ਸ੍ਰੀ ਦਰਬਾਰ ਸਾਹਿਬ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਢੀ

ਸ੍ਰੀ ਦਰਬਾਰ ਸਾਹਿਬ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਢੀ

ਅੰਮ੍ਰਿਤਸਰ- ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਸਰਕਾਰੀ ਇਮਾਰਤਾਂ ਅਤੇ ਰਸਤਿਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਮੁਹਿੰਮ ਆਰੰਭ ਦਿੱਤੀ ਹੈ। ਇਸ ਤਹਿਤ ਸ੍ਰੀ ਦਰਬਾਰ ਸਾਹਿਬ ਦੁਆਲੇ ਬਣੇ ਗਲਿਆਰੇ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ

ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਬੰਧਕ ਸ੍ਰੀ ਰਜਤ ਉਬਰਾਏ ਨੇ ਸ੍ਰੀ ਦਰਬਾਰ ਸਾਹਿਬ ਦੁਆਲੇ ਬਣੇ ਗਲਿਆਰੇ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਐਕਸੀਅਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਲਿਆਰੇ ਨੂੰ ਤਰਜੀਹ ਸੰਗਤ ਦੀ ਸਹੂਲਤ ਵਾਸਤੇ ਦਿੱਤੀ ਗਈ ਹੈ, ਕਿਉਂਕਿ ਇਸ ਰਸਤੇ ਤੋਂ ਰੋਜ਼ਾਨਾ ਲੱਖਾਂ ਸ਼ਰਧਾਲੂਆਂ ਦੀ ਆਮਦ ਹੈ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਰਸਤੇ ਵਿੱਚ ਰੋਕ ਲੱਗਦੀ ਹੈ। ਉਨ੍ਹਾਂ ਕਿਹਾ ਕਿ ਟੀਮਾਂ ਨੂੰ ਨਿਰੰਤਰ ਇਸ ਕੰਮ ਲਈ ਤਾਇਨਾਤ ਕਰ ਦਿੱਤਾ ਹੈ। ਜਦੋਂ ਤੱਕ ਇਹ ਗਲਿਆਰਾ ਸਾਫ਼ ਨਹੀਂ ਹੁੰਦਾ ਉਦੋਂ ਤੱਕ ਕੰਮ ਜਾਰੀ ਰਹੇਗਾ।

ਇਸੇ ਤਰ੍ਹਾਂ ਸ਼ਹਿਰ ਵਿੱਚ ਟਰੈਫਿਕ ਜਾਮ ਦੀ ਸਮੱਸਿਆਂ ਤੋਂ ਨਿਜਾਤ ਪਾਉਣ ਲਈ ਪੁਲੀਸ ਨੇ ਜਿੰਨ੍ਹਾਂ ਚੌਕਾਂ ਵਿੱਚ ਟਰੈਫਿਕ ਦੇ ਵੱਧ ਜਾਮ ਲੱਗਦੇ ਸਨ, ਉੱਥੋਂ ਲਈ ਟਰੈਫਿਕ ਪਲਾਨ ਬਣਾਇਆ ਹੈ। ਇਸ ਤਹਿਤ ਮੀਰਾਂ ਕੋਟ ਦੇ ਮੇਨ ਚੌਕ ਨੂੰ ਬੰਦ ਕਰ ਕੇ 50 ਮੀਟਰ ਅੱਗੇ ਅਤੇ 50 ਮੀਟਰ ਪਿੱਛੇ ਵਾਲੇ ਕੱਟ ਰਾਹੀਂ ਟਰੈਫਿਕ ਨੂੰ ਚਾਲੂ ਕੀਤਾ ਗਿਆ ਹੈ। ਇਸ ਤਰ੍ਹਾਂ ਕੌਮਾਂਤਰੀ ਹਵਾਈ ਅੱਡੇ ਵੱਲ ਆਉਣ-ਜਾਣ ਵਾਲੇ ਵਾਹਨਾਂ ਨੂੰ ਟਰੈਫਿਕ ਜਾਮ ਤੋਂ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਦੋਆਬਾ ਚੌਕ ਤੋਂ ਅਸ਼ੋਕਾ ਚੌਕ ਵੱਲ ਆਉਣ ਵਾਲੀ ਟਰੈਫਿਕ ਨੂੰ ਕ੍ਰਿਸਟਲ ਚੌਕ ਵੱਲ ਤਬਦੀਲ ਕੀਤਾ ਗਿਆ ਹੈ ਅਤੇ ਰੇਲਵੇ ਸਟੇਸ਼ਨ ਤੋਂ ਅਸ਼ੋਕਾ ਚੌਕ ਵੱਲ ਆਉਣ ਵਾਲੀ ਟਰੈਫਿਕ ਨੂੰ ਭੰਡਾਰੀ ਪੁਲ (ਨਵਾਂ ਪੁਲ) ਵੱਲ ਤਬਦੀਲ ਕੀਤਾ ਗਿਆ ਹੈ, ਜਿਸ ਕਾਰਨ ਜਾਮ ਤੋਂ ਰਾਹਤ ਮਿਲੀ ਹੈ।

ਇਸ ਦੌਰਾਨ ਪੁਲੀਸ ਕਮਿਸ਼ਨਰ ਜਸਕਰਨ ਸਿੰਘ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕਿਸੇ ਕਿਸਮ ਦੀ ਕੋਈ ਟਰੈਫਿਕ ਸਮੱਸਿਆ ਆਉਂਦੀ ਹੈ ਤਾਂ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਟਰੈਫਿਕ ਪੁਲੀਸ ਦਾ ਸਹਿਯੋਗ ਦੇਣ ਅਤੇ ਆਪਣੇ ਵਾਹਨ ਇੱਧਰ-ਉੱਧਰ ਸੜਕ ਤੇ ਨਾ ਖੜ੍ਹੇ ਕਰਨ, ਵਾਹਨਾਂ ਨੂੰ ਹਮੇਸ਼ਾ ਪਾਰਕਿੰਗ ਵਾਲੀ ਥਾਂ ’ਤੇ ਹੀ ਖੜ੍ਹਾ ਕੀਤਾ ਜਾਵੇ । ਇਸ ਤੋਂ ਇਲਾਵਾ ਦੁਕਾਨਦਾਰ ਆਪਣੇ ਸਮਾਨ ਨੂੰ ਦੁਕਾਨ ਦੀ ਹਦ ਅੰਦਰ ਰੱਖਣ ਜਿਸ ਨਾਲ ਟਰੈਫਿਕ ਜਾਮ ਦੀ ਸਮੱਸਿਆ ਨੂੰ ਖਤਮ ਕਰਨ ਵਿਚ ਮੱਦਦ ਮਿਲੇਗੀ।