ਸ੍ਰੀਲੰਕਾ ਨੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਟਿਕਟ ਕਟਾਈ

ਸ੍ਰੀਲੰਕਾ ਨੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਟਿਕਟ ਕਟਾਈ

ਬੁਲਾਵਾਓ- ਸ੍ਰੀਲੰਕਾ ਨੇ ਕੁਆਲੀਫਾਇਰ ਦੇ ਸੁਪਰ ਸਿਕਸ ਗੇੜ ਵਿੱਚ ਜ਼ਿੰਬਾਬਵੇ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਭਾਰਤ ਵਿੱਚ 5 ਅਕਤੂਬਰ ਤੋਂ ਹੋਣ ਵਾਲੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਥਾਂ ਪੱਕੀ ਕਰ ਲਈ ਹੈ। ਮਹੀਸ਼ ਤੀਕਸ਼ਣਾ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਜ਼ਿੰਬਾਬਵੇ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਪੂਰੀ ਟੀਮ 32.2 ਓਵਰਾਂ ਵਿੱਚ 165 ਦੌੜਾਂ ’ਤੇ ਆੳੂਟ ਹੋ ਗਈ। ਤੀਕਸ਼ਣਾ ਨੇ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਬਾਅਦ ਪਥੁਮ ਨਿਸ਼ੰਕਾ ਦੀ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਜਿੱਤ ਦਰਜ ਕੀਤੀ। ਉਸ ਨੇ ਇਹ ਟੀਚਾ 33.1 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਹਾਸਲ ਕੀਤਾ। ਇਸ ਜਿੱਤ ਨਾਲ ਸ੍ਰੀਲੰਕਾ ਦੇ ਅੱਠ ਅੰਕ ਹੋ ਗਏ ਹਨ। ਟੀਮ ਨੇ ਚੋਟੀ ਦੇ ਦੋ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ, ਜਦੋਂਕਿ ਉਸ ਦਾ ਇੱਕ ਮੈਚ ਰਹਿੰਦਾ ਹੈ। ਉਧਰ, ਜ਼ਿੰਬਾਬਵੇ ਨੂੰ ਸੂਚੀ ਵਿੱਚ ਚੋਟੀ ਦੇ ਦੋ ਵਿੱਚ ਥਾਂ ਬਣਾਉਣ ਲਈ ਮੰਗਲਵਾਰ ਨੂੰ ਸਕਾਟਲੈਂਡ ਨੂੰ ਹਰਾਉਣਾ ਹੋਵੇਗਾ। ਜੇਕਰ ਟੀਮ ਇਹ ਮੁਕਾਬਲਾ ਹਾਰ ਜਾਂਦੀ ਹੈ ਤਾਂ ਉਸ ਨੂੰ ਸਕਾਟਲੈਂਡ ਅਤੇ ਨੈਦਰਲੈਂਡਜ਼ ਦਰਮਿਆਨ ਹੋਣ ਵਾਲੇ ਮੈਚ ਦੇ ਨਤੀਜਿਆਂ ਦੀ ਉਡੀਕ ਕਰਨੀ ਹੋਵੇਗੀ।