ਸ੍ਰੀ ਨਨਕਾਣਾ ਸਾਹਿਬ ਪਹੁੰਚਣ ‘ਤੇ ਜਥੇ ਦਾ ਨਿੱਘਾ ਸਵਾਗਤ-17 ਨੂੰ ਹੋਵੇਗੀ ਵਾਪਸੀ

ਸ੍ਰੀ ਨਨਕਾਣਾ ਸਾਹਿਬ ਪਹੁੰਚਣ ‘ਤੇ ਜਥੇ ਦਾ ਨਿੱਘਾ ਸਵਾਗਤ-17 ਨੂੰ ਹੋਵੇਗੀ ਵਾਪਸੀ

ਅੰਮਿ੍ਤਸਰ-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਮਨਾਏ ਜਾ ਰਹੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ‘ਚ ਸ਼ਾਮਿਲ ਹੋਣ ਲਈ ਹਸਨ ਅਬਦਾਲ ਤੋਂ ਬੱਸਾਂ ਰਾਹੀਂ ਭਾਈ ਮਰਦਾਨਾ ਯਾਦਗਾਰੀ ਕਮੇਟੀ ਫ਼ਿਰੋਜ਼ਪੁਰ ਦੇ ਜਥਾ ਲੀਡਰ ਜੰਗ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਡੱਬਵਾਲੀ (ਹਰਿਆਣਾ) ਦੇ ਜਥਾ ਲੀਡਰ ਬਾਬਾ ਗੁਰਬਚਨ ਸਿੰਘ ਸਮੇਤ ਹੋਰਨਾਂ ਜਥਾ ਲੀਡਰਾਂ ਦੀ ਅਗਵਾਈ ‘ਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਭਾਰਤੀ ਜਥੇ ਦਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਸੈਫ਼ਉੱਲਾ ਖੋਖਰ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਮਾਸਟਰ ਬਲਵੰਤ ਸਿੰਘ ਅਤੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਪੁਲਿਸ ਅਧਿਕਾਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸ੍ਰੀ ਨਨਕਾਣਾ ਸਾਹਿਬ ਪਹੁੰਚਣ ‘ਤੇ ਸੰਗਤ ਨੇ ਅੱਜ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ; ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁ. ਬਾਲ ਲੀਲਾ, ਗੁ. ਪੱਟੀ ਸਾਹਿਬ, ਗੁ. ਮਾਲ ਜੀ ਸਾਹਿਬ, ਗੁ. ਤੰਬੂ ਸਾਹਿਬ, ਗੁ. ਕਿਆਰਾ ਸਾਹਿਬ, ਗੁ. ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦੇ ਦਰਸ਼ਨ ਕੀਤੇ | 12 ਜੂਨ ਨੂੰ ਸੰਗਤ ਬੱਸਾਂ ਰਾਹੀਂ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨਾਂ ਲਈ ਪਹੁੰਚੇਗੀ | 13 ਜੂਨ ਨੂੰ ਸੰਗਤ ਦੇ ਲਾਹੌਰ ਪਹੁੰਚਣ ਤੋਂ ਬਾਅਦ 14 ਜੂਨ ਨੂੰ ਬੱਸਾਂ ਅਤੇ ਨਿੱਜੀ ਟੈਕਸੀਆਂ ਰਾਹੀਂ ਯਾਤਰੂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਉੱਥੇ ਰਾਤ ਰੁਕਣ ਦੇ ਬਾਅਦ 15 ਜੂਨ ਨੂੰ ਏਮਨਾਬਾਦ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਜਾਣਗੇ | 16 ਜੂਨ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਗਲੇ ਦਿਨ 17 ਜੂਨ ਨੂੰ ਯਾਤਰੂਆਂ ਨੂੰ ਭਾਰਤ ਲਈ ਰਵਾਨਾ ਕੀਤਾ ਜਾਵੇਗਾ |