ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਥਾਵਾਂ ’ਤੇ ਬਣਾਏ ਰਾਹਤ ਕੇਂਦਰ

ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਥਾਵਾਂ ’ਤੇ ਬਣਾਏ ਰਾਹਤ ਕੇਂਦਰ

ਡੀਸੀ ਨੇ ਅਧਿਕਾਰੀਆਂ ਸਣੇ ਲਿਆ ਜਾਇਜ਼ਾ; ਮੂਨਕ ਸ਼ਹਿਰ ’ਚ ਕਿਸੇ ਵੀ ਸਮੇਂ ਦਾਖਲ ਹੋ ਸਕਦਾ ਘੱਗਰ ਦਾ ਪਾਣੀ
ਸੰਗਰੂਰ- ਖਨੌਰੀ ਤੇ ਮੂਨਕ ਇਲਾਕਿਆਂ ਵਿੱਚ ਘੱਗਰ ਦਰਿਆ ’ਚ ਵੱਡੀ ਪੱਧਰ ’ਤੇ ਪਾਣੀ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਘੱਗਰ ਦਾ ਪਾਣੀ ਲਗਾਤਾਰ ਮੂਨਕ ਸ਼ਹਿਰ ਦੇ ਨੇੜੇ ਪਹੁੰਚ ਚੁੱਕਾ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਇਲਾਕਾ ਵਾਸੀਆਂ ਨੂੰ ਪਾਣੀ ਤੋਂ ਬਚਾਉਣ ਅਤੇ ਹਰੇਕ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਤਿੰਨ ਥਾਵਾਂ ’ਤੇ ਹੜ੍ਹ ਰਾਹਤ ਕੇਂਦਰ ਬਣਾਏ ਗਏ ਹਨ। ਅੱਜ ਸ਼ਾਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐੱਸਐੱਸਪੀ ਸੁਰੇਂਦਰ ਲਾਂਬਾ, ਫ਼ੌਜ ਅਤੇ ਐੱਨਡੀਆਰਐੱਫ ਦੇ ਅਧਿਕਾਰੀਆਂ ਸਮੇਤ ਹਮੀਰਗੜ੍ਹ ਵਿਚ ਸਥਾਪਤ ਰਾਹਤ ਕੇਂਦਰ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਾਣੀ ਕਾਰਨ ਫਸਣ ਵਾਲੇ ਲੋਕਾਂ ਨੂੰ ਪੁਲੀਸ, ਫੌਜ ਤੇ ਐੱਨਡੀਆਰਐੱਫ ਦੀ ਮਦਦ ਨਾਲ ਇਨ੍ਹਾਂ ਸੁਰੱਖਿਅਤ ਥਾਵਾਂ ’ਤੇ ਲਿਆਂਦਾ ਜਾਵੇਗਾ ਤੇ ਇਸ ਕੰਮ ਲਈ ਲੋੜੀਂਦੀ ਮੁੱਢਲੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਦਫ਼ਤਰ ਖਨੌਰੀ, ਲੌਰਡ ਸ਼ਿਵਾ ਸਕੂਲ ਹਮੀਰਗੜ੍ਹ ਤੇ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ਵਿੱਚ ਰਾਹਤ ਕੇਂਦਰ ਬਣਾਏ ਗਏ ਹਨ। ਰਾਹਤ ਕੇਂਦਰਾਂ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਆਰਜ਼ੀ ਰਿਹਾਇਸ਼, ਸੁੱਕਾ ਰਾਸ਼ਨ, ਪੀਣਯੋਗ ਪਾਣੀ ਤੇ ਦਵਾਈਆਂ ਸਮੇਤ ਮੈਡੀਕਲ ਸਹਾਇਤਾ ਦੀ ਉਪਲਬਧਤਾ 24 ਘੰਟੇ ਯਕੀਨੀ ਬਣਾਈ ਗਈ ਹੈ। ਲੌਰਡ ਸ਼ਿਵਾ ਸਕੂਲ ਹਮੀਰਗੜ੍ਹ ਵਿੱਚ ਬਣਾਏ ਰਾਹਤ ਕੇਂਦਰ ’ਚ ਘੱਗਰ ਦੇ ਉੱਪਰ ਵਾਲੇ ਪਾਸੇ ਦੇ ਹੋਤੀਪੁਰ ਤੇ ਨਵਾਂਗਾਓਂ ਪਿੰਡਾਂ ਦੇ ਵਸਨੀਕਾਂ ਤੇ ਥੱਲ੍ਹੇ ਵਾਲੇ ਪਾਸੇ ਦੇ ਮੂਨਕ ਸ਼ਹਿਰ, ਸਰਜਨ ਭੈਣੀ, ਭੂੰਦੜ ਭੈਣੀ ਤੇ ਸਲੇਮਗੜ੍ਹ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ। ਨਗਰ ਪੰਚਾਇਤ ਦਫ਼ਤਰ ਖਨੌਰੀ ਵਿਖੇ ਬਣਾਏ ਕੇਂਦਰ ਵਿੱਚ ਮੂਨਕ ਸ਼ਹਿਰ ਤੇ ਬਨਾਰਸੀ ਪਿੰਡ ਦੇ ਲੋਕਾਂ ਨੂੰ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ਵਿੱਚ ਬਣਾਏ ਕੇਂਦਰ ਵਿੱਚ ਹਾਂਡਾ, ਕੁੱਦਨੀ, ਘਮੂਰ ਘਾਟ, ਗਨੋਟਾ, ਫੂਲਦ ਤੇ ਮਕੌਰੜ ਸਾਹਬਿ ਪਿੰਡਾਂ ਦੇ ਲੋਕਾਂ ਲਈ ਲੋੜੀਂਦੀਆਂ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਿਅਕਤੀ ਨੂੰ ਕਿਸੇ ਰਾਹਤ ਜਾਂ ਹੋਰ ਲੋੜ ਹੋਵੇ ਤਾਂ ਉਹ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-234196 ’ਤੇ ਸੰਪਰਕ ਕਰ ਸਕਦਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਕੋਈ ਵੀ ਲੋੜ ਹੋਵੇ ਤਾਂ ਉਹ ਪੁਲੀਸ ਵਿਭਾਗ ਦੇ ਕੰਟਰੋਲ ਰੂਮ ਨੰਬਰ 01672-230800 ਜਾਂ 80545-45100 ’ਤੇ ਵੀ ਸੰਪਰਕ ਕਰ ਸਕਦਾ ਹੈ।