿਰਨਾਂ ਦੀ ਛੋਹ’ ਮੁਹਿੰਮ ਵਿੱਢੀ

ਸੰਗਰੂਰ ਵਿੱਚ ‘ਗਿਆਨ ਕਿਰਨਾਂ ਦੀ ਛੋਹ’ ਮੁਹਿੰਮ ਵਿੱਢੀ

ਸੰਗਰੂਰ – ਝੁੱਗੀਆਂ-ਝੋਪੜੀਆਂ ’ਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਤੱਕ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਗਿਆਨ ਕਿਰਨਾਂ ਦੀ ਛੋਹ’ ਪ੍ਰੋਗਰਾਮ ਵਿੱਢਿਆ ਗਿਆ ਹੈ, ਜਿਸ ਤਹਿਤ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਤੀਹ ਬੱਚਿਆਂ ਦੇ ਪਹਿਲੇ ਬੈਚ ਨੂੰ ਅੱਜ ਇੱਕ ਵਿੱਦਿਅਕ ਟੂਰ ਲਈ ਰਵਾਨਾ ਕੀਤਾ। ਇਸ ਮੁਹਿੰਮ ਲਈ ਖਾਸ ਤਰੀਕੇ ਨਾਲ ਤਿਆਰ ਕੀਤੀ ਗਈ ਬੱਸ ਨੂੰ ‘ਸਕੂਲ ਆਨ ਵ੍ਹੀਲਜ਼’ ਦਾ ਨਾਂ ਦਿੱਤਾ ਗਿਆ ਹੈ।

ਇਸ ਮੌਕੇ ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਉੱਦਮ ਕੀਤਾ ਗਿਆ ਹੈ, ਜਿਸ ਵਿੱਚ ਪੂਰੇ ਜ਼ਿਲ੍ਹੇ ’ਚੋਂ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਮੁੱਢਲੀ ਸਕੂਲੀ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬੱਸ ਵਿੱਚ ਇੱਕ ਵੇਲੇ 30 ਬੱਚਿਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੰਗਾਂ ਵਾਲੀਆਂ ਕਿਤਾਬਾਂ, ਖਿਡੌਣੇ ਅਤੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਨਾਲ ਭਰੇ ਚਾਰਟ ਵੀ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ’ਚ ਪੜਨ ਦੀ ਆਦਤ ਵਿਕਸਤ ਕਰਨ ਦੇ ਉਦੇਸ਼ ਹਿਤ ਇਸ ਬੱਸ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਵੀ ਬਣਾਈ ਗਈ ਹੈ।

ਸੁਰੱਖਿਆ ਦੇ ਲਿਹਾਜ਼ ਨਾਲ ਬੱਸ ’ਚ ਸੀਸੀਟੀਵੀ ਕੈਮਰਾ, ਅੱਗ ਬੁਝਾਊ ਯੰਤਰ ਅਤੇ ਮੁੱਢਲੀ ਸਹਾਇਤਾ ਵਾਲੀ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਝੁੱਗੀਆਂ-ਝੋਪੜੀਆਂ ’ਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਜ਼ਰੀਏ ਸਨਮਾਨਜਨਕ ਕੰਮਾਂ ਵੱਲ ਲੈ ਕੇ ਆਉਣਾ ਹੈ। ਇਸ ਬੱਸ ਵਿੱਚ ਦੋ ਸਕੂਲ ਅਧਿਆਪਕ ਤੇ ਦੋ ਆਂਗਨਵਾੜੀ ਵਰਕਰਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਨੂੰ ਘਰਾਂ ਦੇ ਨੇੜੇ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਇਸ ਮੁਹਿੰਮ ਰਾਹੀਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਦੇ ਨਾਲ-ਨਾਲ ਆਪਣੇ ਹੁਨਰ ਨਾਲ ਸਮਾਜ ਦੀ ਸੇਵਾ ਕਰਨ ਲਈ ਵੀ ਪ੍ਰੇਰਿਆ ਜਾਵੇਗਾ। ਇਸ ਮੌਕੇ ਏਡੀਸੀ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੀ ਹਾਜ਼ਰ ਸਨ।