ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੋਧ ਦੇ ਨਾਮ ’ਤੇ ਮਨਮੱਤੀਆਂ ਤਬਦੀਲੀਆਂ ਨਾ-ਬਰਦਾਸ਼ਤਯੋਗ

ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੋਧ ਦੇ ਨਾਮ ’ਤੇ ਮਨਮੱਤੀਆਂ ਤਬਦੀਲੀਆਂ ਨਾ-ਬਰਦਾਸ਼ਤਯੋਗ


ਜਥੇਦਾਰ ਜਲਦ ਸੱਦਣ ਸਿੱਖ ਜੱਥੇਬੰਦੀਆਂ ਦੀ ਮੀਟਿੰਗ : ਫੈਡਰੇਸਨ ਗਰੇਵਾਲ
ਨਵੀਂ ਦਿੱਲੀ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾਈ ਕਾਇਮ ਰੱਖਣਾ ਹੈ ’ਪ੍ਰਗਟ ਗੁਰਾਂ ਕੀ ਦੇਹ’ ਹੋਣ ਕਰਕੇ ਇਸ ’ਚ ਕੋਈ ਵਾਧਾ ਘਾਟਾ ਕਰਨ ਦਾ ਜਾਂ ਇਸ ਦੀ ਤਰਤੀਬ ਨੂੰ ਬਦਲਣ ਦਾ ਜਾਂ ਕਿਸੇ ਅੱਖਰ ਲਗਾਮਾਤਰ ਆਦਿ ਦੀ ਤਬਦੀਲੀ ਕਰਨ ਦਾ ਕਿਸੇ ਵਿਅਕਤੀ ਵਿਸੇਸ ਜਾਂ ਸੰਸਥਾ ਨੂੰ ਕੋਈ ਅਧਿਕਾਰ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸਨ ਦੇ ਮੁੱਖ ਸੇਵਾਦਾਰ ਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਾਥੀਆਂ ਵੱਲੋਂ ਜਲੰਧਰ ਵਿਖੇ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਅਨੰਦ (ਸਿੱਖ ਬੁੱਕ ਕਲੱਬ ਵਾਲੇ) ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ’ਚੋਂ ਸੋਧਾਂ ਦੇ ਨਾਮ ਹੇਠ ਮਨਮੱਤੀ ਤਬਦੀਲੀਆਂ ਕੀਤੇ ਜਾਣ ਦੇ ਖਿਲਾਫ ਵਿਰੋਧ ਦਰਜ ਕਰਵਾਉਣ ਸਮੇਂ ਪ੍ਰਗਟ ਕੀਤਾ। ਭਾਈ ਗਰੇਵਾਲ ਤੇ ਸਾਥੀਆਂ ਨੇ ਡੂੰਘੀ ਫਿਕਰਮੰਦੀ ਦਾ ਇਜਹਾਰ ਕਰਦਿਆਂ ਕਿਹਾ ਕਿ ਥਮਿੰਦਰ ਸਿੰਘ ਅਤੇ ਉਨ੍ਹਾਂ ਦੇ ਪਿੱਛੇ ਕੰਮ ਕਰ ਰਹੀਆਂ ਸਕਤੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੱਡਾ ਫੇਰ ਬਦਲ ਕੀਤਾ ਹੈ, ਜੋ ਨਾ-ਬਰਦਾਸਤਯੋਗ ਸਰਾਰਤ ਅਤੇ ਘੋਰ ਬੇਅਦਬੀ ਤੋਂ ਘੱਟ ਨਹੀਂ ਹੈ। ਇਤਿਹਾਸ ਵਿਚ ਇਕ ਅੱਖਰ ਬਦਲਣ ਬਦਲੇ ਗੁਰੂ ਪੁੱਤਰ ਰਾਮਰਾਏ ਨੂੰ ਗੁਰੂ ਸਾਹਿਬ ਜੀ ਨੇ ਮੂੰਹ ਨਹੀਂ ਲਾਇਆ ਸੀ, ਉਸੇ ਤਰਜ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੀਤੀਆਂ ਗਈਆਂ ਤਬਦੀਲੀਆਂ ਜੋ ਗੁਰਮਤਿਆਂ ਅਤੇ ਪੰਥਕ ਫੈਸਲਿਆਂ ਨੂੰ ਪੂਰਨ ਰੂਪ ’ਚ ਅਣਡਿੱਠ ਕਰਕੇ ਕੀਤੀਆਂ ਗਈਆਂ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਹਮਲਾ ਸਿੱਖ ਕੌਮ ਦੀ ਆਸਥਾ ਅਤੇ ਸਿਧਾਂਤਕ ਧੁਰੇ ਨੂੰ ਕਮਜੋਰ ਕਰਨ ਅਤੇ ਕੌਮ ਅੰਦਰ ਦੁਬਿਧਾ ਪਾਉਣ ਦੀ ਨਾਕਾਮ ਕੋਸ਼ਿਸ਼ ਹੈ। ਇਹ ਵੀ ਵਿਚਾਰਨ ਦਾ ਵਿਸਾ ਹੈ ਕਿ ਅਜਿਹਾ ਹਮਲਾ ਉਸ ਸਮੇਂ ਕੀਤਾ ਗਿਆ, ਜਦ ਕੌਮ ਧਾਰਮਿਕ ਅਤੇ ਰਾਜਸੀ ਪਿੜ ਅੰਦਰ ਵੰਡੀਆਂ ਦਾ ਸ਼ਿਕਾਰ ਹੋਈ ਪਈ ਹੈ। ਭਾਈ ਗਰੇਵਾਲ ਨੇ ਕਿਹਾ ਕਿ ਅਸੀ ਯਾਦ ਕਰਵਾਉਣਾ ਚਾਹੁੰੰਦੇ ਹਾਂ ਕਿ ਸਿੱਖਾਂ ਦੇ ਮਿਸਲਾਂ ਦੇ ਇਤਿਹਾਸ ਵੇਲੇ ਵੀ ਅਜਿਹਾ ਸਮਾਂ ਆਇਆ, ਜਦ ਸਿੱਖਾਂ ਅੰਦਰ ਆਪਸੀ ਟਕਰਾਅ ਅਤੇ ਮਤਭੇਦ ਸਿੱਖਰਾਂ ’ਤੇ ਹੁੰਦਿਆਂ ਹੋਇਆ ਵੀ ਗੁਰੂ ਸਿਧਾਂਤ ਅਤੇ ਗੁਰਧਾਮਾਂ ’ਤੇ ਹਮਲਾਵਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇਕੱਠੇ ਹੋ ਕੇ ਦੁਸਮਣ ਨੂੰ ਭਾਜੀ ਮੋੜਦੇ ਰਹੇ ਹਾਂ ਅੱਜ ਸਮਾਂ ਮੰਗ ਕਰਦਾ ਹੈ ਕਿ ਸਮੁੱਚਾ ਸਿੱਖ ਭਾਈਚਾਰਾ ਆਪਣੇ ਵਿਚਾਰਕ ਵੱਖਰੇਵਿਆਂ, ਧੜਿਆਂ ਅਤੇ ਮੱਤਾ ਤੋਂ ਉਪਰ ਉਠ ਕੇ ਸਿੱਖੀ ਦੀ ਬੁਨਿਆਦ ’ਤੇ ਹੋ ਰਹੇ ਹੱਲੇ ਨੂੰ ਟਾਕਰਾ ਦੇਈਏ। ਸਮੁੱਚਾ ਪੰਥ ਇਕਮੱਤ ਹੋਵੇ ਤਾਂ ਕਿ ਹਰ ਪ੍ਰਕਾਰ ਜਾਂ ਕਿਸੇ ਵੀ ਵਸੀਲੇ ਗੁਰਬਾਣੀ ਦਾ ਸਨਮਾਨ ਅਤੇ ਸਤਿਕਾਰ ਬਣਿਆ ਰਹੇ। ਉਕਤ ਆਗੂਆਂ ਨੇ ਕਿਹਾ ਕਿ ਜਿੱਥੇ ਥਮਿੰਦਰ ਸਿੰਘ ਤੇ ਉਸ ਦੇ ਪਿੱਛੇ ਕੰਮ ਰਹੀਆਂ ਸਿੱਖ ਵਿਰੋਧੀ ਸਕਤੀਆਂ ਨੂੰ ਉਜਾਗਰ ਕਰਨਾ ਸਮੇਂ ਦੀ ਲੋੜ ਹੈ, ਉਥੇ ਪੰਥ ਦੀਆਂ ਮਹਾਨ ਪਦਵੀਆਂ ਤੋਂ ਸੇਵਾ ਮੁਕਤ ਸਖਸੀਅਤਾਂ ਪ੍ਰੋ: ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ ਤੇ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਆਪਾਂ ਵਿਰੋਧੀ ਬਿਆਨਬਾਜੀ ਨੂੰ ਵੀ ਗੰਭੀਰਤਾ ਨਾਲ ਵਾਚਣ ਦੀ ਲੋੜ ਹੈ। ਇਨ੍ਹਾਂ ਸਾਬਕਾ ਜੱਥੇਦਾਰਾਂ ਵੱਲੋਂ ਆਪਣੇ ਕਾਰਜ ਕਾਲ ’ਚ ਜਾਰੀ ਹੁਕਮਨਾਮਿਆਂ ’ਚ ਬਾਣੀ ਅੰਦਰ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ ਪੰਥ ਵਿਰੋਧੀ ਬਿਆਨਿਆਂ ’ਤੇ ਅੱਜ ਆਪਣੇ ਸ੍ਰੋਮਣੀ ਕਮੇਟੀ ਨੂੰ ਲਿਖੇ ਪੱਤਰਾਂ ਰਾਹੀਂ ਥਮਿੰਦਰ ਸਿੰਘ ਵੱਲੋਂ ਨਿੱਜੀ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਛਪਾਈ ਦੀ ਹਮਾਇਤ ਅਤੇ ਪੰਥ ਵਿਰੋਧੀ ਕਾਰੇ ਦੇ ਹੱਕ ’ਚ ਖੜ੍ਹਨਾ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਰਿਹਾ ਹੈ। ਫੈਡਰੇਸਨ ਆਗੂਆਂ ਨੇ ਕਿਹਾ ਕਿ ਕੌਮ ਉਠੇ ਥਮਿੰਦਰ ਸਿੰਘ ਉਸ ਦੇ ਲੁਕਵੇਂ ਤੇ ਪ੍ਰਤੱਖ ਹਮਾਇਤੀਆਂ ਖਿਲਾਫ ਪੰਥਕ ਰਵਾਇਤਾਂ ਅਧੀਨ ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਸਖਤ ਫੈਸਲੇ ਲੈਣ। ਫੈਡਰੇਸਨ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਜਲਦ ਬੁਲਾਈ ਜਾਵੇ। ਇਸ ਮੌਕੇ ਜੱਥੇਦਾਰ ਗੁਰਬਖਸ ਸਿੰਘ ਖਾਲਸਾ, ਸੁਖਮਿੰਦਰ ਸਿੰਘ ਰਾਜਪਾਲ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਗੁਰਜੀਤ ਸਿੰਘ ਗੱਗੀ, ਦਿਲਬਾਗ ਸਿੰਘ ਵਿਰਕ, ਗੁਰਬਖਸ ਸਿੰਘ ਸੇਖੋਂ, ਕੁਲਜੀਤ ਸਿੰਘ ਧੰਜਲ, ਜਸਵਿੰਦਰ ਸਿੰਘ ਹੁਸ਼ਿਆਰਪੁਰ, ਸਰਦੂਲ ਸਿੰਘ ਫਗਵਾੜਾ ਆਦਿ ਮੌਜੂਦ ਸਨ।