ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਬੰਦੀ ਛੋੜ ਦਿਵਸ’ ਸਰਧਾ ਸਹਿਤ ਮਨਾਇਆ

ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਬੰਦੀ ਛੋੜ ਦਿਵਸ’ ਸਰਧਾ ਸਹਿਤ ਮਨਾਇਆ

ਪਤਿਤਪੁਣਾ, ਨਸੇ, ਘਟ ਰਹੀ ਸਿੱਖ ਆਬਾਦੀ ਤੇ ਨੌਜਵਾਨਾਂ ’ਚ ਪਰਵਾਸ ਦਾ ਰੁਝਾਨ ਭਵਿੱਖ ਲਈ ਸੰਕਟ ਦਾ ਸੰਕੇਤ-ਜਥੇਦਾਰ ਅਲੌਕਿਕ ਦੀਪਮਾਲਾ ਤੇ ਆਤਿਸਬਾਜੀ ਦਾ ਅਦਭੁੱਤ ਨਜਾਰਾ

ਅੰਮਿ੍ਰਤਸਰ : ਬੰਦੀ ਛੋੜ ਦਿਵਸ ਦੇਸ ਵਿਦੇਸ ਤੋਂ ਪੁੱਜੀਆਂ ਸੰਗਤਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਥਾਹ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਲੱਖਾਂ ਸਰਧਾਲੂਆਂ ਵਲੋਂ ਪਾਵਨ ਸਰੋਵਰ ਵਿਚ ਇਸਨਾਨ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਦਰਸਨੀ ਡਿਓੜੀ ਤੋਂ ਕੌਮ ਦੇ ਨਾਂਅ ਸੰਦੇਸ ਜਾਰੀ ਕੀਤਾ ਗਿਆ। ਇਸ ਉਪ੍ਰੰਤ ਸੰਗਤਾਂ ਨੇ ਆਤਿਸਬਾਜੀ ਦੇ ਅਦਭੁੱਤ ਨਜਾਰਿਆਂ ਦਾ ਅਨੰਦ ਮਾਣਿਆ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸਰੀ ਜਥਿਆਂ, ਪ੍ਰਚਾਰਕਾਂ ਅਤੇ ਕਵੀ ਜਨਾਂ ਨੇ ਗੁਰਬਾਣੀ ਕੀਰਤਨ, ਸਿੱਖ ਇਤਿਹਾਸ ਅਤੇ ਧਾਰਮਿਕ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਕੌਮ ਦੇ ਨਾਂਅ ਸੰਦੇਸ
ਇਸੇ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ ਜਾਰੀ ਕਰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ’ਚ ਵਧ ਰਿਹਾ ਪਤਿਤਪੁਣਾ, ਨਸੇ, ਭਾਰਤ ਅੰਦਰ ਘੱਟ ਰਹੀ ਸਿੱਖ ਅਬਾਦੀ ਅਤੇ ਸਿੱਖ ਨੌਜਵਾਨਾਂ ’ਚ ਪ੍ਰਵਾਸ ਦਾ ਰੁਝਾਨ ਭਵਿੱਖ ਲਈ ਸੰਕਟ ਦਾ ਸੰਕੇਤ ਹੈ, ਜਿਸ ਤੋਂ ਸੰਭਲਣ ਲਈ ਕੌਮ ਨੂੰ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਅਖੌਤੀ ਨਕਲੀ ਪਾਸਟਰਾਂ ਵਲੋਂ ਇਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾ ਕੇ ਭੋਲੇ ਭਾਲੇ ਸਿੱਖਾਂ ਦਾ ਸਰੀਰਿਕ, ਆਰਥਿਕ ਅਤੇ ਮਾਨਸਿਕ ਸੋਸਣ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਸਲੇ ’ਤੇ ਸਰਕਾਰਾਂ ਦੀ ਖਾਮੋਸੀ ਚਿੰਤਾ ਦਾ ਵਿਸਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਖਾਸ ਤੌਰ ’ਤੇ ਪਰਵਾਸੀ ਸਿੱਖ ਭਾਰਤ ਸਰਕਾਰ ਦੇ ਬੰਦ ਕੰਨਾਂ ਨੂੰ ਖੋਲਣ ਲਈ ਰੋਸ ਪ੍ਰਦਰਸਨਾਂ ਤੋਂ ਇਲਾਵਾ ਆਪਣੀਆਂ ਸਰਕਾਰਾਂ ਰਾਹੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਦੇ ਪੱਖ ਤੋਂ ਕੇਵਲ ਰਾਜਸੀ ਏਕਤਾ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਪੰਥ ਦੀਆਂ ਸਭ ਧਿਰਾਂ ਨੂੰ ਘੱਟੋ ਘੱਟ ਇਕ ਪ੍ਰੋਗਰਾਮ ਮਿਥ ਕੇ ਸਿੱਖ ਕੌਮ ਨੂੰ ਅੱਗੇ ਲਿਜਾਣ ਲਈ ਉਸਾਰੂ ਕਾਰਜ ਅਰੰਭਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੋਸਲ ਮੀਡੀਆ ਰਾਹੀਂ ਇਕ ਦੂਜੇ ’ਤੇ ਦੂਸਣਬਾਜ਼ੀ ਨਾ ਕੀਤੀ ਜਾਵੇ, ਤਾਂ ਹੀ ਭਲੇ ਦਾ ਕੰੰਮ ਸੰਭਵ ਹੋ ਸਕਦਾ ਹੈ। ਨਸ਼ਿਆਂ ਦੇ ਮਾਰੂ ਹਮਲਿਆਂ ਨੂੰ ਰੋਕਣ ਵਿਚ ਸਰਕਾਰਾਂ ਦੀ ਅਸਫਲਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਦੀ ਲੋੜ ਹੈ। ਦੂਜੇ ਪਾਸੇ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਵੀ ਘੰਟਾ ਘਰ ਪਲਾਜਾ ਵਿਖੇ ਕੌਮ ਦੇ ਨਾਂਅ ਵੱਖਰਾ ਸੰਦੇਸ ਜਾਰੀ ਕੀਤਾ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਿੱਖ ਪ੍ਰੰਪਰਾਵਾਂ ਅਤੇ ਰਵਾਇਤਾਂ ਦੀ ਰੋਸਨੀ ਵਿਚ ਪੰਥ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ 96 ਕਰੋੜੀ ਸਮੇਤ ਹੋਰ ਪ੍ਰਮੁੱਖ ਸਖਸੀਅਤਾਂ ਹਾਜਰ ਸਨ।
ਨਿਹੰਗ ਮੁਖੀਆਂ ਦਾ ਸਨਮਾਨ
ਇਸ ਉਪ੍ਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਜੇ ਗੁਰਮਤਿ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮੁਖੀਆਂ ਅਤੇ ਹੋਰ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿਰੋਪਾਉ ਤੇ ਦੁਸਾਲੇ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਨ੍ਹਾਂ ਨਿਹੰਗ ਸਿੰਘ ਮੁਖੀਆਂ ਵਿਚ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਸੁਰ ਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਵਲੋਂ ਬਾਬਾ ਨੋਰੰਗ ਸਿੰਘ, ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਮੁੱਖ ਬੁਲਾਰੇ ਗਿਆਨੀ ਸੁਖਦੇਵ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਨੌਰੰਗ ਸਿੰਘ, ਲੱਖਾ ਸਿੰਘ, ਬਾਬਾ ਜੱਸਾ ਸਿੰਘ, ਭਾਈ ਅਮਰਜੀਤ ਸਿੰਘ ਮਸਕੀਨ, ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਮਲਕੀਤ ਸਿੰਘ, ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਤੋਂ ਇਲਾਵਾ ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ, ਅਜਾਇਬ ਸਿੰਘ ਅਭਿਆਸੀ, ਜਗਸੀਰ ਸਿੰਘ ਮਾਂਗੇਆਣਾ, ਅਮਰਜੀਤ ਸਿੰਘ ਭਲਾਈਪੁਰ, ਗੁਰਨਾਮ ਸਿੰਘ ਜੱਸਲ, ਸਕੱਤਰ ਪ੍ਰਤਾਪ ਸਿੰਘ, ਸਾਬਕਾ ਸਕੱਤਰ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ. ਸੁਲੱਖਣ ਸਿੰਘ ਭੰਗਾਲੀ, ਮਲਕੀਤ ਸਿੰਘ ਬਹਿੜਵਾਲ, ਸਾਹਬਾਜ ਸਿੰਘ ਤੇ ਦਿਲਜੀਤ ਸਿੰਘ ਬੇਦੀ ਆਦਿ ਵੀ ਹਾਜਰ ਸਨ।
ਪੰਥਕ ਜਥੇਬੰਦੀਆਂ ਤੇ ਆਗੂ ਆਪਣੀ ਹਊਮੈ ਦੀ ਬੰਦੀ ਤੋਂ ਆਜਾਦ ਹੋਣ ਵਾਸਤੇ ਸਿਧਾਂਤਾਂ ਦਾ ਪੱਲਾ ਫੜਨ-ਭਾਈ ਮੰਡ
ਅੰਮਿ੍ਰਤਸਰ-ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਮੁਤਵਾਜੀ ਜਥੇਦਾਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਭਾਈ ਧਿਆਨ ਸਿੰਘ ਮੰਡ ਵਲੋੋਂ ਬੰਦੀ ਛੋੜ ਦਿਵਸ ਮੌਕੇ ਸਿੱਖ ਕੌਮ ਦੇ ਨਾਂਅ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜਾ ਵਿਖੇ ਸੰਦੇਸ ਜਾਰੀ ਕੀਤਾ ਗਿਆ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਅਸੀਂ ਬੰਦੀ ਛੋੜ ਦਿਵਸ ਵਰਗੇ ਮਹਾਨ ਦਿਹਾੜਿਆਂ ਦੀ ਯਾਦ ਮਨਾਉਣ ਤੱਕ ਹੀ ਸੀਮਿਤ ਹੋ ਗਏ ਹਾਂ। ਇਨ੍ਹਾਂ ਮਹਾਨ ਦਿਨਾਂ ਦੇ ਮਕਸਦ ਅਤੇ ਮਹਾਨਤਾ ਵਲੋਂ ਅਵੇਸਲੇ ਹੋ ਚੁੱਕੇ ਹਾਂ ਅੱਜ ਸਾਰਾ ਸਿੱਖ ਜਗਤ ਬਿਪਰਵਾਦੀ ਜਹਾਂਗੀਰ ਦੀ ਕੈਦ ਵਿਚ ਹੈ। ਕੌਮ ਧੜਿਆਂ ਵਿਚ ਵੰਡੀ ਹੋਈ ਹੈ। ਥਾਂ-ਥਾਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਨਜਰਬੰਦੀ ਕਾਰਨ ਕਾਰਜਕਾਰੀ ਜਥੇਦਾਰ ਦੀ ਸੇਵਾ ਨਿਭਾਉਂਦਿਆਂ, ਅੱਜ ਦੇ ਪਵਿੱਤਰ ਦਿਹਾੜੇ ’ਤੇ ਖਾਲਸਾ ਪੰਥ ਨੂੰ ਸੁਚੇਤ ਕਰਦਿਆਂ ਅਪੀਲ ਕਰਦੇ ਹਾਂ ਕਿ ਵੱਖ-ਵੱਖ ਖੇਤਰਾਂ ਵਿਚ ਵਿਚਰ ਰਹੀਆਂ ਪੰਥਕ ਜਥੇਬੰਦੀਆਂ ਅਤੇ ਆਗੂ ਆਪਣੀ ਹਾਉਮੈ ਦੀ ਬੰਦੀ ਤੋਂ ਆਜਾਦ ਹੋਣ ਵਾਸਤੇ ਸਿਧਾਂਤਾਂ ਦਾ ਪੱਲਾ ਫੜਨ।