ਸ੍ਰੀਲੰਕਾ ਦਾ ਰਾਸ਼ਟਰਪਤੀ ਚੁਣਨ ਲਈ ਸੰਸਦੀ ਪ੍ਰਕਿਰਿਆ ਆਰੰਭ

ਸ੍ਰੀਲੰਕਾ ਦਾ ਰਾਸ਼ਟਰਪਤੀ ਚੁਣਨ ਲਈ ਸੰਸਦੀ ਪ੍ਰਕਿਰਿਆ ਆਰੰਭ

ਕੋਲੰਬੋ – ਸ੍ਰੀਲੰਕਾ ਦੀ ਸੰਸਦ ਨੇ ਅੱਜ ਸੰਖੇਪ ਵਿਸ਼ੇਸ਼ ਸੈਸ਼ਨ ਸੱਦ ਕੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਐਲਾਨ ਦਿੱਤਾ ਹੈ। ਇਸ ਤਰ੍ਹਾਂ ਸੰਸਦ ਨੇ ਰਾਸ਼ਟਰਪਤੀ ਚੁਣਨ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿਚ ਹੁਣ ਚਾਰ ਉਮੀਦਵਾਰ ਹਨ ਜਿਨ੍ਹਾਂ ਵਿਚ ਰਨਿਲ ਵਿਕਰਮਸਿੰਘੇ ਮੋਹਰੀ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਲੋਕਾਂ ਦੇ ਵਿਰੋਧ ਕਾਰਨ ਦੇਸ਼ ਛੱਡ ਕੇ ਚਲੇ ਗਏ ਸਨ। ਲੋਕ ਦੇਸ਼ ਵਿਚ ਬਣੇ ਆਰਥਿਕ ਸੰਕਟ ਲਈ ਰਾਜਪਕਸੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਰਾਜਪਕਸੇ ਜੋ ਕਿ ਬੁੱਧਵਾਰ ਮਾਲਦੀਵਜ਼ ਗਏ ਸਨ, ਵੀਰਵਾਰ ਨੂੰ ਸਿੰਗਾਪੁਰ ਪਹੁੰਚ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਸ਼ੁੱਕਰਵਾਰ ਨੂੰ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। 13 ਮਿੰਟ ਦੇ ਵਿਸ਼ੇਸ਼ ਸੈਸ਼ਨ ਵਿਚ ਅੱਜ ਸੰਸਦ ਦੇ ਸਕੱਤਰ ਜਨਰਲ ਧੰਮਿਕਾ ਦਾਸਾਨਾਅਕੇ ਨੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ 19 ਜੁਲਾਈ ਤੱਕ ਦਿੱਤੀਆਂ ਜਾ ਸਕਦੀਆਂ ਹਨ। ਚੋਣ 20 ਜੁਲਾਈ ਨੂੰ ਹੋਵੇਗੀ। ਵਿਕਰਮਸਿੰਘੇ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਸਾਜਿਥ ਪ੍ਰੇਮਦਾਸਾ, ਜੇਵੀਪੀ ਦੇ ਆਗੂ ਅਨੁਰਾ ਕੁਮਾਰਾ ਦਿਸਨਾਅਕੇ ਤੇ ਐੱਸਐਲਪੀਪੀ ਦੇ ਦੁਲਾਸ ਅਲਾਹਾਪੇਰੂਮਾ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਹਨ। ਸੰਸਦ ਵਿਚ ਅੱਜ ਸਾਬਕਾ ਰਾਸ਼ਟਰਪਤੀ ਰਾਜਪਕਸੇ ਦਾ ਅਸਤੀਫ਼ਾ ਵੀ ਪੜ੍ਹਿਆ ਗਿਆ। ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਆਪਣਾ ਬਚਾਅ ਕਰਦਿਆਂ ਕਿਹਾ, ‘ਮੈਂ ਆਪਣੀ ਮਾਤ ਭੂਮੀ ਦੀ ਪੂਰੀ ਸਮਰੱਥਾ ਨਾਲ ਸੇਵਾ ਕੀਤੀ ਹੈ ਤੇ ਭਵਿੱਖ ਵਿਚ ਵੀ ਕਰਦਾ ਰਹਾਂਗਾ।’ ਰਾਜਪਕਸੇ ਨੇ ਕਿਹਾ ਕਿ ਆਰਥਿਕ ਸੰਕਟ ਨੂੰ ਟਾਲਣ ਲਈ ਉਨ੍ਹਾਂ ਸਰਬ-ਪਾਰਟੀ ਸਰਕਾਰ ਦੇ ਗਠਨ ਜਿਹੇ ਮਹੱਤਵਪੂਰਨ ਫ਼ੈਸਲੇ ਲਏ। ਉਨ੍ਹਾਂ ਮਹਾਮਾਰੀ ਦੌਰਾਨ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਰਾਜਪਕਸੇ ਨੇ ਕਿਹਾ ਕਿ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਲੌਕਡਾਊਨ ਜਿਹੇ ਕਦਮ ਚੁੱਕਣੇ ਪਏ। ਤਾਲਾਬੰਦੀ ਕਰ ਕੇ ਪਹਿਲਾਂ ਤੋਂ ਹੀ ਸੰਕਟ ਦਾ ਸ਼ਿਕਾਰ ਹੋਈ ਆਰਥਿਕਤਾ ਦੀ ਹਾਲਤ ਹੋਰ ਪਤਲੀ ਹੋ ਗਈ। ਰਾਜਪਕਸੇ ਨੇ ਸ੍ਰੀਲੰਕਾ ਦੇ ਆਰਥਿਕ ਸੰਕਟ ਲਈ ਕਰੋਨਾ ਮਹਾਮਾਰੀ ਤੇ ਕੋਵਿਡ ਲੌਕਡਾਊਨ ਨੂੰ ਜ਼ਿੰਮੇਵਾਰ ਠਹਿਰਾਇਆ। ਸੰਸਦ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਚੋਣਾਂ (ਵਿਸ਼ੇਸ਼ ਤਜਵੀਜ਼ਾਂ) 1981 ਦੇ ਐਕਟ ਨੰਬਰ 2 ਦੀ ਧਾਰਾ ਚਾਰ ਤਹਿਤ ਅਹੁਦਾ ਖਾਲੀ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਸੰਸਦ ਦਾ ਸੈਸ਼ਨ ਸੱਦਿਆ ਜਾਣਾ ਚਾਹੀਦਾ ਹੈ। 225-ਮੈਂਬਰੀ ਸੰਸਦ ਵਿਚ ਗੋਟਾਬਾਯਾ ਰਾਜਪਕਸੇ ਦੀ ਸੱਤਾਧਾਰੀ ਐੱਸਐਲਪੀਪੀ ਪਾਰਟੀ ਮੋਹਰੀ ਹੈ। ਸੱਤਾਧਾਰੀ ਐੱਸਐਲਪੀਪੀ ਪਾਰਟੀ ਨੇ ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਪਾਰਟੀ ਦੇ ਇਸ ਫ਼ੈਸਲੇ ਨੂੰ ਅੰਦਰਖਾਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਸ਼ਨਿਚਰਵਾਰ ਨੂੰ ਹੋ ਰਹੀ ਮੀਟਿੰਗ ਵਿਚ ਆਖ਼ਰੀ ਫ਼ੈਸਲਾ ਲਏਗੀ। ਦੱਸਣਯੋਗ ਹੈ ਕਿ 1978 ਤੋਂ ਬਾਅਦ ਸ੍ਰੀਲੰਕਾ ਪਹਿਲੀ ਵਾਰ ਮੁਲਕ ਦਾ ਰਾਸ਼ਟਰਪਤੀ ਸੰਸਦ ਮੈਂਬਰਾਂ ਦੀ ਗੁਪਤ ਵੋਟਿੰਗ ਰਾਹੀਂ ਚੁਣਿਆ ਜਾਵੇਗਾ। ਗੋਟਾਬਾਯਾ ਦੀ ਥਾਂ ਲੈਣ ਵਾਲਾ ਨਵਾਂ ਰਾਸ਼ਟਰਪਤੀ ਨਵੰਬਰ 2024 ਤੱਕ ਅਹੁਦੇ ਉਤੇ ਰਹੇਗਾ। ਅਗਲੇ ਹਫ਼ਤੇ ਹੋਣ ਵਾਲੀ ਚੋਣ ਲਈ ਫ਼ਿਲਹਾਲ ਵਿਕਰਮਸਿੰਘੇ (73) ਮੋਹਰੀ ਉਮੀਦਵਾਰ ਹਨ। ਵਿੱਤੀ ਸੰਕਟ ਗਹਿਰਾ ਹੋਣ ’ਤੇ ਉਨ੍ਹਾਂ ਨੂੰ ਮਈ ਵਿਚ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਐੱਸਐਲਪੀਪੀ ਦੇ ਮੈਂਬਰ ਹਾਲਾਂਕਿ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹੀ ਰਾਸ਼ਟਰਪਤੀ ਬਣਾਉਣ ਦੇ ਚਾਹਵਾਨ ਹਨ। ਉਹ ਦੁਲਾਸ ਅਲਾਹਾਪੇਰੂਮਾ ਨੂੰ ਸਮਰਥਨ ਦੇਣ ਦਾ ਪੱਖ ਪੂਰ ਰਹੇ ਹਨ। ਜਦਕਿ ਵਿਕਰਮਸਿੰਘੇ ਯੂਨਾਈਟਿਡ ਨੈਸ਼ਨਲ ਪਾਰਟੀ ਤੋਂ ਹਨ। ਭਾਵੇਂ ਪੱਛਮ-ਪੱਖੀ ਨੀਤੀਆਂ ਕਰ ਕੇ ਰਨਿਲ ਨੂੰ ਲੋਕ ਨਫ਼ਰਤ ਵੀ ਕਰਦੇ ਹਨ ਪਰ ਫਿਰ ਵੀ ਦੇਸ਼ ਦਾ ਵੱਡਾ ਹਿੱਸਾ ਇਕ ਵਿਚਾਰਕ ਤੇ ਰਣਨੀਤੀਕਾਰ ਵਜੋਂ ਉਨ੍ਹਾਂ ਨੂੰ ਸਵੀਕਾਰ ਕਰਦਾ ਹੈ।