ਸੋਵੀਅਤ ਰੂਸ ਦਾ ਵੇਟਲਿਫਟਰ ਯੂਰੀ ਵਲਾਸੋਵ

ਸੋਵੀਅਤ ਰੂਸ ਦਾ ਵੇਟਲਿਫਟਰ ਯੂਰੀ ਵਲਾਸੋਵ

ਪ੍ਰਿੰ. ਸਰਵਣ ਸਿੰਘ

ਯੂਰੀ ਵਲਾਸੋਵ ਇਸ ਧਰਤੀ ਦਾ ਪਹਿਲਾ ਭਾਰਚੁਕਾਵਾ ਸੀ ਜਿਸ ਨੇ ਦੋ ਕੁਇੰਟਲ ਤੋਂ ਵੱਧ ਵਜ਼ਨ ਦਾ ਬਾਲਾ ਕੱਢਿਆ। 1960 ਦੀਆਂ ਓਲੰਪਿਕ ਖੇਡਾਂ ਵਿੱਚ ਜਦੋਂ ਉਸ ਨੇ 202.5 ਕਿਲੋਗ੍ਰਾਮ ਭਾਰ ਬਾਹਾਂ ’ਤੇ ਚੁੱਕਿਆ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਭਰਪੂਰ ਤਾੜੀਆਂ ਮਾਰੀਆਂ। ਆਖ਼ਰ ਦੋ ਕੁਇੰਟਲ ਤੋਂ ਵੱਧ ਵਜ਼ਨ ਬਾਹਾਂ ’ਤੇ ਚੁੱਕਣ ਦੀ ਮਿਥਕ ਹੱਦ ਟੁੱਟ ਗਈ ਸੀ ਜਿਵੇਂ 1954 ਵਿੱਚ ਮੀਲ ਦੀ ਦੌੜ ਚਾਰ ਮਿੰਟ ਤੋਂ ਘੱਟ ਸਮੇਂ ’ਚ ਦੌੜਨ ਦੀ ਹੱਦ ਟੁੱਟੀ ਸੀ। ਉਹ ਹੱਦ ਇੰਗਲੈਂਡ ਦੇ ਰੌਜਰ ਬੈਨਿਸਟਰ ਨੇ ਤੋੜੀ ਸੀ, ਦੋ ਕੁਇੰਟਲ ਦੀ ਹੱਦ ਤੋੜਨੀ ਯੂਰੀ ਵਲਾਸੋਵ ਦੇ ਹਿੱਸੇ ਆਈ। ਉਦੋਂ ਪੱਤਰਕਾਰਾਂ ਨੇ ਵਲਾਸੋਵ ਨੂੰ ਪੁੱਛਿਆ ਸੀ, “ਐ ਮਹਾਨ ਵਲਾਸੋਵ! ਕੀ ਤੇਰੇ ਪਿੱਛੋਂ ਕੋਈ ਹੋਰ ਭਾਰਚੁਕਾਵਾ ਵੀ ਤੇਰੇ ਜਿੰਨਾ ਭਾਰ ਚੁੱਕ ਸਕੇਗਾ?” ਤਾਂ ਵਲਾਸੋਵ ਨੇ ਸਹਜਿ ਸੁਭਾਅ ਕਿਹਾ ਸੀ, “ਭਵਿੱਖ ਦੇ ਵੇਟਲਿਫਟਰ ਮੇਰੇ ਨਾਲੋਂ ਕਿਤੇ ਤਕੜੇ ਹੋਣਗੇ। ਜਿੰਨਾ ਭਾਰ ਮੈਂ ਸਾਲਾਂ ਦੀ ਮਿਹਨਤ ਨਾਲ ਮਸੀਂ ਚੁੱਕ ਸਕਿਆਂ, ਉੱਥੋਂ ਉਹ ਭਾਰ ਚੁੱਕਣਾ ਸ਼ੁਰੂ ਕਰਿਆ ਕਰਨਗੇ।”

ਉਸ ਦੀ ਭਵਿੱਖਬਾਣੀ ਸੱਚੀ ਸਾਬਤ ਹੋਈ ਤੇ ਛੇਤੀ ਹੀ ਸਵਾ ਦੋ ਕੁਇੰਟਲ ਦੀ ਹੱਦ ਟੁੱਟ ਗਈ। ਫਿਰ ਢਾਈ ਕੁਇੰਟਲ ਦੀ ਹੱਦ ਵੀ ਟੁੱਟ ਗਈ ਤੇ ਹੁਣ ਪੌਣੇ ਤਿੰਨ ਕੁਇੰਟਲ ਦੀ ਹੱਦ ਟੁੱਟਣ ਵਾਲੀ ਹੈ। ਜਾਰਜੀਆ ਦੇ ਲਾਸ਼ਾ ਤਲਖਾਡਜ਼ੇ ਨੇ 267 ਕਿਲੋਗ੍ਰਾਮ ਭਾਰ ਬਾਹਾਂ ਉਤੇ ਚੁੱਕ ਵਿਖਾਇਆ ਹੈ! ਹੋ ਸਕਦੈ ਕੋਈ ਭਾਰਚੁਕਾਵਾ 21ਵੀਂ ਸਦੀ ਮੁੱਕਣ ਤੱਕ ਤਿੰਨ ਕੁਇੰਟਲ ਦੀ ਹੱਦ ਵੀ ਪਾਰ ਕਰ ਜਾਵੇ। ਬੰਦੇ ਦੀ ਤਾਕਤ ਦਾ ਕੋਈ ਸਿਰਾ ਨਹੀਂ। ਉਹ ਜੋ ਨਹੀਂ ਸੋ ਕਰ ਸਕਦਾ ਹੈ। ਮਨੁੱਖੀ ਜੁੱਸੇ ਨੂੰ ਜੋ ਕੱਲ੍ਹ ਅਸੰਭਵ ਲੱਗਦਾ ਸੀ ਅੱਜ ਉਹੋ ਸੰਭਵ ਹੋ ਗਿਆ ਹੈ। ਜੋ ਅੱਜ ਅਸੰਭਵ ਲੱਗਦਾ ਹੈ ਉਹ ਭਲਕੇ ਸੰਭਵ ਹੋ ਜਾਣਾ ਹੈ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿੱਚ ਡੈਨਮਾਰਕ ਦਾ ਵੀਗੋ ਜੈਕਸਨ ਅਤੇ ਗ੍ਰੇਟ ਬ੍ਰਿਟੇਨ ਦਾ ਈਲੀਅਟ ਮਸੀਂ 111.5 ਕਿਲੋਗ੍ਰਾਮ ਵਜ਼ਨ ਦੇ ਬਾਲੇ ਕੱਢ ਕੇ ਕ੍ਰਮਵਾਰ ਗੋਲਡ ਤੇ ਸਿਲਵਰ ਮੈਡਲ ਜਿੱਤ ਸਕੇ ਸਨ। ਉਦੋਂ ਉਹ ਦੁਨੀਆ ਦੇ ਸਭ ਤੋਂ ਤਕੜੇ ਬੰਦੇ ਮੰਨੇ ਗਏ ਸਨ। ਅੱਧੀ ਸਦੀ ਪਿੱਛੋਂ 1948 ਦੀਆਂ ਓਲੰਪਿਕ ਖੇਡਾਂ ਵਿੱਚ ਅਮਰੀਕਾ ਦੇ ਡੈਵਿਸ ਨੇ 177 ਕਿਲੋਗ੍ਰਾਮ ਭਾਰ ਬਾਹਾਂ ਉੱਤੇ ਚੁੱਕ ਵਿਖਾਇਆ ਤੇ ਰੋਮ ਦੀਆਂ ਓਲੰਪਿਕ ਖੇਡਾਂ ’ਚ ਵਲਾਸੋਵ ਨੇ 202.5 ਕਿਲੋਗ੍ਰਾਮ ਭਾਰ ਬਾਹਾਂ ਉਤੇ ਤੋਲ ਦਿੱਤਾ!

ਯੂਰੀ ਪੈਤਰੋਵਿਚ ਵਲਾਸੋਵ ਦਾ ਜਨਮ 5 ਦਸੰਬਰ 1935 ਨੂੰ ਪਿਯੋਤਰ ਵਲਾਸੋਵ ਦੇ ਘਰ ਮਾਰੀਆ ਦਾਨੀਲੋਵਨਾ ਵਲਾਸੋਵ ਦੀ ਕੁੱਖੋਂ ਯੂਕਰੇਨ ਦੇ ਸ਼ਹਿਰ ਮਕੇਯੇਵਕਾ ਵਿੱਚ ਹੋਇਆ ਸੀ। ਉਹਦੇ ਮਾਪੇ ਰੂਸ ਦੇ ਜੰਮਪਲ ਕਜ਼ਾਕ ਸਨ। ਉਹਦਾ ਪਿਉ ਸ਼ੰਘਾਈ ਵਿੱਚ ਜਨਰਲ ਕੌਂਸਲੇਟ ਤੇ ਬਰਮਾ ਵਿੱਚ ਰਾਜਦੂਤ ਰਿਹਾ ਸੀ। ਯੂਰੀ ਵਲਾਸੋਵ ਨੇ ਵਿਸ਼ਵਜੇਤੂ ਵੇਟਲਿਫਟਰ ਹੋਣ ਦੇ ਨਾਲ ਨਾਮਵਰ ਲੇਖਕ ਤੇ ਸਿਆਸਤਦਾਨ ਹੋਣ ਦਾ ਵੀ ਨਾਮਣਾ ਖੱਟਿਆ। ਕਈ ਕਿਤਾਬਾਂ ਲਿਖੀਆਂ ਤੇ ਰੂਸ ਦੇ ਪ੍ਰਧਾਨ ਦੀ ਚੋਣ ਲੜਿਆ। ਉਸ ਨੇ ਓਲੰਪਿਕ ਖੇਡਾਂ ’ਚੋਂ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਸੱਤ ਵਾਰ ਯੂਰਪ ਦਾ ਚੈਂਪੀਅਨ ਤੇ ਚਾਰ ਵਾਰ ਵਿਸ਼ਵ ਚੈਂਪੀਅਨ ਬਣਿਆ। 34 ਵਾਰ ਭਾਰ ਚੁੱਕਣ ਦੇ ਵਿਸ਼ਵ ਰਿਕਾਰਡ ਨਵਿਆਏ। ਆਪਣੇ ਜ਼ਮਾਨੇ ਦਾ ਉਹ ਅਫ਼ਲਾਤੂਨ ਭਾਰਤੋਲਕ ਸੀ।

1960 ਵਿੱਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੂੰ ਸੋਵੀਅਤ ਰੂਸ ਦੇ ਖੇਡ ਦਲ ਦਾ ਝੰਡਾਬਰਦਾਰ ਬਣਾਇਆ ਗਿਆ ਸੀ। ਉੱਥੇ ਉਸ ਨੇ ਸੁਪਰਹੈਵੀ ਵੇਟ ਵਿੱਚ ਸਨੈਚ, ਪ੍ਰੈੱਸ ਤੇ ਕਲੀਨ ਐਂਡ ਜਰਕ ਲਾਉਣ ਵਿੱਚ ਤਿੰਨੇ ਵਿਸ਼ਵ ਰਿਕਾਰਡ ਨਵਿਆਏ। ਉਸ ਸਮੇਂ ਉਸ ਨੂੰ ‘ਧਰਤੀ ਦਾ ਸਭ ਤੋਂ ਤਕੜਾ ਬੰਦਾ’ ਹੋਣ ਦਾ ਖ਼ਿਤਾਬ ਦਿੱਤਾ ਗਿਆ। ਉਹ ਐਨਕਾਂ ਲਾਉਣ ਵਾਲਾ ਤੀਖਣ ਬੁੱਧੀਜੀਵੀ ਸੀ ਜੋ ਤਾਕਤ ਵਧਾਊ ਸਟੀਰੋਇਡਜ਼ ਲੈਣ ਦੇ ਖ਼ਿਲਾਫ਼ ਸੀ। ਉਸ ਨੇ ਹੋਰਨਾਂ ਨੂੰ ਵੀ ਅਜਿਹੇ ਸਟੀਰੋਇਡਜ਼ ਲੈਣੋਂ ਵਰਜਿਆ ਜੋ ਬਾਅਦ ਵਿੱਚ ਜਾਨਲੇਵਾ ਬਣਦੇ ਹਨ। ਇਹੋ ਕਾਰਨ ਸੀ ਕਿ ਵਲਾਸੋਵ ਹੋਰਨਾਂ ਭਾਰਚੁਕਾਵਿਆਂ ਦੇ ਮੁਕਾਬਲੇ ਲੰਮੇਰੀ ਉਮਰ ਜਿਉਂ ਸਕਿਆ। ਉਹ 5 ਦਸੰਬਰ 1935 ਤੋਂ 13 ਫਰਵਰੀ 2021 ਤੱਕ ਜੀਵਿਆ ਤੇ ਕੁਦਰਤੀ ਮੌਤ ਮਰਿਆ।

ਵੇਟਲਿਫਟਰਾਂ ਨੂੰ ਖੇਡਾਂ ਦੀ ਦੁਨੀਆ ਵਿੱਚ ਆਇਰਨ ਮੈਨ ਭਾਵ ਲੋਹੇ ਦੇ ਬੰਦੇ ਕਿਹਾ ਜਾਂਦਾ ਹੈ। ਉਹ ਹਰ ਵੇਲੇ ਲੋਹੇ ਨਾਲ ਮੱਥਾ ਮਾਰਦੇ ਹਨ। ਉਨ੍ਹਾਂ ਦੇ ਭਰਵੱਟਿਆਂ ਵਿੱਚ ਮੁੜ੍ਹਕੇ ਦੀਆਂ ਬੂੰਦਾਂ ਅਟਕੀਆਂ ਰਹਿੰਦੀਆਂ ਹਨ। ਵਲਾਸੋਵ ਦੀ ਇੱਕ ਪੁਸਤਕ ਦਾ ਨਾਂ ਹੀ ‘ਭਰਵੱਟਿਆਂ ਦਾ ਮੁੜ੍ਹਕਾ’ ਹੈ। ਕੁਇੰਟਲਾਂ ਦੇ ਕੁਇੰਟਲ ਭਾਰ ਚੁੱਕਣ ਦੀ ਗੱਲ ਕਹਿਣੀ ਜਿੰਨੀ ਸੌਖੀ ਹੈ, ਕਰ ਵਿਖਾਉਣੀ ਓਨੀ ਹੀ ਔਖੀ ਹੈ। ਓਲੰਪਿਕ ਤੇ ਵਿਸ਼ਵ ਜੇਤੂ ਭਾਰਤੋਲਕਾਂ ਬਾਰੇ ਅਕਸਰ ਕਿਹਾ ਜਾਂਦੈ ਕਿ ਉਨ੍ਹਾਂ ਨੇ ਅਭਿਆਸ ਦੌਰਾਨ ਏਨਾ ਭਾਰ ਚੁੱਕਿਆ ਹੁੰਦੈ ਕਿ ਰੇਲ ਦਾ ਇੰਜਣ ਵੀ ਮਸਾਂ ਖਿੱਚ ਸਕੇ! ਇੱਕ ਇੱਕ ਕਿਲੋਗ੍ਰਾਮ ਦੇ ਵਾਧੇ ਲਈ ਨਿਰੰਤਰ ਅਭਿਆਸ, ਸੰਪੂਰਨ ਖੁਰਾਕ, ਸਾਇੰਟੇਫਿਕ ਕੋਚਿੰਗ ਤੇ ਸਵੈ-ਵਿਸ਼ਵਾਸ ਚਾਹੀਦਾ ਹੁੰਦੈ। ਲੋਹੇ ਦੇ ਬੰਦਿਆਂ ਲਈ ਪਹਿਲਾ ਸਬਕ ਹੁੰਦੈ ਮਿਹਨਤ, ਸਖ਼ਤ ਮਿਹਤਨ ਤੇ ਹੋਰ ਮਿਹਨਤ। ਰੂਸ ਦਾ ਹੀ ਇੱਕ ਹੋਰ ਭਾਰਚੁਕਾਵਾ ਵਾਸਲੀ ਅਲੈਕਸੀਏਵ ਹਰ ਰੋਜ਼ ਤੀਹ ਤੀਹ ਟਨ ਵਜ਼ਨ ਬਾਹਾਂ ਉਤੇ ਚੁੱਕਣ ਦਾ ਅਭਿਆਸ ਕਰਦਾ ਸੀ। ਜੇਕਰ ਸਾਰਾ ਜੋੜ ਕੀਤਾ ਜਾਂਦਾ ਤਾਂ ਵਜ਼ਨ ਲੱਖ ਟਨ ਤੋਂ ਵੀ ਵਧ ਜਾਂਦਾ!

ਯੂਰੀ ਵਲਾਸੋਵ 1964 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਸਮੇਂ ਵੀ ਸੋਵੀਅਤ ਰੂਸ ਦਾ ਝੰਡਾਬਰਦਾਰ ਸੀ। ਰੋਮ ਵਾਂਗ ਉੱਥੇ ਵੀ ਉਹ ਗੋਲਡ ਮੈਡਲ ਜਿੱਤਣ ਦਾ ਪੱਕਾ ਦਾਅਵੇਦਾਰ ਸਮਝਿਆ ਜਾਂਦਾ ਸੀ। ਪਰ ਉਹ ਆਪਣੇ ਹੀ ਹਮਵਤਨੀ ਵੇਟਲਿਫਟਰ ਹੱਥੋਂ ਮਾਤ ਖਾ ਗਿਆ ਤੇ ਸਿਲਵਰ ਮੈਡਲ ਜਿੱਤ ਸਕਿਆ। ਟੋਕੀਓ ਜਾਣ ਤੋਂ ਪਹਿਲਾਂ ਵਲਾਸੋਵ, ਲਿਓਨਿਦ ਜ਼ਬੋਤਿੰਸਕੀ ਨਾਲੋਂ ਵੱਧ ਵਜ਼ਨ ਦੇ ਬਾਲੇ ਕੱਢਦਾ ਸੀ। ਵਲਾਸੋਵ ਦਾ ਨਿਸ਼ਾਨਾ ਓਲੰਪਿਕ ਖੇਡਾਂ ਦਾ ਦੂਜਾ ਗੋਲਡ ਮੈਡਲ ਜਿੱਤ ਕੇ ਰਿਟਾਇਰ ਹੋਣ ਦਾ ਸੀ, ਪਰ ਲਿਓਨਿਧ ਅੰਦਰਖਾਤੇ ਆਪਣੇ ਹੀ ਦਾਅ ਵਰਤ ਰਿਹਾ ਸੀ। ਪਹਿਲੀਆਂ ਟਰਾਈਆਂ ਵਿੱਚ ਉਹ ਜਾਣ ਬੁੱਝ ਕੇ ਵਲਾਸੋਵ ਤੋਂ ਪਿੱਛੇ ਰਹਿੰਦਾ ਰਿਹਾ। ਆਖ਼ਰੀ ਵੇਟ ਦੀ ਟਰਾਈ ਵਿੱਚ ਵੀ ਉਹ ਜਾਣਬੁੱਝ ਕੇ ਫੇਲ੍ਹ ਹੋ ਗਿਆ ਤਾਂ ਕਿ ਵਲਾਸੋਵ ਨੂੰ ਯਕੀਨ ਹੋ ਜਾਵੇ ਕਿ ਉਹ ਹੁਣ ਮੁਕਾਬਲੇ ’ਚੋਂ ਬਾਹਰ ਹੋ ਜਾਵੇਗਾ। ਅਸਲ ਵਿੱਚ ਉਹ ਟੈਕਨੀਕਲ ਟਰਿੱਕ ਵਰਤ ਰਿਹਾ ਸੀ ਕਿ ਵਲਾਸੋਵ ਦੇ ਪਿੱਛੇ ਲੱਗਾ ਰਹੇ ਤੇ ਜਦ ਉਹਦੀ ਆਖ਼ਰੀ ਟਰਾਈ ਮੁੱਕੇ ਤਾਂ ਹੀ ਪੂਰਾ ਜ਼ੋਰ ਲਾਵੇ।

ਉਹੀ ਗੱਲ ਹੋਈ। ਯੂਰੀ ਵਲਾਸੋਵ ਨੇ ਦੂਜੀ ਟ੍ਰਾਈ ਦੀ ਕਾਮਯਾਬੀ ਨਾਲ ਹੀ ਸਮਝ ਲਿਆ ਕਿ ਹੁਣ ਉਸ ਦਾ ਗੋਲਡ ਮੈਡਲ ਪੱਕਾ ਹੋ ਗਿਆ ਤੇ ਹੋਰ ਵੱਧ ਭਾਰ ਨਾਲ ਹੋਰ ਟਰਾਈ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਲਿਓਨਿਧ ਜ਼ਬੋਤਿੰਸਕੀ ਵਧਵਾਏ 2.5 ਕਿਲੋ ਭਾਰ ਨਾਲ ਕਾਮਯਾਬ ਟਰਾਈ ਮਾਰ ਕੇ ਗੋਲਡ ਮੈਡਲ ਜਿੱਤ ਗਿਆ। ਵਲਾਸੋਵ ਨੇ ਸਨੈਚ, ਪ੍ਰੈੱਸ ਤੇ ਕਲੀਨ ਐਂਡ ਜਰਕ ਨਾਲ ਕੁੱਲ 570 ਕਿਲੋਗ੍ਰਾਮ ’ਤੇ ਬਸ ਕੀਤੀ ਸੀ ਜਦ ਕਿ ਲਿਓਨਿਦ ਕੁਲ ਜੋੜ 572.5 ਕਿਲੋਗ੍ਰਾਮ ਨਾਲ ਗੋਲਡ ਮੈਡਲ ਜਿੱਤ ਗਿਆ। ਆਪਣੇ ਹੀ ਸਾਥੀ ਦੇ ਟੈਕਨੀਕਲ ਟਰਿੱਕ ਦਾ ਵਲਾਸੋਵ ਨੂੰ ਸਦਮਾ ਤਾਂ ਬਹੁਤ ਲੱਗਾ, ਪਰ ਪਛਤਾਏ ਬਿਨਾਂ ਹੋਰ ਕੁਝ ਕਰ ਨਹੀਂ ਸੀ ਸਕਦਾ। ਆਖ਼ਰ 1968 ਵਿੱਚ ਉਹ ਭਾਰ ਚੁੱਕਣ ਤੋਂ ਰਿਟਾਇਰ ਹੋ ਕੇ ਲੇਖਕ ਤੇ ਸਿਆਸਤਦਾਨ ਬਣ ਗਿਆ। 1998 ਵਿੱਚ ਉਹ ‘ਕਾਂਗਰਸ ਆਫ ਪੀਪਲਜ਼ ਡਿਪਟੀਜ਼ ਸੋਵੀਅਤ ਯੂਨੀਅਨ’ ਦਾ ਮੈਂਬਰ ਬਣਿਆ ਅਤੇ 1996 ਵਿੱਚ ਰੂਸ ਦੀ ਪ੍ਰੈਜ਼ੀਡੈਂਸ਼ਲ ਚੋਣ ਲੜਿਆ ਜਿਸ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ।

ਵਲਾਸੋਵ ਦੀ ਮੁੱਢਲੀ ਪੜ੍ਹਾਈ ਸਾਰਾਤੋਵ ਦੇ ਸੁਵੋਰੋਵ ਮਿਲਟਰੀ ਸਕੂਲ ਵਿੱਚ ਹੋਈ। ਫਿਰ ਉਸ ਨੇ ਮਾਸਕੋ ਦੀ ਯੁਕੋਵਸਕੀ ਏਅਰ ਫੋਰਸ ਅਕੈਡਮੀ ਤੋਂ 1959 ਵਿੱਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ। ਜਦੋਂ ਮਾਸਕੋ ਦੀ ਅਕੈਡਮੀ ਵਿੱਚ ਪੜ੍ਹਦਾ ਸੀ ਤਾਂ ਵੇਟ ਟ੍ਰੇਨਿੰਗ ਕਰਦਾ ਵੇਟਲਿਫਟਿੰਗ ਕਰਨ ਲੱਗ ਪਿਆ ਸੀ। ਵੇਟਲਿਫਟਿੰਗ ਦੀ ਕੋਚਿੰਗ ਲਈ ਆਰਮਡ ਫੋਰਸਜ਼ ਸੁਸਾਇਟੀ ਜਾਇਨ ਕਰ ਕੇ 1957 ਵਿੱਚ ਮਾਸਟਰ ਆਫ ਸਪੋਰਟ ਆਫ ਦਾ ਯੂਐੱਸਐੱਸਆਰ ਦੀ ਡਿਗਰੀ ਹਾਸਲ ਕਰ ਲਈ। 1958 ਵਿੱਚ ਉਹ ਸੋਵੀਅਤ ਰੂਸ ਦੀ ਚੈਂਪੀਅਨਸ਼ਿਪ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤ ਕੇ ਖ਼ਬਰਾਂ ਵਿੱਚ ਆ ਗਿਆ। 1959-63 ਦੌਰਾਨ ਉਹ ਸੋਵੀਅਤ ਰੂਸ ਤੋਂ ਅੱਗੇ ਯੂਰਪ, ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪਸ ਵੀ ਜਿੱਤੀ ਗਿਆ। ਬੇਸ਼ੱਕ ਉਸ ਨੇ ਟੋਕੀਓ ਦੀਆਂ ਓਲੰਪਿਕ ਖੇਡਾਂ ਪਿੱਛੋਂ ਵੇਟਲਿਫਟਿੰਗ ਤੋਂ ਰਿਟਾਇਰ ਹੋਣ ਦਾ ਮਨ ਬਣਾਇਆ ਸੀ, ਪਰ 1966 ਵਿੱਚ ਉਹ ਦੁਬਾਰਾ ਸਰਗਰਮ ਹੋ ਗਿਆ ਸੀ। 15 ਮਈ 1966 ਨੂੰ ਉਸ ਨੇ 199 ਕਿਲੋਗ੍ਰਾਮ ਦੀ ਪ੍ਰੈੱਸ ਲਾ ਕੇ ਆਪਣਾ ਅਖ਼ੀਰਲਾ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ। ਉਹਦੇ ਬਦਲੇ ਉਸ ਨੂੰ 850 ਰੂਬਲ ਮਿਲੇ ਸਨ। ਜੂਨ 1968 ਵਿੱਚ ਉਹ ਵੱਡੇ ਵੇਟਲਿਫਟਿੰਗ ਮੁਕਾਬਲਿਆਂ ’ਚ ਸ਼ਾਮਲ ਹੋਣੋਂ ਪਿੱਛੇ ਹਟ ਗਿਆ। ਉਨ੍ਹਾਂ ਦਿਨਾਂ ਵਿੱਚ ਹੀ ਉਸ ਨੇ ਸੋਵੀਅਤ ਆਰਮੀ ਦੀ ਸਪੋਰਟਸ ਇੰਸਟ੍ਰੱਕਟਰ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। 1969 ਵਿੱਚ ਜਦੋਂ ਉਹ ਨਾਰਵੇ ’ਚ ਲੈਕਚਰ ਦੇਣ ਗਿਆ ਤਾਂ ਸਰੋਤਿਆਂ ਦੀ ਮੰਗ ਉਤੇ ਇੱਕ ਵਾਰ ਫਿਰ 200 ਕਿਲੋਗ੍ਰਾਮ ਵਜ਼ਨ ਚੁੱਕ ਕੇ ਵਿਖਾ ਦਿੱਤਾ। ਉਹਦੀਆਂ ਵੱਡੀਆਂ ਜਿੱਤਾਂ ਦਾ ਸੰਖੇਪ ਦੱਸਣਾ ਹੋਵੇ ਤਾਂ ਓਲੰਪਿਕ ਖੇਡਾਂ ਦਾ ਇੱਕ ਗੋਲਡ ਤੇ ਇੱਕ ਸਿਲਵਰ ਮੈਡਲ, ਵਿਸ਼ਵ ਚੈਂਪੀਅਨਸ਼ਿਪਾਂ ਦੇ ਚਾਰ ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ ਅਤੇ ਯੂਰਪੀਨ ਚੈਂਪੀਅਨ ਬਣਨ ਦੇ ਛੇ ਗੋਲਡ ਮੈਡਲ ਹਨ।

ਜਦੋਂ ਉਹਦੀ ਮਸ਼ਹੂਰੀ ਸਿਖਰ ’ਤੇ ਸੀ ਉਦੋਂ ਉਹ ਸੋਵੀਅਤ ਡੈਲੀਗੇਸ਼ਨਾਂ ਨਾਲ ਕਦੇ ਫੀਦਲ ਕਾਸਤਰੋ ਤੇ ਕਦੇ ਚਾਰਲਸ ਡੀ ਗੌਲੇ ਨੂੰ ਮਿਲਣ ਜਾਂਦਾ। ਨਿਕੋਲਾਈ ਖਰੋਸ਼ਚੇਵ ਦਾ ਖ਼ਾਸ ਚਹੇਤਾ ਸੀ ਤੇ ਲਿਓਨਿਧ ਬ੍ਰੈਜਨੇਵ ਨੇ ਉਸ ਨੂੰ ਚੀਨ ਬਾਰੇ ਨਿੱਜੀ ਸਲਾਹਕਾਰ ਬਣਾਇਆ ਹੋਇਆ ਸੀ। ਸੱਤ ਵਾਰ ਦਾ ‘ਮਿਸਟਰ ਓਲੰਪੀਆ’ ਆਰਨੋਲਡ, ਯੂਰੀ ਵਲਾਸੋਵ ਨੂੰ ਆਪਣਾ ਇਸ਼ਟ ਮੰਨਦਾ ਸੀ। ਉਹ ਸਿਰਫ਼ 14 ਸਾਲ ਦਾ ਸੀ ਜਦੋਂ 1961 ਦੀ ਵਿਆਨਾ ਵਿਖੇ ਹੋਈ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪਸ ਸਮੇਂ ਪਹਿਲੀ ਵਾਰ ਯੂਰੀ ਵਲਾਸੋਵ ਨੂੰ ਮਿਲਿਆ ਸੀ। ਉਸ ਦੀ ਪ੍ਰੇਰਨਾ ਨਾਲ ਹੀ ਆਰਨੋਲਡ ਬਾਡੀ ਬਿਲਡਰ ਬਣਨ ਦੇ ਰਾਹ ਪਿਆ ਸੀ। ਵਲਾਸੋਵ ਨੇ ਅਨੇਕਾਂ ਨੌਜੁਆਨਾਂ ਨੂੰ ਬਾਡੀ ਬਿਲਡਰ ਬਣਾਉਣ ਤੇ ਵੇਟ ਲਿਫਟਿੰਗ ਕਰਨ ਦੀ ਸਟੇਜ ’ਤੇ ਲਿਆਂਦਾ ਸੀ।

ਵਲਾਸੋਵ ਦੀਆਂ ਵੱਡੀਆਂ ਜਿੱਤਾਂ ਦਾ ਮਾਣ ਸਨਮਾਨ ਕਰਦਿਆਂ ਉਸ ਨੂੰ 1960 ਵਿੱਚ ਆਰਡਰ ਆਫ ਲੈਨਿਨ ਤੇ 1964-65 ਵਿੱਚ ਆਰਡਰ ਆਫ ਦਾ ਬੈਜ ਆਫ ਆਨਰ ਦੇ ਐਵਾਰਡਾਂ ਨਾਲ ਸਨਮਾਨਿਆ ਗਿਆ। 1960 ਦੀਆਂ ਓਲੰਪਿਕ ਖੇਡਾਂ ਪਿੱਛੋਂ ਉਹਦੀ ਬਾਲਾ ਕੱਢਦੇ ਦੀ ਡਾਕ ਟਿਕਟ ਜਾਰੀ ਕੀਤੀ ਗਈ। ਉਹ ਸੋਵੀਅਤ ਲੇਖਕ ਯੂਨੀਅਨ ਤੇ ਰੂਸੀ ਲੇਖਕ ਯੂਨੀਅਨ ਦਾ ਸਨਮਾਨਯੋਗ ਮੈਂਬਰ ਸੀ। 1978-79 ਵਿੱਚ ਉਸ ਦੀ ਸਿਹਤ ’ਚ ਅਚਾਨਕ ਨਰਵਸ ਬ੍ਰੇਕ ਡਾਊਨ ਦਾ ਵਿਗਾੜ ਆ ਗਿਆ ਸੀ ਜਿਸ ਦਾ ਕਾਰਨ ਉਸ ਦਾ ਲੇਖਕ ਹੋਣਾ ਸੀ ਨਾ ਕਿ ਵੇਟਲਿਫਟਰ। ਬਾਅਦ ਵਿੱਚ ਉਹਦੀ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਹੋਏ ਜਿਸ ਦਾ ਕਾਰਨ ਭਾਰਚੁਕਾਵਾ ਹੋਣਾ ਸੀ। 1980 ਵਿੱਚ ਉਹ ਮੁੜ ਸਿਹਤਯਾਬ ਹੋ ਗਿਆ ਸੀ ਤੇ ਵੇਟਲਿਫਟਿੰਗ ਦੀਆਂ ਸਰਗਰਮੀਆਂ ’ਚ ਦਿਲਸਚਪੀ ਲੈਣ ਲੱਗ ਪਿਆ ਸੀ। ਉਹ 1985-87 ਦੌਰਾਨ ਸੋਵੀਅਤ ਵੇਟਲਿਫਟਿੰਗ ਫੈਡਰੇਸ਼ਨ ਤੇ ਸੋਵੀਅਤ ਬਾਡੀ ਬਿਲਡਿੰਗ ਫੈਡਰੇਸ਼ਨ ਦਾ ਪ੍ਰਧਾਨ ਰਿਹਾ। ਉਹ ਲੰਮੀ ਉਮਰ ਤੱਕ ਵੇਟ ਟ੍ਰੇਨਿੰਗ ਕਰਦਾ ਰਿਹਾ ਹੋਣ ਕਰਕੇ 69 ਸਾਲ ਦੀ ਉਮਰ ਵਿੱਚ 185 ਕਿਲੋਗ੍ਰਾਮ ਦੀ ਕਲੀਨ ਐਂਡ ਜਰਕ ਲਾ ਗਿਆ ਸੀ। ਉਦੋਂ ਉਹਦਾ ਆਪਣਾ ਭਾਰ 109 ਕਿਲੋਗ੍ਰਾਮ ਸੀ ਜਦ ਕਿ 1964 ਦੀਆਂ ਓਲੰਪਿਕ ਖੇਡਾਂ ਵੇਲੇ ਉਹਦਾ ਵਜ਼ਨ 136.4 ਕਿਲੋਗ੍ਰਾਮ ਸੀ। ਉਹਨੀਂ ਦਿਨੀਂ ਉਸ ਨੇ ਆਪਣੀਆਂ ਕਹਾਣੀਆਂ ਦੀ ਪਹਿਲੀ ਪੁਸਤਕ ‘ਓਵਰ ਕਮਿੰਗ ਯੂਅਰਸੈਲਫ’ ਪ੍ਰਕਾਸ਼ਿਤ ਕਰਵਾਈ ਸੀ। ਫਿਰ ਉਸ ਨੇ 15 ਨਾਵਲ ਲਿਖੇ ਤੇ 10 ਕਹਾਣੀ ਸੰਗ੍ਰਹਿ। ਉਸ ਦੀਆਂ ਕਿਤਾਬਾਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ।

ਯੂਰੀ ਵਲਾਸੋਵ ਦਾ ਪਹਿਲਾ ਵਿਆਹ ਨਤਾਲੀਆ ਮੋਦੋਰੋਵਾ ਨਾਲ 1957 ਵਿੱਚ ਹੋਇਆ ਸੀ। ਨਤਾਲੀਆ ਮਾਸਕੋ ਇੰਸਟੀਚਿਊਟ ਆਫ ਆਰਟਸ ਦੀ ਵਿਦਿਆਰਥਣ ਸੀ ਜੋ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰ ਕੇ ਉਸ ਦੇ ਜਿਮ ਵਿੱਚ ਲਿਆਉਂਦੀ ਸੀ। ਨਤਾਲੀਆ ਦੀ ਕੁੱਖੋਂ ਧੀ ਨੇ ਜਨਮ ਲਿਆ ਜਿਸ ਦਾ ਨਾਂ ਯੇਲੇਨਾ ਰੱਖਿਆ ਗਿਆ। ਨਤਾਲੀਆ ਅਧਖੜ ਉਮਰ ਵਿੱਚ ਹੀ ਮਰ ਗਈ। 1976 ਵਿੱਚ ਵਲਾਸੋਵ ਨੇ ਆਪਣੇ ਤੋਂ 21 ਸਾਲ ਛੋਟੀ ਵਿਦਿਆਰਥਣ ਲਾਰੀਸਾ ਸਰਗੀਯੇਵਨਾ ਨਾਲ ਦੂਜੀ ਸ਼ਾਦੀ ਕਰਵਾਈ। ਉਹ ਬਿਮਾਰ ਹੋਇਆ ਤਾਂ ਕੁਝ ਸਰਜਰੀਆਂ ਕਰਵਾਉਣੀਆਂ ਪਈਆਂ। ਮੇਜਰ ਸਰਜਰੀ 2019-20 ਵਿੱਚ ਹੋਈ। ਆਖ਼ਰ 86ਵੇਂ ਸਾਲ ਦੀ ਉਮਰੇ ਉਸ ਦਾ 13 ਫਰਵਰੀ 2021 ਨੂੰ ਮਾਸਕੋ ਵਿੱਚ ਦੇਹਾਂਤ ਹੋ ਗਿਆ। ਉਹ ਸੱਚਮੁੱਚ ‘ਮਹਾਨ ਵਲਾਸੋਵ’ ਸੀ।