ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪ੍ਰੇਰਨਾ ਦਾ ਪਾਤਰ

ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪ੍ਰੇਰਨਾ ਦਾ ਪਾਤਰ


ਡਾ. ਧਰਮ ਸਿੰਘ

ਇਤਿਹਾਸ ਲੇਖਣ ਕਦੀ ਵੀ ਮੁਕੰਮਲ ਨਹੀਂ ਹੁੰਦਾ ਅਤੇ ਇਸ ਵਿਚ ਹਰ ਸਮੇਂ ਖੋਜ ਅਤੇ ਨਵੀਆਂ ਲੱਭਤਾਂ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਇਹ ਗੱਲ ਪੰਜਾਬ ਦੇ ਇਤਿਹਾਸ ਬਾਰੇ ਵੀ ਓਨੀ ਹੀ ਸੱਚ ਹੈ। ਸਿੱਖ ਇਤਿਹਾਸ ਵਿਚ ਦੋ ਮੁਲਾਕਾਤਾਂ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ। ਪਹਿਲੀ ਮੁਲਾਕਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਾਈ ਲਹਿਣਾ ਜੀ ਨਾਲ ਹੈ ਅਤੇ ਦੂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਾ ਬਹਾਦਰ ਨਾਲ ਹੈ। ਇਨ੍ਹਾਂ ਦੋਵਾਂ ਮੁਲਾਕਾਤਾਂ ਵਿਚ ਇਕ ਗੱਲ ਸਾਂਝੀ ਹੈ ਕਿ ਗੁਰੂ ਸਾਹਿਬਾਨ ਦੀ ਪ੍ਰੇਰਨਾ ਜਾਂ ਸਿੱਖਿਆ ਨਾਲ ਦੂਜੀਆਂ ਦੋਹਾਂ ਸ਼ਖ਼ਸੀਅਤਾਂ ਦੀ ਮੁਕੰਮਲ ਤੌਰ ’ਤੇ ਕਾਇਆ ਕਲਪ ਹੋ ਗਈ। ਅੱਜ ਅਸੀਂ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਾ ਬਹਾਦਰ ਨਾਲ ਮੁਲਾਕਾਤ ਬਾਰੇ ਕੁਝ ਗੱਲਾਂ ਕਰਾਂਗੇ।
ਬੰਦਾ ਸਿੰਘ ਬਹਾਦਰ ਦਾ ਜੀਵਨ ਬਿਰਤਾਂਤ ਬੜਾ ਵਚਿੱਤਰ ਪਰ ਘਟਨਾਵਾਂ ਭਰਪੂਰ ਹੈ। ਜੰਮੂ-ਕਸ਼ਮੀਰ ਪ੍ਰਾਂਤ ਦੇ ਇਕ ਛੋਟੇ ਜਿਹੇ ਪਿੰਡ ਵਿਚ ਜਨਮ ਲੈ ਕੇ ਅਤੇ ਕਈ ਤਰ੍ਹਾਂ ਦੀਆਂ ਧਾਰਮਿਕ ਅਤੇ ਰਾਜਨੀਤਕ ਤਬਦੀਲੀਆਂ ਵਿਚ ਦੀ ਗੁਜ਼ਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਨਾ ਕੇਵਲ ਉਹ ਯੁੱਗ ਪਲਟਾਊ ਸੂਰਬੀਰਾਂ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ, ਸਗੋਂ ਉਸ ਨੇ ਪੰਜਾਬ ਅਤੇ ਭਾਰਤ ਦੇ ਇਤਿਹਾਸ ਉੱਪਰ ਅਮਿਟ ਪ੍ਰਭਾਵ ਵੀ ਛੱਡਿਆ। ਬੰਦੇ ਬਹਾਦਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਦਾ ਕੁਝ ਥਹੁ-ਪਤਾ ਦੀਪਕ ਜੈਤੋਈ ਨੇ ਆਪਣੇ ਮਹਾਕਾਵਿ ‘ਮਾਲਾ ਕਿਉਂ ਤਲਵਾਰ ਬਣੀ?’ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ‘ਮਾਲਾ ਕਿਉਂ ਤਲਵਾਰ ਬਣੀ?‘ ਮਹਾਕਾਵਿ ਵਿਚ ਇਸ ਦਾ ਵਿਸ਼ਾ ਬੀਜ ਰੂਪ ਵਿਚ ਛੁਪਿਆ ਹੋਇਆ ਹੈ। ਬੰਦਾ ਸਿੰਘ ਬਹਾਦਰ ਦਸਮ ਗੁਰੂ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਇਕ ਸਾਧੂ, ਵੈਰਾਗੀ ਜਾਂ ਸੰਨਿਆਸੀ ਸੀ। ਕਈ ਲੋਕ ਉਸ ਨੂੰ ਰਿੱਧੀਆਂ ਸਿੱਧੀਆਂ ਦੇ ਮਾਲਕ ਤਾਂਤਰਿਕ ਵੀ ਮੰਨਦੇ ਹਨ। ਬਹਰਹਾਲ ਸਾਡਾ ਸਰੋਕਾਰ ਕੇਵਲ ਏਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਜਿਹੀ ਕਿਹੜੀ ਪ੍ਰੇਰਨਾ ਸੀ, ਜਿਸ ਨੇ ਬੰਦੇ ਜਿਹੇ ਵਿਰਕਤ ਮਾਲਾਧਾਰੀ ਵੈਰਾਗੀ ਸਾਧੂ ਨੂੰ ਖੜਗਧਾਰੀ ਸੂਰਮਾ ਬਣਾ ਧਰਿਆ। ‘ਮਾਲਾ ਕਿਉਂ ਤਲਵਾਰ ਬਣੀ?‘ ਮਹਾਕਾਵਿ ਦਾ ਇਕ ਕਾਂਡ ਪਰਿਵਰਤਨ ਕਾਂਡ ਹੈ। ਇਹ ਕਾਂਡ ਇਸ ਪੱਖੋਂ ਮਹੱਤਵਪੂਰਨ ਹੈ ਕਿ ਇਸ ਬਿਰਤਾਂਤ ਵਿਚ ਕਵੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਦਰਸ਼ਾਂ ਅਤੇ ਬੰਦੇ ਦੀ ਸੋਚ ਦਾ ਤੁਲਨਾਤਮਿਕ ਅਧਿਐਨ ਪੇਸ਼ ਕੀਤਾ ਹੈ :
ਏਸੇ ਤਰਾਂ ਮਾਧੋ ਆਪਣੇ ਰਾਹ ਉੱਤੇ,
ਲਗਾਤਾਰ ਤੁਰਦੇ ਜਾ ਰਹੇ ਸਨ।
ਮਾਧੋ ਆਪਣੀ ਖੇਡ ਰਚਾ ਰਿਹਾ ਸੀ,
ਸਤਿਗੁਰ ਆਪਣੇ ਕੌਤਕ ਵਿਖਾ ਰਹੇ ਸਨ।
ਜ਼ਫ਼ਰਨਾਮਾ ਔਰੰਗਜ਼ੇਬ ਨੂੰ ਭੇਜ ਕੇ ਗੁਰੂ ਸਾਹਿਬ ਉਸ ਦੇ ਜੁਆਬ ਦਾ ਇੰਤਜ਼ਾਰ ਕਰ ਰਹੇ ਸਨ। ਇਸ ਜ਼ਫ਼ਰਨਾਮੇ ਦਾ ਔਰੰਗਜ਼ੇਬ ਦੀ ਮਾਨਸਿਕਤਾ ਉੱਪਰ ਜੋ ਅਸਰ ਹੋਇਆ, ਉਹ ਇਤਿਹਾਸ ਦਾ ਭਾਗ ਹੈ ਪਰ ਉੱਤਰ ਲਿਖਣ ਤੋਂ ਪਹਿਲਾਂ ਹੀ ਔਰੰਗਜ਼ੇਬ ਦਾ ਦਿਹਾਂਤ ਹੋ ਗਿਆ। ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਪੁੱਤਰ ਸ਼ਹਿਬਜ਼ਾਦਾ ਮੁਅੱਜੁਮ ਦੀ ਗੱਦੀਨਸ਼ੀਨੀ ਵਿਚ ਮਦਦ ਕੀਤੀ ਸੀ। ਸ਼ਹਿਜ਼ਾਦਾ ਮੁਅੱਜੁਮ ਅਤੇ ਗੁਰੂ ਗੋਬਿੰਦ ਸਿੰਘ ਜੀ, ਕਾਮ ਬਖਸ਼ ਦੀ ਬਗ਼ਾਵਤ ਦਬਾਉਣ ਲਈ ਦੱਖਣ ਵੱਲ ਤੁਰ ਪਏ। ਰਸਤੇ ਵਿਚ ਗੁਰੂ ਜੀ ਨੇ ਬਾਦਸ਼ਾਹ ਸਾਹਮਣੇ ਆਪਣੀਆਂ ਕੁਝ ਮੰਗਾਂ ਰੱਖੀਆਂ ਪਰ ਉਸ ਨੇ ਕੋਈ ਹੁੰਗਾਰਾ ਨਾ ਭਰਿਆ। ਇਥੋਂ ਗੁਰੂ ਜੀ ਬਾਦਸ਼ਾਹ ਨਾਲੋਂ ਵੱਖ ਹੋ ਗਏ। ਜਦ ਚਲਦੇ-ਚਲਦੇ ਗੁਰੂ ਸਾਹਿਬ ਪਿੰਡ ਨਰਾਇਣੇ ਪੁਹੰਚੇ ਤਾਂ ਉਥੇ ਉਨ੍ਹਾਂ ਦਾ ਮੇਲ ਇਕ ਦਾਦੂਪੰਥੀ ਸਾਧੂ ਜੈਤ ਰਾਮ ਨਾਲ ਹੋ ਗਿਆ। ਜੈਤ ਰਾਮ ਕੋਲੋਂ ਗੁਰੂ ਸਾਹਿਬ ਨੂੰ ਬੰਦਾ ਬਹਾਦਰ ਬਾਰੇ ਕਾਫ਼ੀ ਜਾਣਕਾਰੀ ਮਿਲ ਗਈ। ਗੁਰੂ ਸਾਹਿਬ ਜਦ ਬੰਦੇ ਦੇ ਡੇਰੇ ਪਹੁੰਚੇ ਤਾਂ ਉਹ ਉਥੇ ਨਹੀਂ ਸੀ। ਗੁਰੂ ਜੀ ਨਾਲ ਗਏ ਸਿੰਘਾਂ ਨੇ ਜਾਂਦਿਆਂ ਹੀ ਇਕ ਬੱਕਰਾ ਝਟਕਾਅ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਪਲੰਘ ‘ਤੇ ਜਾ ਬੈਠੇ। ਚੇਲਿਆਂ ਨੇ ਬੱਕਰੇ ਵਾਲੀ ਖ਼ਬਰ ਮਾਧੋ ਦਾਸ ਤੱਕ ਪੁਹੰਚਾ ਦਿੱਤੀ। ਖੂਨ ਨਾਲ ਅਪਵਿੱਤਰ ਹੋ ਗਏ ਡੇਰੇ ਦੀ ਖ਼ਬਰ ਸੁਣ ਕੇ ਉਹ ਵਾਹੋ-ਦਾਹੀ ਲਾਲ-ਪੀਲਾ ਹੋਇਆ ਡੇਰੇ ਪੁੱਜਾ ਅਤੇ ਆਉਂਦਿਆਂ ਹੀ ਗੁਰੂ ਜੀ ਉੱਪਰ ਸੁਆਲਾਂ ਦੀ ਝੜੀ ਲਾ ਦਿੱਤੀ। ਸਭ ਤੋਂ ਵੱਡਾ ਦੁੱਖ ਉਸ ਨੂੰ ਡੇਰੇ ਵਿਚ ਖ਼ੂਨ ਨਾਲ ਭਿ੍ਰਸ਼ਟ ਹੋਣ ਦਾ ਸੀ। ਇਸ ਤੋਂ ਅੱਗੇ ਦੀਪਕ ਜੈਤੋਈ ਨੇ ਗੁਰੂ ਸਾਹਿਬ ਅਤੇ ਬੰਦੇ ਦਰਮਿਆਨ ਜੋ ਵਾਰਤਾਲਾਪ ਸਿਰਜੀ ਹੈ, ਉਹ ਨਿਸਚੇ ਹੀ ਪਾਠਕ ਦੇ ਕਪਾਟ ਖੋਲ੍ਹਣ ਵਾਲੀ ਹੈ।
ਗੁਰੂ ਸਾਹਿਬ ਨੇ ਪੰਜਾਬ ਵਿਚ ਮੁਗ਼ਲਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਦੱਸਿਆ ਅਤੇ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਾਰੇ ਵੀ ਰੌਸ਼ਨੀ ਪਾਈ। ਇਥੇ ਇਹ ਉਲੇਖਯੋਗ ਹੈ ਕਿ ਇਸਲਾਮ ਦੇ ਸਿਧਾਂਤਾਂ ਵਿਚ ਬਿਰਧ ਔਰਤਾਂ ਅਤੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦੀ ਮਨਾਹੀ ਹੈ। ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਵੀ ਨਵਾਬ ਸਰਹਿੰਦ ਨੂੰ ਇਹੋ ਤਰਕ ਦਿੱਤਾ ਸੀ। ਜ਼ੁਲਮ ਦੀਆਂ ਕਹਾਣੀਆਂ ਸੁਣ ਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਕਨਾਤੀਸੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਬੰਦੇ ਵਿਚਲਾ ਸੁੱਤਾ ਪਿਆ ਸੂਰਬੀਰ ਜਾਗ ਪਿਆ। ਉਸ ਨੂੰ ਲੱਗਿਆ ਕਿ ਜੇ ਉਹ ਇਕ ਜਾਨਵਾਰ ਦੇ ਖੂਨ ਨਾਲ ਆਪਣਾ ਡੇਰਾ ਭਿ੍ਰਸ਼ਟ ਹੋਇਆ ਮੰਨਦਾ ਹੈ ਤਾਂ ਪੰਜਾਬ ਵਿਚ ਤਾਂ ਅਨੇਕਾਂ ਮਨੁੱਖਾਂ ਦਾ ਖ਼ੂਨ ਹਰ ਰੋਜ਼ ਡੁੱਲ੍ਹ ਰਿਹਾ ਹੈ ਅਤੇ ਇੰਜ ਸਾਰਾ ਪੰਜਾਬ ਹੀ ਅਪਵਿੱਤਰ ਹੋਇਆ ਪਿਆ ਹੈ। ਇੰਜ ਬੰਦਾ ਗੁਰੂ ਸਾਹਿਬ ਦੀ ਪ੍ਰੇਰਨਾ ਅਤੇ ਕਿਰਪਾ ਦਾ ਪਾਤਰ ਬਣ ਪਾਪੀਆਂ ਨੂੰ ਦੰਡ ਦੇਣ ਦੇ ਇਰਾਦੇ ਨਾਲ ਪੰਜਾਬ ਵੱਲ ਚਲ ਪਿਆ। ਗੁਰੂ ਜੀ ਨੇ ਬੰਦੇ ਨੂੰ ਝੰਡਾ, ਖੰਡਾ, ਨਗਾਰਾ, ਨਿੱਜੀ ਭੱਥੇ ਵਿਚੋਂ ਪੰਜ ਤੀਰ ਬਖ਼ਸ਼ ਕੇ ਇਤਬਾਰੀ ਸਿੰਘਾਂ ਨਾਲ ਪੰਜਾਬ ਵੱਲ ਤੋਰ ਦਿੱਤਾ। ਬੰਦੇ ਦੀ ਸਹਾਇਤਾ ਲਈ ਮੁਖੀ ਸਿੱਖਾਂ ਦੇ ਨਾਂਅ ਹੁਕਮਨਾਮਾ ਵੀ ਲਿਖ ਦਿੱਤਾ। ਦੀਪਕ ਜੈਤੋਈ ਇਸ ਮਹਾਕਾਵਿ ਵਿਚ ਇਕ ਚਿੰਤਕ ਵਜੋਂ ਵੀ ਸਾਹਮਣੇ ਆਉਂਦਾ ਹੈ। ‘ਮਾਲਾ ਕਿਉਂ ਤਲਵਾਰ ਬਣੀ?’ ਮਹਾਕਾਵਿ ਦੇ ਪਰਿਵਰਤਨ ਕਾਂਡ ਵਿਚ ਬੰਦੇ ਦੇ ਵਿਚਾਰਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਨ੍ਹਾਂ ਨੂੰ ਕੀਤੀ ਗਈ ਕਾਟ ਸੱਚਮੁੱਚ ਪੜ੍ਹਨਯੋਗ ਹੈ।