ਸੋਢਲ ਮੇਲੇ ਵਿੱਚ ਵੱਡੀ ਗਿਣਤੀ ਸ਼ਰਧਾਲੂ ਪੁੱਜੇ

ਆਦਮਪੁਰ ਦੋਆਬਾ (ਜਲੰਧਰ)- ਜਲੰਧਰ ਵਿੱਚ ਅੱਜ ਤੜਕੇ ਧਾਰਮਿਕ ਰਸਮਾਂ ਤੋਂ ਬਾਅਦ ਤਿੰਨ ਰੋਜ਼ਾ ਸੋਢਲ ਮੇਲਾ ਸ਼ੁਰੂ ਹੋ ਗਿਆ। ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਇਸ ਦੌਰਾਨ ਹਰ ਵਰਗ ਦੇ ਸ਼ਰਧਾਲੂ ਇਸ ਮੇਲੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹਨ। ਮੇਲੇ ਦੌਰਾਨ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪੁਲੀਸ ਵੱਲੋਂ ਮੇਲੇ ਵਾਲੀ ਥਾਂ ’ਤੇ 1200 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਕਰੀਬ ਦੋ ਕਿਲੋਮੀਟਰ ਤੋਂ ਪਹਿਲਾਂ ਹੀ ਵਾਹਨਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਮੇਲੇ ਦੇ ਰਸਤੇ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਆਉਣ-ਜਾਣ ਵਾਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰੰਪਰਾ ਅਨੁਸਾਰ ਚੱਢਾ ਭਾਈਚਾਰੇ ਦੇ ਲੋਕ ਮੇਲੇ ਤੋਂ ਇੱਕ ਹਫਤੇ ਪਹਿਲਾਂ ਘਰਾਂ ਵਿੱਚ ਖੇਤਰੀ ਬੀਜਦੇ ਹਨ ਤੇ ਮੇਲੇ ਵਾਲੇ ਦਿਨ ਸੋਢਲ ਮੰਦਰ ਵਿਚ ਸਥਿਤ ਤਲਾਬ ਵਿਚ ਖੇਤਰੀ ਨੂੰ ਪੂਜਾ ਅਰਚਨਾ ਕਰਨ ਤੋਂ ਬਾਅਦ ਅਰਪਿਤ ਕਰ ਦਿੰਦੇ ਹਨ। ਮੇਲੇ ਦੌਰਾਨ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਤਲਾਬ ਕਾਰਸੇਵਾ ਕਮੇਟੀ, ਚੱਢਾ ਭਾਈਚਾਰੇ ਅਤੇ ਸੋਢਲ ਟਰਸਟ ਵਲੋਂ ਲੰਗਰ ਵੀ ਲਗਾਏ ਗਏ ਹਨ।