ਸ੍ਰੀ ਗੁਰੂ ਹਰ ਰਾਇ ਸਾਹਿਬ ਜੀ

ਸ੍ਰੀ ਗੁਰੂ ਹਰ ਰਾਇ ਸਾਹਿਬ ਜੀ

ਜੋਰਾਵਰ ਸਿੰਘ ਤਰਸਿੱਕਾ
ਸ੍ਰੀ ਗੁਰੂ ਹਰ ਰਾਇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਸਪੁਤਰ ਸਨ । ਆਪ ਜੀ ਦਾ ਜਨਮ ਮਾਤਾ ਨਿਹਾਲ ਕੌਰ ਦੀ ਕੁੱਖੋਂ, ਸੀਸ਼ ਮਹਿਲ, ਕੀਰਤਪੁਰ, ਜ਼ਿਲਾ ਰੂਪ ਨਗਰ, ਵਿਚ ਹੋਇਆ ਉਨ੍ਹਾਂ ਦਾ ਜੀਵਨ ਬੜਾ ਥੋੜਾ, ਸਿਰਫ 31 ਸਾਲ ਦਾ ਸੀ । ਓਨ੍ਹਾਂ ਦਾ ਜਨਮ ਕਾਫੀ ਅਸ਼ਾੰਤ ਵਾਤਾਵਰਣ ਵਿਚ ਹੋਇਆ। ਗੁਰੂ ਹਰਗੋਬਿੰਦ ਸਾਹਿਬ ਪਹਿਲੇ ਯੁਧਾਂ ਵਿਚ ਤੇ ਫਿਰ ਪਰਿਵਾਰਕ ਉਲਝਨਾ ਵਿਚ ਫਸੇ ਹੋਏ ਸਨ। 1628 ਵਿਚ ਅਟਲ ਰਾਇ, 1631 ਵਿਚ ਮਾਤਾ ਦਮੋਦਰੀ ਤੇ ਫਿਰ 1638 ਵਿਚ ਬਾਬਾ ਗੁਰਦਿਤਾ ਜੀ ਰਬ ਨੂੰ ਪਿਆਰੇ ਹੋ ਚੁੱਕੇ ਸਨ। ਅਨੀ ਰਾਇ ਨੂੰ ਵੈਸੇ ਵੀ ਗਦੀ ਦਾ ਕੋਈ ਹਾਖਰਾ ਨਹੀਂ ਸੀ ਮਸਤ ਮਲੰਗ ਤੇ ਮੌਜੀ ਤਬੀਅਤ ਦੇ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਦੁਨੀਆ ਤੋ ਉਪਰਾਮ, ਹਮੇਸ਼ਾ ਸਮਾਧੀ ਵਿਚ ਜੁੜੇ ਰਹਿਣਾ, ਲਗਦਾ ਸੀ ਕਿਸੇ ਵਡੇ ਕਾਰਜ ਦੀ ਤਿਆਰੀ ਕਰ ਰਹੇ ਸਨ। ਸੂਰਜ ਮਲ ਦੁਨੀਆ ਦਾਰ ਜਿਆਦਾ ਸਨ ਉਨ੍ਹਾਂ ਦਾ ਸਜ੍ਰਸੀ ਸੁਭਾ ਗੁਰਗਦੀ ਲਈ ਰੁਕਾਵਟ ਬਣ ਗਿਆ।
ਬਾਬਾ ਗੁਰਦਿੱਤਾ ਦੇ ਚਲਾਣੇ ਤੋਂ ਬਾਅਦ ਹਰ ਰਾਇ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਦੀ ਦੇਖ ਰੇਖ ਵਿਚ ਪਲੇ ਸਨ ਗੁਰੂ ਹਰਿਗੋਬਿੰਦ ਸਾਹਿਬ ਨੇ ਜਿਥੇ ਹਰ ਰਾਇ ਸਾਹਿਬ ਦੀ ਪੜ੍ਹਾਈ -ਲਿਖਾਈ ਵਲ ਵਿਸ਼ੇਸ਼ ਧਿਆਨ ਦਿੱਤਾ, ਉਥੇ ਸ਼ਸ਼ਤਰ ਵਿਦਿਆ, ਘੋੜ ਸਵਾਰੀ ਤੇ ਸਰੀਰਕ ਕਸਰਤ ਵੀ ਆਪਣੀ ਨਿਗਰਾਨੀ ਹੇਠ ਕਰਾਂਦੇ ਰਹੇ।
ਬਚਪਨ ਤੋਂ ਹੀ ਗੁਰੂ ਹਰ ਰਾਇ ਸਾਹਿਬ ਸੰਤ ਸੁਭਾ ਦੇ ਸਨ ਤੇ ਗੁਰੂ ਘਰ ਦੀ ਸੇਵਾ ਵਿਚ ਜੁੜੇ ਰਹਿੰਦੇ ਸਨ। ਓਹ ਸੁਲਤਾਨ ਵੀ ਸਨ ਤੇ ਦਰਵੇਸ਼ ਵੀ ਉਨ੍ਹਾਂ ਦਾ ਹਿਰਦਾ ਇਤਨਾ ਕੋਮਲ ਸੀ ਕਿ ਇਕ ਫੁਲ ਟੁਟਣ ਤੇ ਦੁਖੀ ਹੋ ਜਾਂਦੇ ਇਕ ਵਾਰੀ ਓਹ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਗ ਵਿਚ ਸੈਰ ਕਰਨ ਜਾ ਰਹੇ ਸੀ, ਅਚਾਨਕ ਇਕ ਫੁਲ ਉਨ੍ਹਾਂ ਦੇ ਚੋਲੇ ਨਾਲ ਅਟਕ ਕੇ ਟੁਟ ਗਿਆ। ਬਹੁਤ ਉਦਾਸ ਹੋ ਗਏ ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ ਕਿ ਅਗਰ ਚੋਲਾ ਵਡਾ ਹੋਵੇ ਤਾਂ ਸੰਭਲਕੇ ਚਲਣਾ ਚਾਹੀਦਾ ਹੈ। ਜਿਸਦਾ ਮਤਲਬ ਸਾਫ਼ ਸੀ ਕਿ ਅਗਰ ਜ਼ਿੰਮੇਦਾਰੀਆਂ ਵੱਡੀਆਂ ਹੋਣ ਤਾਂ ਸੋਚ ਸਮਝ ਕੇ ਕਦਮ ਪੁਟਣਾ ਚਾਹੀਦਾ ਹੈ। ਬਸ ਇਸ ਸਿੱਖਿਆ ਨੂੰ ਉਨ੍ਹਾਂ ਨੇ ਉਮਰ ਭਰ ਯਾਦ ਰਖਿਆ ਤੇ ਸਾਰੀ ਉਮਰ ਆਪਣੇ ਸਮਰਥਾ ਤੇ ਸੋਚ ਦੀ ਸਮਝ ਕੇ ਵਰਤੋਂ ਕਰਦਿਆਂ ਭੁਲੇ ਭਟਕੇ ਵੀ ਕਿਸੇ ਨੂੰ ਦੁਖ ਤਕਲੀਫ਼ ਨਹੀਂ ਦਿੱਤੀ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਵਡੇ ਸਾਹਿਬਜ਼ਾਦੇ ਸ੍ਰੀ ਚੰਦ ਡੇਰਾ ਬਾਬਾ ਨਾਨਕ ਤੋਂ 18 ਮੀਲ ਦੀ ਦੂਰੀ ਤੇ ਉਤਰ ਪੂਰਬ ਵਲ ਪੈਂਦੇ ਪਿੰਡ ਬਰਾਨ ਵਿਚ ਨਿਵਾਸ ਕਰਦੇ ਸੀ। ਇਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਉਨ੍ਹਾਂ ਦੇ ਦਰਸ਼ਨਾ ਲਈ ਗਏ। ਬੜੇ ਪਿਆਰ ਨਾਲ ਮੇਲ-ਮਿਲਾਪ ਹੋਇਆ ਬਾਬਾ ਜੀ ਨੇ ਗੁਰੂ ਸਾਹਿਬ ਕੋਲੋਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੰਜ ਸਾਹਿਬਜਾਦਿਆਂ ਦਾ ਜਿਕਰ ਕੀਤਾ ਬਾਬਾ ਜੀ ਪ੍ਰਸੰਨ ਹੋਏ ਤੇ ਸਹਿਜ ਸੁਭਾਏ ਉਨ੍ਹਾਂ ਦੇ ਮੂੰਹੋਂ ਨਿਕਲ ਗਿਆ ਸਾਰੇ ਆਪਣੇ ਪਾਸ ਹੀ ਰਖਣੇ ਜੇ ਕਿ ਕੋਈ ਸਾਨੂੰ ਵੀ ਦਿਉਗੇ ‘‘ਗੁਰੂ ਸਾਹਿਬ ਨੇ ਬੜੇ ਸਤਿਕਾਰ ਨਾਲ ਕਿਹਾ’’ ਕੀ ਇਹ ਪੁਤ ਗੁਰਦਿਤਾ ਸਾਡੇ ਨਾਲ ਹੈ, ਆਪਜੀ ਦੀ ਸੇਵਾ ਲਈ ਹਾਜਰ ਹੈ ‘‘ਬਾਬਾ ਸਿਰੀ ਚੰਦ ਨੇ ਦਸਤਾਰ ਬਾਬਾ ਗੁਰਦਿਤਾ ਜੀ ਨੂੰ ਭੇਟ ਕਰਦਿਆਂ ਬਚਨ ਕੀਤੇ” ਗੁਰਗਦੀ ਤਾਂ ਅਗੇ ਹੀ ਤੁਹਾਡੇ ਪਾਸ ਹੈ, ਸਾਡੇ ਪਾਸ ਥੋੜਾ ਜਿਹਾ ਤਪ ਤੇ ਫਕੀਰੀ ਹੈ ਇਹ ਵੀ ਲੈ ਲਵੋ”।
ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਵਕਤ ਨਜਦੀਕ ਆਇਆ ਤਾਂ ਓਨ੍ਹਾਂ ਨੇ ਗੁਰਗਦੀ ਗੁਰਦਿੱਤਾ ਜੀ ਦੇ ਸਪੁਤਰ ਹਰਿ ਰਾਇ ਸਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ। ਪੁੱਤਰਾਂ ਵਿਚੋਂ ਕੋਈ ਵੀ ਗੁਰਗਦੀ ਦੀ ਮਹਾਨ ਜ਼ਿੰਮੇਦਾਰੀ ਨੂੰ ਸੰਭਾਲਣ ਲਈ ਤਿਆਰ ਨਹੀ ਸੀ। ਬਾਬਾ ਗੁਰਦਿਤਾ 1638 ਵਿਚ ਅਕਾਲ ਚਲਾਣਾ ਕਰ ਗਏ ਸੀ, ਬਾਬਾ ਅਟਲ ਰਾਇ ਨੇ ਕਰਾਮਾਤਾਂ ਦਿਖਾਣ ਦੇ ਪਛਤਾਵੇ ਕਰਕੇ ਆਪਣੀ ਜਾਨ ਦੇ ਦਿੱਤੀ। ਤੇਗ ਬਹਾਦਰ ਦੁਨੀਆ ਤੋਂ ਉਪਰਾਮ ਸਮਾਧੀ ਵਿਚ ਜੁੜੇ ਰਹਿੰਦੇ ਇਸ ਤੋਂ ਕੁਝ ਵੱਡਾ ਕਰਨ ਦੀ ਤਿਆਰੀ ਵਿਚ ਸਨ ਜੋ ਗੁਰੂ ਹਰਗੋਬਿੰਦ ਸਿੰਘ ਸਾਹਿਬ ਹੀ ਜਾਣਦੇ ਸਨ। ਸੂਰਜ ਮਲ ਤੇ ਅਨੀ ਰਾਇ ਦੁਨਿਆਵੀ ਝਮੇਲਿਆਂ ਦਾ ਸ਼ੋਕ ਨਹੀਂ ਸੀ ਰਖਦੇ ਸਿਰਫ਼ ਧੀਰਮਲ ਛੋਟਾ ਪੋਤਰਾ ਆਪਣੇ ਆਪ ਨੂੰ ਗੁਰਗਦੀ ਲਈ ਟਾਕਰੇ ਦਾ ਸਮਝਦਾ ਸੀ ਤੇ ਉਸਨੇ ਹਕ ਵੀ ਜਤਾਇਆ ਪਰ ਉਸਦੇ ਸਾਜਸੀ ਸੁਭਾ ਤੇ ਚਾਲਾਂ ਚਲਣ ਦੀ ਫਿਤਰਤ ਓਸਦੇ ਰਾਹ ਦੀ ਰੁਕਾਵਟ ਬਣ ਗਈ। ਇਹ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਸੀ, ਇਥੋਂ ਤੱਕ ਕਿ ਜੰਗਾ ਜੁਧਾਂ ਵਿਚ ਵੀ ਇਹ ਦੁਸ਼ਮਣ ਦਾ ਸਾਥ ਦਿੰਦਾ ਕਰਤਾਰਪੁਰ ਦੀ ਲੜਾਈ ਸਮੇਂ ਇਸਨੇ ਖੁੱਲੇ ਤੌਰ ’ਤੇ ਮੁਗਲ ਫੌਜ ਦੀ ਸਹਾਇਤਾ ਕੀਤੀ।
ਗੁਰੂ ਹਰ ਰਾਇ ਸਾਹਿਬ ਵਿਚ ਉਹ ਸਾਰੀਆਂ ਖੂਬੀਆਂ ਮੌਜੂਦ ਸਨ ਜੋ ਗੁਰਗੱਦੀ ਦੀਆਂ ਜਿੰਮੇਦਾਰੀਆਂ ਨਿਭਾਉਣ ਦੇ ਯੋਗ ਸਨ। ਆਪਣੇ ਦਾਦਾ ਵਾਂਗ ਸ਼ਿਕਾਰ ਦੇ ਬਹੁਤ ਸ਼ੌਕੀਨ ਸੀ ਪਰ ਜਾਨਵਰ ਨੂੰ ਮਾਰਨ ਦੀ ਬਜਾਇ ਫੜ ਕੇ ਲੈ ਆਉਂਦੇ ਤੇ ਆਪਣੇ ਬਾਗ ਵਿਚ ਉਸਦੀ ਪਾਲਣਾ ਕਰਦੇ ਜ਼ਖ਼ਮੀ ਜਾਨਵਰ ਜਾਂ ਬੀਮਾਰ ਜਾਨਵਰ ਹੁੰਦੇ ਤਾਂ ਉਨ੍ਹਾਂ ਦਾ ਇਲਾਜ ਆਪਣੀ ਨਿਗਰਾਨੀ ਹੇਠ ਕਰਕੇ ਫਿਰ ਖੁੱਲਾ ਛੋੜ ਦਿੰਦੇ ਉਹ ਸਾਰੀ ਜ਼ਿੰਦਗੀ ਤਾਣ ਹੁੰਦਿਆਂ ਵੀ ਨਿਤਾਣੇ ਤੇ ਮਾਨ ਹੁੰਦਿਆਂ ਵੀ ਨਿਮਾਣੇ ਰਹੇ। ਕਈ ਮੌਕੇ ਆਏ, ਵਿਰੋਧੀਆਂ ਨੇ ਹਲਾ ਵੀ ਬੋਲਿਆ, ਸ਼ਰਾਰਤਾਂ ਵੀ ਕੀਤੀਆਂ ਪਰ ਆਪਣੀ ਸੂਝ ਬੂਝ ਨਾਲ ਆਉਣ ਵਾਲੇ ਖਤਰੇ ਨੂੰ ਟਾਲਿਆ ਉਹ ਕਿਸੇ ਦਾ ਦਿਲ ਦੁਖਾਣਾ ਪਾਪ ਸਮਝਦੇ ਸੀ ਭਗਤ ਫਰੀਦ ਜੀ ਦਾ ਇਹ ਸਲੋਕ ਬੜੇ ਪਿਆਰ ਨਾਲ ਓਚਾਰਿਆ ਕਰਦੇ ਸੀ
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚੰਗਾਵਾਂ
ਜੋ ਤਉ ਪਿਰੀਆ ਦੀ ਸਿਕ ਹਿਆਊ ਨ ਠਾਹੇ ਕਹਿ ਦਾ ॥ (ਅੰਗ 1384)
ਫ਼ਾਰਸੀ ਦਾ ਇਕ ਬੰਦ ਕਿਹਾ ਕਰਦੇ ਸਨ ਕਿ ਰਬ ਕਹਿੰਦਾ ਹੈ ਕਿ ਮੈਂ ਤੁਹਾਨੂੰ ਮੰਦਿਰ ਜਾਂ ਮਸਜਿਦ ਨੂੰ ਢਾਹੁਣ ਦੀ ਆਗਿਆ ਦੇ ਸਕਦਾ ਹਾਂ ਪਰ ਕਿਸੇ ਦੇ ਦਿਲ ਤੋੜਨ ਦੀ ਨਹੀਂ ਕਿਓਂਕਿ ਮੰਦਿਰ ਮਸਜਿਦਾਂ ਦੀ ਉਸਾਰੀ ਫਿਰ ਕੀਤੀ ਜਾ ਸਕਦੀ ਹੈ ਪਰ ਦਿਲ ਦੀ ਨਹੀਂ। ਆਪ ਸਾਰੀ ਉਮਰ ਇਕ ਪਾਸੇ ਨਿਰਭਓ ਤੇ ਸੂਰਬੀਰਤਾ ਦਾ ਤੇ ਦੂਜੇ ਪਾਸੇ ਤਰਸ ਦਇਆ, ਕੋਮਲਤਾ ਤੇ ਪ੍ਰੇਮ ਦੇ ਓਪਾਸ਼ਕ ਰਹੇ। ਕਹਿੰਦੇ ਹਨ ਹਰ ਵਿਅਕਤੀ ਦੀ ਸ਼ਖਸ਼ੀਅਤ ਵਿਚ ਕੋਈ ਖਾਸ ਗੁਣ ਹੁੰਦਾ ਹੈ ਜੋ ਉਸਦੀ ਪਹਿਚਾਣ ਬਣਦੀ ਹੈ। ਕੋਈ ਯੋਧਾ ਕੋਈ ਦੇਸ਼ ਭਗਤ, ਕੋਈ ਸਿਪਾਹੀ ਤੇ ਕੋਈ ਜਰਨੈਲ, ਕੋਈ ਨੀਤੀਵਾਨ ਤੇ ਕੋਈ ਵਿਦਵਾਨ, ਕੋਈ ਦਾਨੀ ਤੇ ਕੋਈ ਦਇਆਵਾਨ ਪਰ ਗੁਰੂ ਹਰਿ ਰਾਇ ਸਾਹਿਬ ਵਿਚ ਇਹ ਸਾਰੇ ਗੁਣ ਮੋਜੂਦ ਸਨ।
ਵਿਆਹ : ਅਨੂਪ ਨਗਰ, ਬੁਲੰਦ ਸ਼ਹਿਰ, ਯੂਪੀ ਦੇ ਨਿਵਾਸੀ ਦਾਇਆ ਰਾਮ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਜੂਨ 1640 ਵਿਚ ਹੋਇਆ ਜਿਨ੍ਹਾਂ ਦੀ ਕੱੁਖੋਂ ਦੋ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ, ਰਾਮ ਰਾਇ, ਹਰਕ੍ਰਿਸ਼ਨ ਜੀ ਤੇ ਬੀਬੀ ਅਨੂਪ ਕੌਰ ਮਾਤਾ ਸੁਲਖਣੀ ਨੂੰ ਕੋਟ ਕਲਿਆਣੀ ਤੇ ਤ੍ਰਿਵੇਣੀ ਵੀ ਕਿਹਾ ਜਾਂਦਾ ਸੀ ਕਿਉਂਕੀ ਉਹ ਕੋਟ ਕਲਿਆਣ ਪਿੰਡ ਦੇ ਰਹਿਣ ਵਾਲੇ ਸੀ ਤੇ ਤ੍ਵੇਨੀ ਇਸ ਕਰਕੇ ਕਿ ਉਨ੍ਹਾਂ ਦੇ ਤਿੰਨ ਬੱਚੇ ਸੀ।
ਜਦੋਂ ਛੇਵੇਂ ਪਾਤਸ਼ਾਹ ਨੂੰ ਲੱਗਾ ਕਿ ਉਨ੍ਹਾਂ ਦੇ ਜੋਤੀ ਜੋਤ ਸਮਾਣ ਦਾ ਵਕਤ ਆ ਚੁੱਕਾ ਹੈ ਤਾਂ ਗੁਰੂ ਹਰ ਰਾਇ ਸਾਹਿਬ ਹਰ ਪੱਖੋਂ ਕਾਬਲੀਅਤ ਜਾਣ ਕੇ, ਭਾਈ ਦਰਗਾਹ ਮਲ ਜੀ ਕੋਲੋਂ ਰਸਮ ਅਦਾ ਕਰਵਾਕੇ, 3 ਮਾਰਚ 1644, ਗੁਰਗੱਦੀ ਦੀ ਪਾਤਸ਼ਾਹੀ ਗੁਰੂ ਹਰ ਰਾਇ ਸਾਹਿਬ ਨੂੰ ਸੌਂਪ ਦਿੱਤੀ ਉਸ ਵੇਲੇ ਉਹ ਕੇਵਲ 14 ਸਾਲ ਦੇ ਸਨ। ਗੁਰਗੱਦੀ ਤੇ ਬੈਠਦਿਆਂ ਸਾਰ ਧਰਮ ਪ੍ਰਚਾਰ ਦੀ ਲਹਿਰ ਜਾਰੀ ਰੱਖਦਿਆਂ ਕਿਰਤ ਕਰਨਾ ਵੰਡ ਕੇ ਛਕਣਾ, ਸਿਮਰਨ ਤੇ ਸੇਵਾ ਕਰਨ ਲਈ ਸਿੱਖਾਂ ਨੂੰ ਉਤਸਾਹਿਤ ਕੀਤਾ ਤੇ ਇਸ ਉਦੇਸ਼ ਦੀ ਪੂਰਤੀ ਲਈ ਪ੍ਰਚਾਰਕਾਂ ਦੀ ਨਿਯੁਕਤੀ ਕੀਤੀ ਤੇ ਦੂਰ ਦੁਰਾਡੇ ਭੇਜਿਆ। ਗੁਰੂ ਘਰ ਦੇ ਲੰਗਰਖਾਨੇ ਵਾਸਤੇ ਵੀ ਆਦੇਸ਼ ਸੀ ਕਿ ਕੋਈ ਭੁੱਖਾ, ਲੋੜਵੰਦ ਨੂੰ ਨਿਰਾਸ਼ ਨਾ ਜਾਣ ਦਿੱਤਾ ਜਾਏ ਚਾਹੇ ਉਹ ਕਿਸੇ ਵੇਲੇ ਜਾਂ ਕੁਵੇਲੇ ਵੀ ਆਏ।
ਨਿਤਨੇਮ : ਪਹਿਰ ਰਾਤ ਉਠਦੇ, ਇਸ਼ਨਾਨ ਕਰਕੇ ਸੈਰ ਨੂੰ ਜਾਂਦੇ, ਫਿਰ ਸੰਗਤ ਵਿਚ ਪੁੱਜਦੇ ਸ਼ਬਦ ਕੀਰਤਨ ਤੋਂ ਬਾਅਦ ਸੰਗਤ ਦੇ ਸ਼ੰਕੇ ਦੂਰ ਕਰਦੇ ਦੁਪਹਿਰ ਨੂੰ ਥੋੜਾ ਆਰਾਮ ਕਰਕੇ ਸ਼ਿਕਾਰ ਖੇਡਣ ਨੂੰ ਚਲੇ ਜਾਂਦੇ। ਸ਼ਾਮ ਨੂੰ ਆਪ ਕਥਾ ਕਰਦੇ ਤੇ ਰਹਿਰਾਸ, ਸੋਦਰ ਦਾ ਪਾਠ ਕਰਕੇ ਲੰਗਰ ਛਕਦੇ ਆਰਾਮ ਕਰਨ ਨੂੰ ਚਲੇ ਜਾਂਦੇ।
ਛੇਵੇਂ ਪਾਤਸ਼ਾਹ ਤੋਂ ਸਿੱਖ ਲਹਿਰ ਦਾ ਮੁਗਲ ਹਕੂਮਤ ਨਾਲ ਖੂਨੀ ਟਕਰਾਅ ਸ਼ੁਰੂ ਹੋ ਗਿਆ ਸੀ ਜਿਸ ਨੂੰ ਪੂਰੀ ਤਰ੍ਹਾਂ ਸੰਗਠਿਤ, ਹੋ ਕੇ ਸਿੱਖ ਸੰਗਤਾਂ ਨੇ ਸੰਭਾਲਿਆ ਸੀ। ਗੁਰੂ ਹਰ ਰਾਇ ਸਾਹਿਬ ਵੇਲੇ ਵੀ ਕੋਈ ਹਾਲਤ ਸਾਜਗਾਰ ਨਹੀਂ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾਂ ਨੇ 2200 ਜੰਗ ਯੋਧੇ ਤੇ ਸੂਰਬੀਰ ਘੋੜ ਸਵਾਰ ਰੱਖੇ, ਜੋ ਉਨ੍ਹਾਂ ਦੇ ਅੰਗ -ਰਖਿਅਕ ਸੀ ਤੇ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਪਰ ਇਹ ਗੁਰੂ ਸਾਹਿਬ ਦਾ ਫੈਸਲਾ ਤੇ ਕੋਸ਼ਿਸ਼ ਸੀ ਕਿ ਫੌਜ ਨੂੰ ਲੜਾਈ ਵਿਚ ਨਹੀਂ ਧਕੇਲਣਾ ਇਸ ਲਈ ਵਕਤ ਦੀ ਨਜਾਕਤ ਵੇਖਕੇ ਦੇਸ਼ ਦੇ ਵਿਚਲੇ ਉਤਾਰਾਂ ਚੜਾਵਾਂ ਵਿਚ ਆਪਣੇ ਆਪ ਨੂੰ ਨਿਰਪੱਖ ਰੱਖਿਆ। ਸਿੱਖ ਰਿਆਸਤਾਂ ਨੂੰ ਮੁਗਲਾਂ ਅਤੇ ਕਹਿਲੂਰ ਦੀਆਂ ਰਿਆਸਤਾਂ ਵਿਚ ਉਲਝਣ ਨਹੀਂ ਦਿੱਤਾ!
ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇਕ ਵੀ ਲੜਾਈ ਨਹੀਂ ਲੜੀ। ਵਿਰੋਧੀਆਂ ਨੇ ਕਈ ਵਾਰ ਹੱਲਾ ਵੀ ਬੋਲਿਆ, ਜੰਗ ਤੱਕ ਨੋਬਤ ਆ ਗਈ ਪਰ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਆਣ ਵਾਲੇ ਖਤਰੇ ਨੂੰ ਟਾਲਿਆ। ਧੀਰ ਮਲ ਨੇ ਵਿਰੋਧ ਕੀਤੇ ਪਰ ਗੁਰੂ ਸਾਹਿਬ ਚੁਪ ਰਹੇ ਸ਼ਾਹਜਹਾਨ ਦੇ ਪੁੱਤਰਾਂ ਦੀ ਤਖਤ ਨਸ਼ੀਨੀ ਦੀ ਜੰਗ ਵੇਲੇ ਵੀ ਖਤਰਾ ਸਿਰ ਤੇ ਆਣ ਪਿਆ ਪਰ ਆਪਣੇ ਆਪ ਨੂੰ ਅਲਗ ਰੱਖਿਆ ਜਿਸ ਕਰਕੇ ਸਿੱਖਾਂ ਵਿਚ ਜੋਸ਼ ਦੇ ਨਾਲ ਨਾਲ ਹੋਸ਼ ਤੇ ਸ਼ਹਿਨਸ਼ੀਲਤਾ ਵਾਲੇ ਵੀ ਗੁਣ ਪੈਦਾ ਹੋਏ ।
ਗੁਰੂ ਹਰ ਰਾਇ ਵਕਤ ਮੁਗਲ ਹਕੂਮਤ ਸਿੱਖ ਲਹਿਰ ਦੇ ਕਾਫੀ ਨੇੜੇ ਹੋ ਗਈ ਕੁਝ ਮੁਗਲ ਹਕੂਮਤ ਦੇ ਹਾਲਤ ਵੀ ਇਹੋ ਜਿਹੇ ਸੀ। ਮੁਗਲ ਬਾਦਸ਼ਾਹ ਸ਼ਾਹਜਹਾਨ ਕਾਫੀ ਸਮੇਂ ਤੋਂ ਦੱਖਣ, ਮੱਧ ਭਾਰਤ ਤੇ ਬੰਗਾਲ ਦੀਆਂ ਬਗਾਵਤ ਵਿਚ ਰੁਝਿਆ ਰਿਹਾ। ਫਿਰ ਛੇਤੀ ਹੀ ਰਾਜਗੱਦੀ ਪਿਛੇ ਆਪਣੇ ਪੁੱਤਰਾਂ ਵਿਚ ਖਾਨਾਜੰਗੀ ਸ਼ੁਰੂ ਹੋ ਗਈ, ਜਿਸ ਕਰਕੇ ਉਸ ਨੇ ਇਧਰ ਕੋਈ ਧਿਆਨ ਨਹੀਂ ਦਿੱਤਾ। ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ ਅਮਨ ਸ਼ਾਂਤੀ ਵਿਚ ਰਹਿਣ ਦਾ, ਜਿਸ ਵਿਚ ਉਨ੍ਹਾਂ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਤੇ ਜ਼ੋਰ ਦਿੱਤਾ।
ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਕੋਲ ਫੌਜ ਹੁੰਦੀਆਂ ਵੀ ਕੋਈ ਜੰਗ ਨਹੀ ਹੋਈ ਇਕ ਛੋਟੀ ਜਹੀ ਲੜਾਈ ਜਦੋਂ ਗੁਰੂ ਸਾਹਿਬ ਦੋਆਬੇ ਵਿਚ ਵਿਚਰ ਰਹੇ ਸਨ, ਮੁਖਲਿਸ ਖਾਨ ਦੇ ਪੋਤੇ ਉਮਰ ਹਯਾਤ ਖਾਨ ਨੇ ਜਿਸਦਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਲੜਾਈ ਵਿਚ ਮਾਰਿਆ ਗਿਆ ਸੀ, ਆਪ ’ਤੇ ਹੱਲਾ ਬੋਲ ਦਿੱਤਾ। ਆਪਜੀ ਦੇ ਪਿਛੇ ਭਾਈ ਭਗਤ ਦਾ ਪੁੱਤਰ ਗੋਰਾ ਕੁਝ ਚੋਣਵੇਂ ਸਿਪਾਹੀਆਂ ਨਾਲ ਆ ਰਿਹਾ ਸੀ, ਜਿਸਨੇ ਹਯਾਤ ਖਾਨ ਨੂੰ ਕਰਾਰੀ ਹਾਰ ਦਿੱਤੀ। ਬਸ ਲੜਾਈ ਦੇ ਨਾਮ ਤੇ ਗੁਰੂ ਹਰ ਰਾਇ ਸਾਹਿਬ ਵੇਲੇ ਇਤਨਾ ਕੁਝ ਹੀ ਹੋਇਆ।
ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਆਰੰਭ ਵਿਚ ਕੋਹੜੀਆਂ ਨਾਲ ਪਿਆਰ ਕਰਕੇ ਇਨਸਾਨੀ ਹਮਦਰਦੀ ਦਾ ਅਸਲੀ ਸਬੂਤ ਦਿੱਤਾ, ਗੁਰੂ ਹਰਿਰਾਏ ਜੀ ਨੇ ਕੋਹੜੀਆਂ ਲਈ ਘਰ ਬਣਵਾਏ, ਦਵਾਖਾਨੇ ਤੇ ਸ਼੍ਰਫਾਖਾਨੇ ਖੋਲੇ, ਜਿਸ ਵਿਚ ਚੰਗੇ ਸਿਆਣੇ ਵੈਦ, ਹਕੀਮ ਰਖੇ ਆਪ ਵੀ ਦੁਖੀ, ਲੋੜਵੰਦਾਂ ਤੇ ਰੋਗੀਆਂ ਨਾਲ ਅਥਾਹ ਪਿਆਰ ਕਰਦੇ ਸੀ। ਜਿਥੇ ਆਪ ਨਾਮ ਦਾਰੂ ਦੇਕੇ ਲੋਕਾਂ ਨੂੰ ਅਰੋਗ ਤੇ ਸੁਖੀ ਰੱਖਦੇ ਸੀ, ਉਥੇ ਆਪ ਰੋਗੀਆਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਅਰੋਗ ਵੀ ਕਰਦੇ ਜਿਤਨਾ ਵਕਤ ਬਚਦਾ ਦਵਾਖਾਨੇ ਤੇ ਸ਼੍ਰਫਾਖਾਨੇ ਵਿਚ ਰੋਗੀਆਂ ਦੀ ਸੇਵਾ ਤੇ ਦਵਾ ਦਾਰੂ ਵਿਚ ਲਗਾ ਦਿੰਦੇ ਆਪਜੀ ਨੇ ਪੰਛੀਆਂ ਦੇ ਦਵਾ ਦਾਰੂ ਦਾ ਇੰਤਜ਼ਾਮ ਵੀ ਕੀਤਾ ।
ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਦਾ ਸਭ ਤੋਂ ਵੱਡਾ ਤੇ ਪਿਆਰਾ ਪੁੱਤਰ ਦਾਰਾ ਸ਼ਿਕੋਹ ਜੋ ਇਕ ਸੂਫ਼ੀ ਤਬੀਅਤ ਤੇ ਖੁਦਾ-ਖੋਫ਼-ਸ਼ੁਦਾ ਇਨਸਾਨ ਸੀ। ਸ਼ਾਹਜਹਾਂ ਇਸ ਨੂੰ ਵੱਡਾ ਤੇ ਬਾਕੀਆਂ ਨਾਲੋਂ ਸਮਝਦਾਰ ਹੋਣ ਕਰਕੇ ਗੱਦੀ ਦਾ ਹੱਕਦਾਰ ਸਮਝਦਾ ਸੀ। ਔਰੰਗਜ਼ੇਬ ਲਾਲਚੀ ਚੁਸਤ ਚਲਾਕ ਤੇ ਚਾਲਾਂ ਚਲਣ ਵਿਚ ਮਾਹਿਰ ਤੇ ਸਾਰੀ ਦੀ ਸਾਰੀ ਹਕੂਮਤ ਨੂੰ ਹੜਪ ਕਰਨ ਦੀ ਤਮੰਨਾ ਰੱਖਦਾ ਸੀ। ਆਪਣੀ ਇਸ ਇੱਛਾ ਪੂਰਤੀ ਲਈ ਦਾਰਾ ਨੂੰ ਰਸੋਈਏ ਨਾਲ ਮਿਲਕੇ ਸ਼ੇਰ ਦੀ ਮੁਛ ਦਾ ਵਾਲ ਖੁਆ ਦਿੱਤਾ, ਦਾਰਾ ਇਤਨਾ ਸਖਤ ਬੀਮਾਰ ਹੋ ਗਿਆ ਕਿ ਬਚਣ ਦੀ ਕੋਈ ਆਸ ਨਾ ਰਹੀ। ਸ਼ਾਹਜਹਾਂ ਨੇ ਆਪਣੇ ਪੁੱਤਰ ਦੀ ਸਲਾਮਤੀ ਵਾਸਤੇ ਕੋਈ ਫਕੀਰ, ਕੋਈ ਵੈਦ, ਕੋਈ ਹਕੀਮ ਨਾ ਛੱਡਿਆ ਆਖਰੀ ਕਿਸੇ ਹਕੀਮ ਨੇ ਇਕ ਖਾਸ…
ਦਵਾਈ ਦੀ ਦਸ ਪਾਈ, ਜੋ ਸਿਰਫ ਤੇ ਸਿਰਫ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨੇ ਵਿਚ ਸੀ। ਪਹਿਲੇ ਤਾਂ ਸ਼ਾਹਜਹਾਂ ਹਿਚਕਚਾਇਆ ਕਿਉਂਕਿ ਸਿੱਖਾਂ ਤੇ ਮੁਗਲ ਹਕੂਮਤ ਵਲੋਂ ਕੀਤੇ ਜੁਲਮਾਂ ਦਾ ਉਸ ਨੂੰ ਅਹਿਸਾਸ ਸੀ। ਪਰ ਗੁਰੂ ਘਰ ਦੀ ਮਰਯਾਦਾ ਇਸ ਤਰ੍ਹਾਂ ਦੀ ਨਹੀਂ ਸੀ ਕੀ ਕਿਸੇ ਲੋੜਵੰਦ ਨੂੰ ਖਾਲੀ ਤੋਰਿਆ ਜਾਵੇ ਸ਼ਾਹਜਹਾਂ ਨੇ ਆਪਣੇ ਵਜ਼ੀਰ ਨੂੰ ਬੇਨਤੀ ਪੱਤਰ ਨਾਲ ਭੇਜਿਆ। ਗੁਰੂ ਸਾਹਿਬ ਨੇ ਝਟ ਦਵਾਈ ਭੇਜ ਦਿੱਤੀ ਤੇ ਦਾਰਾ ਕੁਝ ਦਿਨ ਬਾਦ ਨੋ-ਬਰ-ਨੋ ਹੋ ਗਿਆ।
ਦਾਰਾ ਵੈਸੇ ਵੀ ਗੁਰੂ ਘਰ ਨਾਲ ਸਨੇਹ ਰੱਖਦਾ ਸੀ ਉਹ ਸੰਸਕ੍ਰਿਤ ਦਾ ਚੰਗਾ ਆਲਮ, ਸੂਫੀ ਫਲਾਸਫੀ ਦਾ ਮਾਹਿਰ ਤੇ ਪੱਕਾ ਵੈਦਾਂਤੀ ਹੋਣ ਕਰਕੇ ਹਿੰਦੂ ਤੇ ਮੁਸਲਮਾਨ ਫਕੀਰਾਂ ਨਾਲ ਦਿਲੀ ਅਕੀਦਤ ਰੱਖਦਾ ਸੀ, ਹਿੰਦੂ, ਮੁਸਲਮਾਨਾਂ ਨਾਲ ਇਕੋ ਜਿਹਾ ਸਲੂਕ ਕਰਦਾ ਸੀ, ਜਿਸ ਕਰਕੇ ਔਰੰਗਜ਼ੇਬ ਉਸ ਨੂੰ ਕ੍ਰਫਿਰ ਕਹਿੰਦਾ ਸੀ। ਜਦੋਂ ਦਾਰਾ ਨੂੰ ਪਤਾ ਚਲਿਆ ਕੀ ਉਹ ਗੁਰੂ ਹਰ ਰਾਇ ਸਾਹਿਬ ਦੀ ਦੁਆਈ ਨਾਲ ਠੀਕ ਹੋਇਆ ਹੈ ਤਾਂ ਉਸਦੀ ਉਨ੍ਹਾਂ ਦੇ ਦਰਸ਼ਨਾ ਦੀ ਚਾਹ ਹੋਰ ਵਧ ਗਈ ਤੇ ਉਹ ਦਰਸ਼ਨਾਂ ਲਈ ਇਕ ਵਾਰੀ ਨਹੀਂ ਬਲਕਿ ਕਈ ਵਾਰੀ ਗਿਆ।
ਸਮੇਂ ਦੇ ਪਰਿਵਰਤਨ ਦੇ ਨਾਲੋਂ-ਨਾਲ ਗੁਰੂ ਹਰ ਰਾਇ ਸਾਹਿਬ ਦਾ ਗੁਰਮਤ ਤੇ ਸ਼ਸ਼ਤਰ ਵਿਦਿਆ ਦਾ ਪ੍ਰਚਾਰ ਵੀ ਕੋਨੇ ਕੋਨੇ ਤੱਕ ਫੈਲ ਗਿਆ ਸੀ, ਸਿੱਖਾਂ ਦੀ ਗਿਣਤੀ ਦਿਨ-ਬਦਿਨ ਵਧ ਰਹੀ ਸੀ। ਇਸ ਕੰਮ ਵਾਸਤੇ ਦੂਰ ਨੇੜੇ ਜਿਥੇ ਵੀ ਲੋੜ ਪੈਂਦੀ ਚੰਗੇ ਚੰਗੇ ਵਿਦਵਾਨ ਸਿੱਖਾਂ ਨੂੰ ਭੇਜ ਦਿੰਦੇ ਤੇ ਲੋੜ ਹੁੰਦੀ ਤਾਂ ਖੁਦ ਵੀ ਚਲੇ ਜਾਂਦੇ ਜਿਸਦਾ ਨਤੀਜਾ ਇਹ ਹੋਇਆ ਕੀ ਉਨ੍ਹਾਂ ਦੇ ਘੋੜ ਸਵਾਰਾਂ ਦੀ ਗਿਣਤੀ ਵਧਦੀ ਚਲੀ ਗਈ, ਅਸ਼ਤਰ ਸ਼ਸ਼ਤਰ ਤੇ ਤੋਪਾਂ ਵੀ ਕਾਫੀ ਇਕਠੀਆਂ ਹੋ ਗਈਆਂ।
ਇਸੇ ਦੌਰਾਨ ਖਬਰ ਆਈ ਕਿ ਦਾਰਾ ਸ਼ਿਕੋਹ ਸ਼ਾਮੂ ਗੜ੍ਹ ਦੇ ਮੈਦਾਨ ਵਿਚੋਂ ਔਰੰਗਜ਼ੇਬ ਤੋਂ ਹਾਰ ਗਿਆ ਹੈ ਦਾਰਾ ਸ਼ਿਕੋਹ ਬੜੀ ਮੁਸ਼ਕਲ ਨਾਲ ਬਿਆਸ ਦਰਿਆ ਪਾਰ ਕਰਕੇ ਲਾਹੌਰ ਵਲ ਨਸ ਤੁਰਿਆ। ਉਸਦੇ ਨਾਲ 20000 ਫੌਜਾਂ ਵੀ ਸਨ ਔਰੰਗਜ਼ੇਬ ਦੀਆਂ ਫੌਜਾਂ ਉਸਦਾ ਪਿਛਾ ਕਰ ਰਹੀਆਂ ਹਨ। ਰਾਹ ਵਿਚ ਤਰਨਤਾਰਨ ਦੇ ਸਥਾਨ ਤੇ ਗੁਰੂ ਹਰ ਰਾਇ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ ਕਿ ਅਗਰ ਔਰੰਗਜ਼ੇਬ ਦੀਆਂ ਫੌਜਾਂ ਨੂੰ ਗੋਇੰਦਵਾਲ ਦੇ ਪਤਣ ਤੇ ਰੋਕਿਆ ਜਾ ਸਕੇ ਤਾਂ ਮੇਰਾ ਬਚਾਓ ਹੋ ਸਕਦਾ ਹੈ। ਗੁਰੂ ਸਾਹਿਬ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਦਰਿਆ ਤੋਂ ਸਾਰੀਆਂ ਬੇੜੀਆਂ ਹਟਵਾ ਲਈਆਂ, ਤਾਂਕਿ ਦਾਰਾ ਨੂੰ ਲਾਹੌਰ ਪਹੁੰਚਣ ਦਾ ਵਕਤ ਮਿਲ ਜਾਏ ਓਹ ਲਾਹੌਰ ਪਹੁੰਚ ਵੀ ਗਿਆ ਪਰ ਕਿਸੀ ਗੱਦਾਰ ਦੇ ਕਾਰਨ ਔਰੰਗਜ਼ੇਬ ਦੇ ਹੱਥੋਂ ਪਕੜਿਆ ਗਿਆ। ਦਾਰਾ ਤੇ ਉਸਦੇ ਸਾਥੀਆਂ ਨੂੰ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ। ਜਿਨ੍ਹਾਂ ਭਰਾਵਾਂ ਦੀ ਮਦਦ ਨਾਲ ਦਾਰਾ ਨੂੰ ਹਰਾਇਆ ਸੀ ਉਨ੍ਹਾਂ ਨੂੰ ਵੀ ਕਤਲ ਕਰਵਾਕੇ ਖੁਦ ਤਖਤੇ-ਤਾਓਸ ਦਾ ਮਾਲਕ ਬਣ ਬੈਠਾ।
ਬੁੱਢੇ ਪਿਓ ਨੂੰ ਆਗਰੇ ਦੇ ਕਿਲੇ ਵਿਚ ਨਜ਼ਰਬੰਦ ਕਰਵਾ ਦਿੱਤਾ ਤੇ ਪਾਣੀ ਤੋਂ ਵੀ ਤਰਸਾ ਦਿੱਤਾ।
ਸ਼ਾਹਜਾਹਾਂ ਦੇ ਆਪਣੇ ਲਫਜ਼ ਸਨ, ‘‘ਹਿੰਦੂ ਤੇ ਫਿਰ ਵੀ ਮਰਨ ਵਾਲੇ ਦੇ ਮੂੰਹ ਵਿਚ ਗੰਗਾ ਜਲ ਪਾ ਦਿੰਦੇ ਹਨ ਤੂੰ ਤੇ ਆਪਣੇ ਬਾਪ ਨੂੰ ਪਾਣੀ ਤੋਂ ਵੀ ਤਰਸਾ ਕੇ ਮਾਰ ਦਿੱਤਾ ਹੈ। ਇਸ ਤਰ੍ਹਾਂ ਘੋਰ ਅਪਰਾਧੀ ਹੋਣ ਦੇ ਬਾਵਜੂਦ ਉਹ ਸਾਰੀ ਜ਼ਿੰਦਗੀ ਪਾਕ, ਮੋਮਨਾ ਵਾਂਗ ਪੱਕਾ ਸ਼ਰਈ, ਤੇ ਦੀਨਦਾਰ ਬਣਿਆ ਰਿਹਾ, ਜਦ ਤੱਕ ਗੁਰੂ ਗੋਬਿੰਦ ਸਿੰਘ ਨੇ ਉਸਦਾ ਅਸਲੀ ਚੇਹਰਾ ਸਾਮਣੇ ਨਹੀਂ ਕੀਤਾ।
ਔਰੰਗਜ਼ੇਬ ਨੇ ਗੱਦੀ ਹਾਸਲ ਕਰਦਿਆਂ ਆਪਣੇ ਗੁਨਾਹਾਂ ਤੇ ਪੜਦਾ ਪਾਣ ਲਈ ਤੇ ਆਪਣੇ ਆਪ ਨੂੰ ਇਕ ਸਚਾ ਮੁਸਲਮਾਨ ਸਾਬਤ ਕਰਨ ਲਈ, ਬਨਾਰਸ, ਮਥੁਰਾ, ਜੈਪੁਰ, ਜੋਧਪੁਰ ਦੇ ਮੰਦਰਾਂ ਨੂੰ ਢੁਹਾਕੇ ਉਸ ਉਤੇ ਮਸੀਤਾਂ ਬਣਵਾਈਆਂ ਹਿੰਦੂਆਂ ਦੇ ਤੀਰਥਾਂ ਤੇ ਜਜੀਏ ਲਗਾ ਦਿੱਤੇ, ਬੁੱਤ ਪੂਜਾ ਹੁਕਮਨ ਬੰਦ ਕਰਵਾ ਦਿੱਤਾ, ਹਿੰਦੂਆਂ ਨੂੰ ਸਰਕਾਰੀ ਨੌਕਰੀਆਂ ਤੋਂ ਹਟਾ ਦਿੱਤਾ, ਜੋਗੀ ਸੰਨਿਆਸੀ, ਵੈਰਾਗੀ, ਗਵਈਏ ਤੇ ਸੰਗੀਤਕਾਰਾਂ ਨੂੰ ਦੇਸ਼ ਤੋਂ ਕਢ ਦਿੱਤਾ। ਸਾਰੇ ਰਾਗ ਰੰਗ ਜੋ ਅਕਬਰ ਦੇ ਜ਼ਮਾਨੇ ਤੋਂ ਚਲੇ ਆ ਰਹੇ ਸੀ ਬੰਦ ਕਰਵਾ ਦਿੱਤੇ ਸ਼ਿਆ ਮੁਸਲਮਾਨਾਂ ਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆ ਲਗਾਈਆਂ ਇਸ ਵਕਤ ਸਿੱਖ ਵੀ ਉਸਦੀ ਸੀਨਾ ਜੋਰੀ ਤੋਂ ਬਚ ਨਹੀਂ ਸਕੇ।
ਜਿਨ੍ਹਾਂ ਜਿਨ੍ਹਾਂ ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਹੁਣ ਉਨ੍ਹਾਂ ਦੀ ਵਾਰੀ ਆਈ ਦਾਰਾ ਸ਼ਿਕੋਹ ਦਾ ਗੁਰੂ ਸਾਹਿਬ ਕੋਲ ਆਣਾ ਜਾਣਾ ਕਾਫੀ ਸੀ ਇਸ ਕਰਕੇ ਸਾਰੇ ਗੁਰਦਵਾਰੇ ਜੋ ਨਗਰਾਂ ਤੇ ਸ਼ਹਿਰਾਂ ਵਿਚ ਸਨ, ਢਾਹ ਦਿੱਤੇ ਗਏ ਤੇ ਸਿੱਖੀ ਪ੍ਰਚਾਰਕ ਉਥੋਂ ਕੱਢ ਦਿੱਤੇ ਗਏ। ਇਹ ਲਪਟਾਂ ਕੀਰਤਪੁਰ ਸਾਹਿਬ ਵੀ ਪਹੁੰਚੀਆਂ ਹਰਿਰਾਇ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਪਰਵਾਨਾ ਭੇਜ ਦਿੱਤਾ ਗਿਆ ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਓਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕਿ ਮਲੇਛਾ ਦੇ ਮੱਥੇ ਨਹੀਂ ਲੱਗਣਾ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਭੇਜ ਦਿੱਤਾ, ਹਦਾਇਤਾਂ ਦੇ ਨਾਲ, ਸਚ ਤੋਂ ਮੂੰਹ ਨਹੀਂ ਮੋੜਨਾ, ਕਿਸੇ ਤੋਂ ਡਰਨਾ ਨਹੀਂ ਤੇ ਹਰ ਸਵਾਲ ਦਾ ਸਹੀ ਸਹੀ ਉੱਤਰ ਦੇਣਾ। ਰਾਮ ਰਾਇ ਨਾਲ ਭਾਈ ਗੁਰਦਾਸ ਤੇ ਭਾਈ ਤਾਰਾ ਨੂੰ ਭੇਜਣਾ ਕੀਤਾ 24 ਘੋੜ ਸਵਾਰ ਤੇ 40 ਸਿੱਖ ਵੀ ਨਾਲ ਗਏ। ਰਾਮ ਰਾਇ ਅੰਬਾਲਾ ਤੋਂ ਪਾਨੀਪਤ ਹੁੰਦੇ ਦਿੱਲੀ ਚੰਦਰਾਵਾਲ ਖੇੜੇ ਕੋਲ ਜਿਥੇ ਅਜਕਲ ਮਜਨੂੰ ਦਾ ਟਿਲਾ ਹੈ, ਟਿਕਾਣਾ ਕੀਤਾ।
ਰਾਮਰਾਏ ਦਾ ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ ਓਸਨੇ ਹਰ ਪ੍ਰਸ਼ਨ ਦਾ ਉਤਰ ਬੜੇ ਸੁਚੱਜੇ ਢੰਗ ਨਾਲ ਦਿੱਤਾ ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲਗ ਪਿਆ ਕਰਮ ਕਾਂਡਾ ਨਾਲ ਬਾਦਸ਼ਾਹ ਦੀ ਖਸ਼ਾਮਤ ਵੀ ਹੋਣ ਲਗ ਪਈ। ਇਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਵਾਕ ਨੂੰ ਪਲਟਾ ਦਿੱਤਾ ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲੱਗਣ ਦੀ ਹਿਦਾਅਤ ਲਿਖ ਕੇ ਚਿੱਠੀ ਰਾਹੀਂ ਭੇਜ ਦਿੱਤੀ।
ਇਸ ਤਰ੍ਹਾਂ ਜਦ ਰਾਮ ਰਾਇ ਨੂੰ ਮਾਫ਼ੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜਗੀਰ ਲੈ ਕੇ ਆਪਣਾ ਵਾਸਾ ਦੇਹਰਾਦੂਨ ਕਰ ਲਿਆ। ਦਸਵੇਂ ਜਾਮੇ ਵਿਚ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਮਾਫ਼ ਕਰ ਦਿਤੱਾ ਜਦ ਉਹ ਜਮਨਾ ਵਿਚ ਇਕ ਬੇੜੀ ਵਿਚ ਗੁਰੂ ਸਾਹਿਬ ਦੀ ਸ਼ਰਨ ਵਿਚ ਆਇਆ।
ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੀ ਸਿਖ ਲਹਿਰ ਨੇ ਸਮੇਂ ਸਮੇਂ ਸਿਰ ਕਈ ਸੰਸਥਾਵਾਂ ਨੂੰ ਜਨਮ ਦਿੱਤਾ, ਜਿਵੇਂ ਲੰਗਰ, ਸੰਗਤ, ਮੰਜੀ, ਦਸਵੰਦ, ਮਸੰਦ, ਧਰਮਸ਼ਾਲ ਆਦਿ ਜੋ ਹੁਣ ਤੱਕ ਪੂਰੀ ਤਰ੍ਹਾਂ ਪ੍ਰਫੁਲਤ ਹੋ ਚੁੱਕੀਆਂ ਸਨ। ਗੁਰੂ ਹਰਿ ਰਾਇ ਸਾਹਿਬ ਨੇ ਨਾ ਕੇਵਲ ਇਨ੍ਹਾਂ ਸੰਸਥਾਵਾਂ ਨੂੰ ਸੰਭਾਲਿਆ ਸਗੋਂ ਵਿਕਸਿਤ ਵੀ ਕੀਤਾ। ਸਿੱਖੀ ਦੇ ਪ੍ਰਚਾਰ ਨੂੰ ਪੱਕੇ ਪੈਰੀਂ ਖੜ੍ਹਾ ਕਰਨ ਲਈ ਚਾਰ ਧੂਣੇ ਤੇ 6 ਬਖਸ਼ਿਸ਼ਾਂ ਵੀ ਸਥਾਪਤ ਕੀਤੀਆਂ, ਜਿਸ ਨਾਲ ਦੱਖਣੀ ਭਾਰਤ ਵਿਚ ਧੂਣੇ ਤੇ ਬਖਸ਼ਿਸ਼ਾਂ ਦਾ ਜਾਲ ਵਿਛ ਗਿਆ।
ਪ੍ਰਚਾਰਿਕ ਯਾਤਰਾਵਾਂ : ਗੁਰੂ ਸਾਹਿਬ ਨੇ ਪ੍ਰਚਾਰ ਦੇ ਕੰਮ ਨੂੰ ਢਿਲਾ ਨਹੀਂ ਪੈਣ ਦਿੱਤਾ ਕਈ ਨਵੇਂ ਪ੍ਰਚਾਰਕ ਦੂਰ ਦੁਰਾਡੇ ਮੁਲਕ ਵਿਚ ਭੇਜੇ ਗਏ। ਗੁਰੂ ਸਾਹਿਬ ਨੇ ਖੁਦ ਵੀ ਆਪਣੀ ਗੁਰਿਆਈ ਕਾਲ 1644-61 ਦੇ ਦੌਰਾਨ ਵਿਚ ਕੀਰਤਪੁਰ ਤੋਂ ਬਾਹਰ ਜਾਕੇ ਸਿੱਖੀ ਪ੍ਰਚਾਰ ਕੀਤਾ। ਹਾਲਾਂਕਿ ਇਨ੍ਹਾਂ ਪ੍ਰਚਾਰਕ ਦੌਰਿਆਂ ਬਾਰੇ ਇਤਿਹਾਸਕਾਰਾਂ ਵਿਚ ਕਾਫੀ ਮਤ-ਭੇਦ ਹਨ ਗੁਰੂ ਸਾਹਿਬ ਨੇ ਦੋ ਪ੍ਰਚਾਰਕ ਦੌਰੇ ਕੀਤੇ।
ਪਹਿਲਾ ਦੌਰਾ: ਪਹਿਲੇ ਵਿਚ ਅਮ੍ਰਿਤਸਰ, ਗੋਇੰਦਵਾਲ,ਖਡੂਰ ਸਾਹਿਬ, ਵੱਡੀ ਲਹਿਲ, ਹਰੀਆਂ ਵੇਲਾਂ, ਭੂੰਗਰਨੀ, ਬੰਬੇਲੀ, ਕਰਤਾਰਪੁਰ, ਨੂਰਮਹਿਲ, ਪੁਆਧੜਾ, ਗਹਿਲਾਂ, ਭਾਈ ਕੀ ਡਰੋਲੀ, ਮਾੜ੍ਹੀ ਪਿੰਡ, ਮਰਾਝ, ਮੀਨਝੇ ਕੀ ਮੋੜ੍ਹੀ, ਪਲਾਹੀ ਨਗਰ, ਫਰਾਲ, ਸੰਧਵਾ, ਦੁਸਾਂਝ ਮਸੰਦਾਂ ਕੇ, ਹਕੀਮਪੁਰ, ਚੰਦਪੁਰ, ਦੋਲੇਵਾਲ ਆਦਿ।
ਦੂਸਰਾ ਦੌਰਾ: ਬੁੰਗਾ, ਰੋਪੜ, ਪਿਹੋਵਾ, ਸਿਆਲਕੋਟ, ਜੰਮੂ ਕਸ਼ਮੀਰ ਦੀਆਂ ਬਹੁਤ ਸਾਰੀਆਂ ਜਗਹ ਵਿਚ ਗਏ।
ਮਾਝੇ ਅਤੇ ਦੁਆਬੇ ਵਿਚ ਤਾਂ ਸਦੀਆਂ ਤੋਂ ਪ੍ਰਚਾਰ ਹੁੰਦੇ ਆਏ ਸੀ ਪਰ ਮਾਲਵੇ ਵਿਚ ਸਵਾਏ ਗੁਰੂ ਹਰਗੋਬਿੰਦ ਸਾਹਿਬ ਦੇ ਕਿਸੇ ਗੁਰੂ ਸਹਿਬਾਨ ਨੇ ਚਰਨ ਨਹੀਂ ਪਾਏ ਗੁਰੂ ਹਰਿ ਰਾਇ ਨੇ ਇਸ ਇਲਾਕੇ ਵਿਚ ਵੀ ਪ੍ਰਚਾਰ ਅਰੰਭਿਆ। 1656 ਵਿਚ ਗੁਰੂ ਹਰਿ ਰਾਇ ਸਾਹਿਬ ਮਾਲਵੇ ਵਿਚ ਮਹਿਰਾਜ ਤਕ ਗਏ ਜਿਥੇ ਉਨ੍ਹਾਂ ਨੇ ਫੂਲ ਜੋ ਆਪਣੇ ਸੰਬੰਧੀਆਂ ਸਮੇਤ ਰੋਜ਼ ਦੀਵਾਨ ਵਿਚ ਹਾਜ਼ਰ ਹੁੰਦੇ। ਉਨ੍ਹਾਂ ਦੀ ਨਿਮਰਤਾ ਤੇ ਸੇਵਾ ਭਾਵ ਦੇਖਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ‘‘ਰਾਜ ਕਮਾਉਣਗੇ’’ ਜਿਸ ਵਜੋਂ ਪਟਿਆਲਾ, ਜੀਂਦ ਤੇ ਨਾਭਾ ਦੀਆਂ ਰਿਆਸਤਾਂ ਹੋਂਦ ਵਿਚ ਆਈਆਂ। ਇਸਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਉਨ੍ਹਾਂ ਨੂੰ ਖੁਸ਼ੀ ਵਸਣ ਦਾ ਆਸ਼ੀਰਵਾਦ ਦਿੱਤਾ ਸੀ।
ਜਦੋਂ ਆਪ ਸਿਆਲਕੋਟ ਦੇ ਨੇੜੇ ਗਲੋਟਿਆ ਖੁਰਜ ਪੁੱਜੇ ਤਾਂ ਉਥੇ ਭਾਈ ਨੰਦ ਲਾਲ ਪੁਰੀ ਦਰਸ਼ਨਾਂ ਨੂੰ ਆਏ। ਨਾਲ ਉਨ੍ਹਾਂ ਦਾ ਪੋਤਰਾ ਭਾਈ ਹਕੀਕਤ ਰਾਏ ਵੀ ਸਨ। ਉਨ੍ਹਾਂ ਨੇ ਉਪਦੇਸ਼ ਮੰਗਿਆ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਤਿੰਨ ਗਲਾਂ ਦੀ ਮਨਾਹੀ ਕੀਤੀ, ਟੋਪੀ ਪਹਿਨਣਾ, ਨਸ਼ਾ ਵਰਤਣਾ ਤੇ ਕੇਸ ਕਤਲ ਕਰਵਾਣੇ, ਜਿਸ ਨੂੰ ਉਨ੍ਹਾਂ ਨੇ ਸਾਰੀ ਜ਼ਿੰਦਗੀ ਵਾਸਤੇ ਪਲੇ ਬੰਨ੍ਹ ਲਿਆ। ਇਨ੍ਹਾਂ ਸਿੱਖਾਂ ਦਾ ਨਾਂ ਧਰਮੀ ਸਿੱਖ ਪੈ ਗਿਆ ਜੋ ਹਰ ਲੋੜ ਵੇਲੇ ਸਿੱਖਾਂ ਤੇ ਸਿੱਖੀ ਦੀ ਸੇਵਾ ਕਰਦੇ ਹਕੀਕਤ ਰਾਏ ਜ਼ਕਰੀਆਂ ਖਾਨ ਦੇ ਹੱਥੋਂ ਸ਼ਹੀਦ ਹੋਇਆ।
360 ਮੰਜੀਆਂ ਹੋਰ ਥਾਪੀਆਂ, ਭਾਈ ਪੁੰਗਰ, ਭਾਈ ਗੋਂਦਾ, ਭਾਈ ਜਿਓਣਾ, ਭਾਈ ਕਲਾ, ਭਾਈ ਦੁਲਟ, ਭਾਈ ਨੰਦ ਬਾਲਪੁਰੀ ਭਾਈ ਫੇਰੁ, ਭਾਈ ਭਗਤੂ ਤੇ ਭਾਈ ਗੋਰਾ ਮੁੱਖ ਪ੍ਰਚਾਰਕ ਸਨ ਜਿਨ੍ਹਾ ਨੇ ਸਿੱਖੀ ਦੀ ਤਨਮਨ ਨਾਲ ਸੇਵਾ ਕੀਤੀ ਤਿੰਨ ਸਿੱਖਾਂ ਦੇ ਅਧੀਨ ਸਿੱਖੀ ਪ੍ਰਚਾਰ ਦੇ ਕੇਂਦਰ ਕਾਇਮ ਕੀਤੇ ਸੰਨਿਆਸੀ ਭਗਤ ਭਗਵਾਨ ਨੂੰ ਪੁਰਬ ਵਲ, ਸੁਥਰੇ ਸ਼ਾਹ ਨੂੰ ਦਿੱਲੀ ਤੇ ਭਾਈ ਫੇਰੂ ਨੂੰ ਰਾਜਸਥਾਨ ਤੇ ਦੁਆਬਾ-ਬਾਰੀ ਵਲ ਭੇਜਿਆ। ਕੈਥਲ ਤੇ ਬਾਗੜੀਆਂ ਖਾਨਦਾਨਾਂ ਦੇ ਮੋਢੀਆਂ ਨੂੰ ਮਾਲਵੇ ਦੇ ਇਲਾਕੇ ਵਲ ਪ੍ਰਚਾਰ ਕਰਨ ਲਈ ਨਿਯਤ ਕੀਤਾ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤਿਆਰ ਕਰਵਾਈਆਂ ਆਪਣੀ ਹੱਥੀਂ ਮੂਲ ਮੰਤਰ ਨੂੰ ਨਿਖੇੜ ਕੇ ਲਿਖਿਆ ਤਾਂਕਿ ਬਾਣੀ ਪੜ੍ਹਨ ਤੇ ਸਮਝਣ ਵਿਚ ਆਸਾਨੀ ਰਹੇ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਇਕ ਬਾਗ ਬਣਵਾਇਆ ਸੀ, ਜਿਸਦਾ ਬਹੁਤਾ ਵਿਕਾਸ ਗੁਰੂ ਹਰਿ ਰਾਇ ਸਾਹਿਬ ਵਕਤ ਹੋਇਆ। ਉਸ ਵਿਚ ਕਈ ਤਰ੍ਹਾਂ ਦੇ ਫਲ ਤੇ ਜੜੀ ਬੂਟਿਆਂ ਲਗਵਾਈਆਂ ਗਈਆਂ ਜੋ ਆਪਜੀ ਦੇ ਸ਼੍ਰਫਾਖਾਨੇ ਤੇ ਦਵਾਖਨੇ ਵਿਚ ਕੰਮ ਆਈਆਂ। ਆਪਜੀ ਦੇ ਵਕਤ ਕੀਰਤਪੁਰ ਦੀ ਆਬਾਦੀ ਇਤਨੀ ਵਧ ਗਈ ਕਿ ਕਈ ਬਸਤੀਆਂ ਬਣ ਗਈਆਂ, ਵੱਖ-ਵੱਖ ਥਾਵਾਂ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ 52 ਬਾਗ ਲਗਵਾਏ, ਜਿਨ੍ਹਾ ਦੀ ਦੇਖ ਭਾਲ ਕਰਨ ਲਈ ਸਿਆਣੇ ਮਾਲੀਆਂ ਦਾ ਇੰਤਜ਼ਾਮ ਕੀਤਾ ਗਿਆ। ਚੰਗੇ ਬਾਗ ਤਿਆਰ ਕਰਨ ਵਾਲੇ ਮਾਲੀਆਂ ਨੂੰ ਇਨਾਮ ਦਿੱਤੇ ਜਾਂਦੇ ਕੀਰਤਪੁਰ ਅਜ ਵੀ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ।
ਕਰਤਾਰਪੁਰ ਵਿਚ ਗੰਗਸਰ ਖੂਹ ਨੂੰ ਪਕਾ ਕਰਵਾਇਆ ਡਰੋਲੀ ਵਿਚ ਮਾਤਾ ਦਮੋਦਰੀ ਦੀ ਯਾਦ ਵਜੋਂ ਖੂਹ ਨੂੰ ਸੰਪੂਰਨ ਕਰਵਾਇਆ ਜੋ ਛੇਵੇਂ ਪਾਤਸ਼ਾਹ ਵਕਤ ਸ਼ੁਰੂ ਹੋਇਆ ਸੀ। ਨੂਰ ਮਹਲ ਵਿਚ ਇਕ ਬਾਗ ਵਿਚ ਧਰਮਸਾਲ ਬਣਾਉਣ ਦਾ ਆਦੇਸ਼ ਦਿੱਤਾ। ਗੁਰੂ ਸਰ ਦੇ ਨੇੜੇ ਲਹਿਰਾ ਤੇ ਮਹਿਰਾਜ ਪਿੰਡ ਵਸਾਏ ਕਸ਼ਮੀਰ ਦੇ ਡੇਰੇ ਤੇ ਨੇਜਾ ਮਾਰ ਕੇ ਖੂਹ ਬਣਵਾਇਆ ਕਿਉਂਕਿ ਸਾਰੇ ਨਗਰ ਵਿਚ ਇਕ ਹੀ ਖੂਹ ਸੀ ਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਦਾਂ ਸੀ।
ਗੁਰੂ ਸਾਹਿਬ ਨੇ ਸਚ ਖੰਡ ਦੀ ਵਾਪਸੀ ਦਾ ਸਮਾ ਜਾਣ ਕੇ ਆਪਣੇ ਛੋਟੇ ਸਾਹਿਬਜਾਦੇ ਜੋ ਅਜੇ ਮਸਾ ਕੁ 5 ਵਰਿ੍ਹਆਂ ਦੇ ਸੀ ਗੁਰਗੱਦੀ ਲਈ ਧਾਪਿਆ, ਵੱਡਾ ਪੁੱਤਰ ਤੇ ਪਹਿਲੇ ਹੀ ਬੇਮੁੱਖ ਹੋ ਚੁੱਕਾ ਸੀ। 6 ਅਕਤੂਬਰ, 1661 ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ ਆਪਜੀ ਦਾ ਦੇਹ ਸਸਕਾਰ ਸੁਤਲੁਜ ਦੇ ਕੰਢੇ ਤੇ ਅਸਥੀਆਂ ਪਾਤਾਲਪੁਰੀ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ।
ਓਪਦੇਸ਼ : ਉਹ ਆਪ ਬਾਣੀ ਨੂੰ ਬੇਹੱਦ ਪਿਆਰ ਕਰਦੇ ਇਥੋਂ ਤੱਕ ਬਾਣੀ ਸੁਣਦੇ ਸੁਣਦੇ ਇਤਨੇ ਲੀਨ ਹੋ ਜਾਂਦੇ ਕਿ ਆਪਣੇ ਆਪ ਨੂੰ ਭੁਲ ਜਾਂਦੇ।
ਅਕਾਲ ਪੁਰਖ ਤੇ ਭਰੋਸਾ ਕਰੋ ਬਿਨਾ ਕਿਸੇ ਹੀਲ ਹੁਜਤ ਤੋਂ ਸ਼ੁਭ ਅਮਲ ਤੇ ਸੱਚੀ ਸੁਚੀ ਕਿਰਤ ਕਰੋ ਕਿਸੇ ਨੂੰ ਮੰਦਾ ਨਾ ਆਖੋ ਨਾ ਹੀ ਕਿਸੇ ਦਾ ਦਿਲ ਦੁਖਾਓ ਕਾਮ ਕ੍ਰੋਧ ਲੋਹ ਮੋਹ ਹੰਕਾਰ ਨੂੰ ਤਿਆਗੋ ਸੰਗਤ ਸੰਸਾਰ ਨੂੰ ਪਾਰ ਕਰਨੇ ਦਾ ਜਹਾਜ਼ ਹੈ ।
ਅਤਿਥੀ ਦਾ ਆਦਰ ਸਤਕਾਰ ਕਰੋ ਮਾਂ-ਪਿਓ ਦੀ ਸੇਵਾ ਇਕ ਉਤਮ ਸੇਵਾ ਤੇ ਭਗਤੀ ਹੈ ਦਸ਼ਵੰਧ ਕੱਢੋ ਜਿਸ ਨਾਲ ਲੋੜਵੰਦਾਂ ਭੁਖਿਆ ਤੇ ਗਰੀਬਾਂ ਦੀ ਸੇਵਾ ਹੋਵੇ।
ਜੋ ਹੋ ਉਸ ਨੂੰ ਛੁਪਾਣ ਦੀ ਕੋਸ਼ਿਸ਼ ਨਾ ਕਰੋ ਜੋ ਨਹੀਂ ਹੋ ਉਸ ਨੂੰ ਦਿਖਣ ਦੀ ਕੋਸ਼ਿਸ਼ ਨਾ ਕਰੋ ਇਰਾਦੇ ਵਿਚ ਦ੍ਰਿੜ ਰਹੋ ਸੋਚ ਸਮਝ ਕੇ ਫੈਸਲਾ ਕਰੋ ਫਿਰ ਡੋਲੋ ਨਹੀਂ।
ਸਿੱਖ ਕੌਮ ਨੂੰ ਟੋਪੀ ਨਾ ਪਾਉਣ ਤਮਾਕੂ ਨਾ ਪੀਣ ਤੇ ਕੇਸ ਨਾ ਕਤਲ ਕਰਨ ਦੀ ਹਿਦਾਇਤ ਦਿੱਤੀ।