ਸ੍ਰੀਲੰਕਾ: ਰਾਸ਼ਟਰਪਤੀ ਵਿਕਰਮਸਿੰਘੇ ਵਿਰੋਧੀਆਂ ਨੂੰ ਸਰਕਾਰ ’ਚ ਕਰਨਗੇ ਸ਼ਾਮਲ

ਸ੍ਰੀਲੰਕਾ: ਰਾਸ਼ਟਰਪਤੀ ਵਿਕਰਮਸਿੰਘੇ ਵਿਰੋਧੀਆਂ ਨੂੰ ਸਰਕਾਰ ’ਚ ਕਰਨਗੇ ਸ਼ਾਮਲ

ਕੈਬਨਿਟ ਵੱਲੋਂ ਇੱਕ ਹਫ਼ਤੇ ਵਿੱਚ ਆਮ ਵਰਗੇ ਹਾਲਾਤ ਬਹਾਲ ਕਰਨ ਬਾਰੇ ਚਰਚਾ

ਕੋਲੰਬੋ – ਸ੍ਰੀਲੰਕਾ ਵਿੱਚ ਕੈਬਨਿਟ ਨੇ ਨਵੇਂ ਚੁਣੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਦੀ ਅਗਵਾਈ ਹੇਠ ਪਹਿਲੀ ਵਾਰ ਮੀਟਿੰਗ ਕੀਤੀ ਤੇ ਆਰਥਿਕ ਸੰਕਟ ਨਾਲ ਜੂਝ ਰਹੇ ਮੁਲਕ ਵਿੱਚ ਇੱਕ ਹਫ਼ਤੇ ’ਚ ਹਾਲਾਤ ਆਮ ਵਰਗੇ ਬਹਾਲ ਕਰਨ ਬਾਰੇ ਚਰਚਾ ਕੀਤੀ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਰਾਸ਼ਟਰਪਤੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸਰਕਾਰ ’ਚ ਥਾਂ ਦੇਣ ਲਈ ਕੈਬਨਿਟ ਦਾ ਵਿਸਥਾਰ ਕਰ ਸਕਦੇ ਹਨ। ਇੱਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਸ੍ਰੀ ਵਿਕਰਮਸਿੰਘੇ ਨੇ 18 ਮੈਂਬਰੀ ਕੈਬਨਿਟ ਦੀ ਨਿਯੁਕਤੀ ਕੀਤੀ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਦਿਨੇਸ਼ ਗੁਨਾਵਰਦਨੇ ਵੀ ਸ਼ਾਮਲ ਸਨ।

ਮੀਡੀਆ ਦੀ ਇੱਕ ਰਿਪੋਰਟ ਮੁਤਾਬਕ ਕੈਬਨਿਟ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਤੇ ਰਾਸ਼ਟਰਪਤੀ ਸਕੱਤਰੇਤ ਜਿਹੀਆਂ ਸਰਕਾਰੀ ਸੰਸਥਾਵਾਂ ਦੇ ਕੰਮ-ਕਾਜ ਨੂੰ ਨਿਯਮਿਤ ਕਰਨ ਬਾਰੇ ਚਰਚਾ ਕੀਤੀ ਗਈ। ‘ਡੇਲੀ ਮਿਰਰ’ ਅਖ਼ਬਾਰ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਨਵੀਂ ਕੈਬਨਿਟ ਦੀ ਨਿਯੁਕਤੀ ਤੋਂ ਬਾਅਦ ਰਾਸ਼ਟਰਪਤੀ ਨੇ ਮੀਟਿੰਗ ਬੁਲਾਈ ਸੀ। ਇਸ ਮੌਕੇ ਕੈਬਨਿਟ ਨੂੰ ਦੱਸਿਆ ਗਿਆ ਕਿ ਮੁਲਕ ਕੋਲ ਇੱਕ ਮਹੀਨੇ ਲਈ ਲੋੜੀਂਦਾ ਈਂਧਣ ਹੈ ਤੇ ਕੋਟਾ ਪ੍ਰਣਾਲੀ ਤਹਿਤ ਵੰਡ ਤੇਜ਼ ਕੀਤੀ ਜਾਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਸੁਰੱਖਿਆ ਬਲਾਂ ਨੂੰ ਸੰਵਿਧਾਨ ਦੀ ਰਾਖੀ ਕਰਨ ਤੇ ਅਜਿਹਾ ਮਾਹੌਲ ਸਿਰਜਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ ਵਿੱਚ ਲੋਕ ਬਿਨਾਂ ਭੈਅ ਦੇ ਰਹਿ ਸਕਣ। ਇਸ ਦੌਰਾਨ ਇੱਕ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ‘ਹਿਊਮਨ ਰਾਈਟਸ ਵਾਚ ਗਰੁੱਪ’ ਨੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੂੰ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਖ਼ਿਲਾਫ਼ ਗੈਰਕਾਨੂੰਨੀ ਢੰਗ ਨਾਲ ਬਲ ਦੀ ਵਰਤੋਂ ਰੋਕਣ ਤੇ ਮੁਜ਼ਾਹਰਾਕਾਰੀਆਂ ’ਤੇ ਕਾਰਵਾਈ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਲੋਕਾਂ ’ਤੇ ਕੇਸ ਚਲਾਉਣ ਦੀ ਬੇਨਤੀ ਕੀਤੀ ਹੈ।

ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ 1,000 ਤੋਂ ਵੱਧ ਕਲਾਕ੍ਰਿਤੀਆਂ ਗਾਇਬ
ਕੋਲੰਬੋ: ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ 1,000 ਤੋਂ ਵੱਧ ਕੀਮਤੀ ਕਲਾਕ੍ਰਿਤੀਆਂ ਗਾਇਬ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਨੇ 9 ਜੁਲਾਈ ਨੂੰ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਤੇ ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੀਆਂ ਰਿਹਾਇਸ਼ਾਂ ’ਤੇ ਕਬਜ਼ਾ ਕਰ ਲਿਆ ਸੀ। ਪੁਲੀਸ ਨੇ ਦੱਸਿਆ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ਤੇ ਇੱਥੇ ਟੈਂਪਲ ਟ੍ਰੀ ਵਿੱਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਜ਼ਰੂਰੀ ਵਸਤੂਆਂ ਸਮੇਤ ਇੱਕ ਹਜ਼ਾਰ ਤੋਂ ਵੱਧ ਕੀਮਤੀ ਕਲਾਕ੍ਰਿਤੀਆਂ ਗਾਇਬ ਹੋ ਗਈਆਂ ਹਨ। ਇਸ ਸਬੰਧੀ ਜਾਂਚ ਸ਼ੁਰੂ ਕਰਨ ਲਈ ਵਿਸ਼ੇਸ਼ ਜਾਂਚ ਦਲ ਬਣਾਏ ਗਏ ਹਨ।