ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚੱਲਣ ਦਾ ਸੱਦਾ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚੱਲਣ ਦਾ ਸੱਦਾ

ਗਿਆਨੀ ਰਘੁਬੀਰ ਸਿੰਘ ਅਤੇ ਬਾਬਾ ਬਲਬੀਰ ਸਿੰਘ ਵੱਲੋਂ ਗੁਰਮਤਿ ਸਮਾਗਮ ਦਾ ਪੋਸਟਰ ਜਾਰੀ

ਸ੍ਰੀ ਅਨੰਦਪੁਰ ਸਾਹਿਬ – ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨੀ ਰਘੁਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਖਾਲਸਾ ਰਾਜ ਨਾ ਅਖਵਾਉਂਦਾ ਜੇ ਉਨ੍ਹਾਂ ਨੂੰ ਬਾਬਾ ਫੂਲਾ ਸਿੰਘ ਦਾ ਪੂਰਨ ਸਹਿਯੋਗ ਤੇ ਅਗਵਾਈ ਨਾ ਮਿਲਦੀ। ਖਾਲਸਾ ਰਾਜ ਦਾ ਵਿਸਥਾਰ ਤੇ ਸਥਾਪਨਾ ਅਕਾਲੀ ਬਾਬਾ ਫੂਲਾ ਸਿੰਘ ਦੀ ਦੇਣ ਹੈ। ਇਸ ਪੱਖ ਨੂੰ ਇਤਿਹਾਸ ਵਿੱਚ ਪੂਰਨ ਤੌਰ ’ਤੇ ਸਹੀ ਨਜ਼ਰੀਏ ਤੋਂ ਪੇਸ਼ ਕਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਸੇਧ ਲੈ ਸਕਣ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਚਾਰੇ ਪਾਸਿਆਂ ਤੋਂ ਅੱਜ ਮਾਰੂ ਹਮਲੇ ਹੋ ਰਹੇ ਹਨ। ਸਮੁੱਚੇ ਸਿੱਖ ਜਗਤ ਨੂੰ ਪੰਥ ਚੁਣੌਤੀਆਂ ਨੂੰ ਠੱਲ ਪਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚੱਲਣ ਦੀ ਲੋੜ ਹੈ। ਮਿਸਲ ਸ਼ਹੀਦਾਂ ਤਰਨਾਦਲ ਹਰੀਆਂ ਵੇਲਾਂ ਦੇ ਮੁਖੀ ਨਿਹੰਗ ਸਿੰਘ ਬਾਬਾ ਨਿਹਾਲ ਸਿੰਘ ਨੇ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਮਨਾਈ ਜਾਣੀ ਇਤਿਹਾਸ ਵਿੱਚ ਇੱਕ ਨਵੀਂ ਪੈੜ ਹੈ। ਇਸ ਮੌਕੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਸਬੰਧੀ 11, 12, 13 ਅਤੇ 14 ਮਾਰਚ ਨੂੰ ਹੋਣ ਵਾਲੇ ਸਮਾਗਮਾਂ ਦਾ ਪੋਸਟਰ ਵਿਸ਼ੇਸ਼ ਤੌਰ ’ਤੇ ਜਾਰੀ ਕੀਤਾ ਗਿਆ।

ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਕੁਹਾੜਕਾ, ਬਾਬਾ ਹਰਜੀਤ ਸਿੰਘ ਬਟਾਲੇ ਵਾਲੇ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ ਅਤੇ ਬੀਬੀ ਵਿਪਨਪ੍ਰੀਤ ਕੌਰ ਲੁਧਿਆਣਾ ਦੇ ਜਥੇ ਨੇ ਕੀਰਤਨ ਕੀਤਾ। ਨਿਹੰਗ ਸਿੰਘ ਭਾਈ ਪ੍ਰਿਤਪਾਲ ਸਿੰਘ ਪਟਿਆਲਾ ਨੇ ਅਕਾਲੀ ਫੂਲਾ ਸਿੰਘ ਬਾਰੇ ਕਥਾ-ਵਖਿਆਣ ਰਾਹੀਂ ਸਾਂਝ ਪਾਈ।

ਇਸ ਤੋਂ ਬਾਅਦ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ ਨੇ ਪੰਥਕ ਵਾਰਾਂ ਗਾਈਆਂ।

ਉਪਰੰਤ ਬੁੱਢਾ ਦਲ ਵੱਲੋਂ ਗੱਤਕੇ ਦਾ ਅਖਾੜਾ ਵੀ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਟੀਮਾਂ ਨੇ ਗੱਤਕੇ ਦੇ ਜੌਹਰ ਵਿਖਾਏ। ਇਸ ਮੌਕੇ ਦਮਦਮੀ ਟਕਸਾਲ ਭਿੰਡਰਾਂ ਵੱਲੋਂ ਗਿਆਨੀ ਹਰਦੀਪ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਵੀ ਸੰਬੋਧਨ ਕੀਤਾ। ਗਿਆਨੀ ਭਗਵਾਨ ਸਿੰਘ ਜੌਹਲ ਨੇ ਸਟੇਜ ਦੀ ਸੇਵਾ ਨਿਭਾਈ।

ਭਗਤ ਧੰਨਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਚੰਡੀਗੜ੍ਹ : ਗੁਰਦੁਆਰਾ ਸ੍ਰੀ ਭਗਤ ਧੰਨਾ ਜੀ ਸੈਕਟਰ 51 ਵਿਖੇ ਭਗਤ ਧੰਨਾ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਦੋ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲੇ, ਬੀਬੀ ਚਰਨਜੀਤ ਕੌਰ, ਭਾਈ ਅਕਵਿੰਦਰ ਸਿੰਘ, ਭਾਈ ਤਜਿੰਦਰ ਸਿੰਘ, ਅਕਾਲ ਸੰਗੀਤ ਅਕੈਡਮੀ ਤੋਂ ਵੀ ਛੋਟੇ ਬੱਚਿਆਂ ਦੇ ਕੀਰਤਨੀ ਜਥੇ, ਸੰਤ ਬਾਬਾ ਮੇਜਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਮਨਜਿੰਦਰ ਸਿੰਘ, ਸੰਤ ਬਾਬਾ ਮਨਜੀਤ ਸਿੰਘ, ਭਾਈ ਜਸਪਾਲ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ, ਬਾਬਾ ਗੁਰਦੇਵ ਸਿੰਘ ਬਨੂੜ ਵਾਲੇ, ਬਾਬਾ ਸੁਰਜੀਤ ਸਿੰਘ ਯੂਐਸਏ ਨੇ ਹਾਜ਼ਰੀ ਲਵਾਈ। ਸਮਾਗਮ ਦੌਰਾਨ ਮੁਫ਼ਤ ਕੈਂਸਰ ਜਾਂਚ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ।