ਸ੍ਰੀਲੰਕਾ: ਲੋਕਾਂ ਦੇ ਦਬਾਅ ਮਗਰੋਂ ਰਾਸ਼ਟਰਪਤੀ ਰਾਜਪਕਸਾ ਵੱਲੋਂ ਅਸਤੀਫਾ ਦੇਣ ਦਾ ਐਲਾਨ

ਸ੍ਰੀਲੰਕਾ: ਲੋਕਾਂ ਦੇ ਦਬਾਅ ਮਗਰੋਂ ਰਾਸ਼ਟਰਪਤੀ ਰਾਜਪਕਸਾ ਵੱਲੋਂ ਅਸਤੀਫਾ ਦੇਣ ਦਾ ਐਲਾਨ

ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਭਵਨ ’ਤੇ ਕਬਜ਼ਾ, ਝੜਪ ’ਚ 50 ਜ਼ਖ਼ਮੀ

ਕੋਲੰਬੋ- ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ’ਚ ਅੱਜ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ’ਤੇ ਕਬਜ਼ਾ ਕਰ ਲਿਆ। ਵਿਰੋਧੀ ਪਾਰਟੀਆਂ ਅਤੇ ਲੋਕਾਂ ਦੇ ਦਬਾਅ ਮਗਰੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਦੇਰ ਰਾਤ ਐਲਾਨ ਕੀਤਾ ਕਿ ਉਹ 13 ਜੁਲਾਈ ਨੂੰ ਅਸਤੀਫਾ ਦੇ ਦੇਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਝੜਪਾਂ ਵੀ ਹੋਈਆਂ ਜਿਸ ’ਚ 45 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਸੱਤ ਪੁਲੀਸ ਕਰਮੀ ਵੀ ਸ਼ਾਮਲ ਹਨ। ਇਸ ਦੌਰਾਨ ਹੁਕਮਰਾਨ ਸਣੇ ਕਈ  ਵਿਰੋਧੀ ਪਾਰਟੀਆਂ ਦੀ ਮੀਟਿੰਗ ’ਚ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅਸਤੀਫਾ ਦੇਣ ਅਤੇ ਸਰਬ ਪਾਰਟੀ ਸਰਕਾਰ ਦੇ ਗਠਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਰਬ ਪਾਰਟੀ ਸਰਕਾਰ ਬਣਨ ਤੱਕ ਅਹੁਦੇ ’ਤੇ ਰਹਿਣਗੇ। ਦੇਰ ਰਾਤ ਲੋਕਾਂ ਨੇ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ ਤੇ ਕੁਝ ਵਾਹਨ ਸਾੜ ਦਿੱਤੇ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ  ਕਿ ਨਵੇਂ ਰਾਸ਼ਟਰਪਤੀ ਦੀ ਚੋਣ ਤੱਕ ਸਪੀਕਰ ਉਨ੍ਹਾਂ ਦਾ ਅਹੁਦਾ ਸੰਭਾਲਣਗੇ। ਰਾਸ਼ਟਰਪਤੀ ਦੀ ਕੋਲੰਬੋ ਦੇ ਉੱਚ ਸੁਰੱਖਿਆ ਵਾਲੇ ਫੋਰਟ ਇਲਾਕੇ ’ਚ ਸਰਕਾਰੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ’ਚ ਲੋਕ ਮੌਜੂਦ ਹਨ। ਪ੍ਰਦਰਸ਼ਨਕਾਰੀ ਮਾਰਚ ਮਹੀਨੇ ਤੋਂ ਰਾਜਪਕਸਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਅਤੇ ਅਪਰੈਲ ’ਚ ਉਨ੍ਹਾਂ ਦੇ ਦਫ਼ਤਰ ਬਾਹਰ ਡੇਰਾ ਲਾਏ ਜਾਣ ਮਗਰੋਂ ਉਨ੍ਹਾਂ ਰਾਸ਼ਟਰਪਤੀ ਭਵਨ ਨੂੰ ਆਪਣਾ ਟਿਕਾਣਾ ਬਣਾ ਲਿਆ ਸੀ। ਉਧਰ ਰਾਸ਼ਟਰਪਤੀ ਗੋਟਾਬਾਯਾ ਸ਼ੁੱਕਰਵਾਰ ਨੂੰ ਹੀ ਰਿਹਾਇਸ਼ ਛੱਡ ਕੇ ਕਿਸੇ ਅਣਦੱਸੀ ਥਾਂ ’ਤੇ ਚਲੇ ਗਏ ਹਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗਾ ਹੈ। ਵਾਇਰਲ ਵੀਡੀਓ ਮੁਤਾਬਕ ਵੀਆਈਪੀ ਗੱਡੀਆਂ ਦਾ ਇਕ ਕਾਫ਼ਲਾ ਕੋਲੰਬੋ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ ਜਿਥੇ ਸ੍ਰੀਲੰਕਾ ਏਆਰਲਾਈਨਜ਼ ਦਾ ਜਹਾਜ਼ ਖੜ੍ਹਾ ਸੀ। ਇਕ ਹੋਰ ਸੂਤਰ ਅਨੁਸਾਰ ਕੋਲੰਬੋ ਬੰਦਰਗਾਹ ’ਤੇ ਸਮੁੰਦਰੀ ਜਹਾਜ਼ਾਂ ’ਚ ਕੁਝ ਵਿਅਕਤੀ ਸਵਾਰ ਹੋ ਕੇ ਉਥੋਂ ਰਵਾਨਾ ਹੋਏ ਹਨ। ਰਾਸ਼ਟਰਪਤੀ ਰਾਜਪਕਸਾ ਅਤੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਧਾਰਮਿਕ ਆਗੂਆਂ, ਸਿਆਸੀ ਪਾਰਟੀਆਂ, ਮੈਡੀਕਲ ਪ੍ਰੈਕਟੀਸ਼ਨਰਾਂ, ਅਧਿਆਪਕਾਂ, ਕਿਸਾਨਾਂ, ਮਛੇਰਿਆਂ ਅਤੇ ਹੋਰ ਜਥੇਬੰਦੀਆ ਨੇ ਅੱਜ ਕੋਲੰਬੋ ਵੱਲ ਮਾਰਚ ਦਾ ਸੱਦਾ ਦਿੱਤਾ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਭਵਨ ਵੱਲ ਜਾਣ ਤੋਂ ਰੋਕਣ ਲਈ ਪੁਲੀਸ ਨੇ ਚੈਥਮ ਸਟਰੀਟ ਅਤੇ ਲੋਟਸ ਰੋਡ ’ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਪਰ ਪ੍ਰਦਰਸ਼ਨਕਾਰੀ ਲਗਾਤਾਰ ਅੱਗੇ ਵਧਦੇ ਰਹੇ। ਅੰਦੋਲਨ ‘ਹੋਲ ਕੰਟਰੀ ਟੂ ਕੋਲੰਬੋ’ ਦੇ ਪ੍ਰਬੰਧਕਾਂ ਨੇ ਕਿਹਾ ਕਿ ਨੇੜਲੇ ਸ਼ਹਿਰਾਂ ਦੇ ਲੋਕ ਵੀ ਪ੍ਰਦਰਸ਼ਨਕਾਰੀਆਂ ਦਾ ਸਾਥ ਦੇਣ ਲਈ ਕੋਲੰਬੋ ਫੋਰਟ ਪਹੁੰਚ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਰਾਜਪਕਸਾ ਦੇ ਅਸਤੀਫ਼ਾ ਦੇਣ ਤੱਕ ਪਿਛਾਂਹ ਨਹੀਂ ਹਟਣਗੇ। ਇਸ ਤੋਂ ਪਹਿਲਾਂ ਪੁਲੀਸ ਨੇ ਵਕੀਲਾਂ ਦੀਆਂ ਜਥੇਬੰਦੀਆਂ, ਮਨੁੱਖੀ ਅਧਿਕਾਰ ਗੁੱਟਾਂ ਤੇ ਸਿਆਸੀ ਪਾਰਟੀਆਂ ਦੇ ਦਬਾਅ ਹੇਠ ਕੋਲੰਬੋ ਸਮੇਤ ਪੱਛਮੀ ਸੂਬੇ ਦੀਆਂ ਸੱਤ ਡਿਵੀਜ਼ਨਾਂ ’ਚ ਸ਼ੁੱਕਰਵਾਰ ਰਾਤ 9 ਵਜੇ ਤੋਂ ਲਾਇਆ ਗਿਆ ਅਣਮਿੱਥੇ ਸਮੇਂ ਦਾ ਕਰਫਿਊ ਹਟਾ ਲਿਆ ਸੀ। ਸ੍ਰੀਲੰਕਾ ’ਚ ਅਮਰੀਕੀ ਸਫ਼ੀਰ ਜੂਲੀ ਚੰਗ ਨੇ ਮੁਲਕ ਦੀ ਫ਼ੌਜ ਅਤੇ ਪੁਲੀਸ ਨੂੰ ਅਪੀਲ ਕੀਤੀ ਸੀ ਕਿ ਉਹ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਵੇ। ਉਸ ਨੇ ਟਵੀਟ ਕਰਕੇ ਕਿਹਾ ਸੀ ਕਿ ਹਿੰਸਾ ਨਾਲ ਕੋਈ ਹੱਲ ਨਹੀਂ ਨਿਕਲੇਗਾ।

ਆਰਜ਼ੀ ਰਾਸ਼ਟਰਪਤੀ ਵਜੋਂ ਅਹੁਦਾ ਸਾਂਭੇਗਾ ਸਪੀਕਰ

ਕੋਲੰਬੋ:
ਸ੍ਰੀਲੰਕਾ ਦਾ ਸਿਆਸੀ ਸੰਕਟ ਸੁਲਝਾਉਣ ਲਈ ਵੱਖ ਵੱਖ ਪਾਰਟੀਆਂ ਨੇ ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਨੂੰ ਆਰਜ਼ੀ ਤੌਰ ’ਤੇ ਰਾਸ਼ਟਰਪਤੀ ਦਾ ਅਹੁਦਾ ਸਾਂਬਣ ਦੀ ਅਪੀਲ ਕੀਤੀ ਹੈ। ਸਪੀਕਰ ਵੱਲੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਅਤੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਆਪਣੇ ਅਹੁਦਿਆਂ ਤੋਂ ਲਾਂਭੇ ਹੋਣ ਲਈ ਕਿਹਾ ਗਿਆ ਹੈ। ਇਸ ਦੌਰਾਨ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਦੇ ਮੀਡੀਆ ਡਿਵੀਜ਼ਨ ਨੇ ਕਿਹਾ ਕਿ ਸਰਬ ਪਾਰਟੀ ਸਰਕਾਰ ਬਣਨ ਅਤੇ ਸੰਸਦ ’ਚ ਬਹੁਮਤ ਸਾਬਿਤ ਹੋਣ ਮਗਰੋਂ ਉਹ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਵਿਕਰਮਸਿੰਘੇ ਉਦੋਂ ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਹ ਵਿਰੋਧੀ ਧਿਰਾਂ ਦੇ ਆਗੂਆਂ ਦੀ ਸਿਫ਼ਾਰਿਸ਼ ਨਾਲ ਸਹਿਮਤ ਹਨ। ਰਾਸ਼ਟਰਪਤੀ ਰਾਜਪਕਸਾ ਦਾ ਅਜੇ ਕੋਈ ਪ੍ਰਤੀਕਰਮ ਨਹੀਂ ਮਿਲਿਆ ਹੈ। ਉਂਜ ਉਨ੍ਹਾਂ ਵਿਕਰਮਸਿੰਘੇ ਰਾਹੀਂ ਦੱਸਿਆ ਸੀ ਕਿ ਪਾਰਟੀ ਆਗੂ ਜੋ ਵੀ ਫ਼ੈਸਲਾ ਲੈਣਗੇ ਉਹ ਉਸ ਤੋਂ ਸਹਿਮਤ ਹੋਣਗੇ। ਕਾਨੂੰਨਘਾੜੇ ਦੁਲਾਸ ਅਲਾਪੱਰੁਮਾ ਨੇ ਟਵੀਟ ਕਰਕੇ ਦੱਸਿਆ ਕਿ ਆਗੂਆਂ ਨੇ ਸੰਸਦ ਦਾ ਇਜਲਾਸ ਇਕ ਹਫ਼ਤੇ ਅੰਦਰ ਸੱਦਣ ’ਤੇ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਬਹੁਮਤ ਨਾਲ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾ ਸਕੇ। ਉਸੇ ਹਫ਼ਤੇ ਸਰਬ ਪਾਰਟੀ ਸਰਕਾਰ ਵੀ ਬਣਾਈ ਜਾਵੇਗੀ।