ਸੈਰ ਸਫ਼ਰ – ਮਿਜ਼ੋ ਲੋਕਾਂ ਦੀ ਧਰਤੀ ਮਿਜ਼ੋਰਮ

ਸੈਰ ਸਫ਼ਰ – ਮਿਜ਼ੋ ਲੋਕਾਂ ਦੀ ਧਰਤੀ ਮਿਜ਼ੋਰਮ

ਹਰਪ੍ਰੀਤ ਸਿੰਘ ਸਵੈਚ

ਆਪਣੇ ਕੁਝ ਅਜ਼ੀਜ਼ ਮਿੱਤਰਾਂ ਨਾਲ ਆਪਣੀ ਮਿੱਟੀ ਤੇ ਵਿਰਾਸਤ ਨਾਲ ਪੰਜਾਬੀਆਂ ਵਾਂਗ ਜੁੜੇ ਮਿਜ਼ੋ ਲੋਕਾਂ ਦੀ ਧਰਤੀ ਮਿਜ਼ੋਰਮ ਦੇ ਸਫ਼ਰ ਦਾ ਸਬੱਬ ਬਣਿਆ। ਇੱਥੋਂ ਦੀ ਸਥਾਨਕ ਭਾਸ਼ਾ ਮਿਜ਼ੋ ਵਿਚ ਮਿਜ਼ੋਰਮ ਦਾ ਅਰਥ ਪਹਾੜਾਂ ’ਤੇ ਰਹਿਣ ਵਾਲੇ ਲੋਕਾਂ ਦੀ ਧਰਤੀ ਹੈ। ਮਿਜ਼ੋ ਭਾਸ਼ਾ ਦੀ ਇਕ ਬੜੀ ਦਿਲਚਸਪ ਗੱਲ ਇਹ ਹੈ ਕਿ ਇਸ ਭਾਸ਼ਾ ਦੀ ਆਪਣੀ ਕੋਈ ਲਿਪੀ ਨਹੀਂ। ਇਸ ਨੂੰ ਲਿਖਣ ਲਈ ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਪੰਜਾਬੀ ਭਾਸ਼ਾ ਵਾਂਗ ਮਿਜ਼ੋ ਭਾਸ਼ਾ ਦੀ ਵਿਰਾਸਤ ਨੂੰ ਲਿਖਤੀ ਰੂਪ ਵਿਚ ਸਾਂਭਣ ਲਈ ਅੰਗਰੇਜ਼ਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮਿਜ਼ੋ ਲੋਕਾਂ ਦਾ ਇਤਿਹਾਸ ਮੰਗੋਲੀਅਨ ਲੋਕਾਂ ਨਾਲ ਜੁੜਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਚੀਨ ਦੀ ਦੀਵਾਰ ਬਣਾਉਣ ਵਾਲੇ ਕਝ ਮੰਗੋਲ ਗ਼ੁਲਾਮ ਉੱਥੋਂ ਭੱਜ ਕੇ ਇਸ ਖੇਤਰ ਵਿਚ ਆ ਵਸੇ ਜੋ ਬਾਅਦ ਵਿਚ ਮਿਜ਼ੋ ਅਖਵਾਏ।

ਇਸ ਖਿੱਤੇ ਵਿਚ ਇਸਾਈ ਮਿਸ਼ਨਰੀਆਂ ਦਾ ਪ੍ਰਭਾਵ ਜ਼ਿਆਦਾ ਹੋਣ ਕਰਕੇ ਬਹੁਤੀ ਆਬਾਦੀ ਇਸਾਈ ਧਰਮ ਨਾਲ ਸਬੰਧਿਤ ਹੈ, ਪਰ ਹਿੰਦੂ ਅਤੇ ਬੁੱਧ ਧਰਮ ਨੂੰ ਮੰਨਣ ਵਾਲੇ ਵੀ ਥੋੜ੍ਹੇ ਬਹੁਤ ਲੋਕ ਇੱਥੇ ਰਹਿੰਦੇ ਹਨ। ਸਿੱਖਾਂ ਦੇ ਵਿਰਲੇ-ਟਾਵੇਂ ਪਰਿਵਾਰ ਹੀ ਇੱਥੇ ਰਹਿੰਦੇ ਹਨ, ਪਰ ਉਨ੍ਹਾਂ ਦਾ ਸਮਾਜ ’ਤੇ ਪੂਰਾ ਦਬਦਬਾ ਹੈ। ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਵਿਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਨੌਜੁਆਨ ਥਾਣੇਦਾਰ ਧਿਆਨ ਸਿੰਘ ਸਮਾਜ ਸੇਵਾ ਨੂੰ ਸਮਰਪਿਤ ਹੈ। ਇਸੇ ਤਰ੍ਹਾਂ ਬਜ਼ੁਰਗ ਕਾਰੋਬਾਰੀ ਤੇਜ ਸਿੰਘ ਦਾ ਇੱਥੋਂ ਦੇ ਸਮਾਜ ਵਿਚ ਵੱਡਾ ਨਾਮ ਹੈ। ਆਈਜ਼ੌਲ ਵਿਚ ਉਨ੍ਹਾਂ ਦੇ ਨਾਮ ’ਤੇ ਚਾਰ ਸਰਕਾਰੀ ਸਕੂਲ ਵੀ ਚੱਲ ਰਹੇ ਹਨ। ਉਹ ਇੱਥੇ ਸਾਰੇ ਧਾਰਮਿਕ ਅਸਥਾਨਾਂ ਦੇ ਵਿਕਾਸ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ।

ਦੇਸ਼ ਦੇ ਦੂਜੇ ਸਭ ਤੋਂ ਵੱਧ ਪੜ੍ਹੇ-ਲਿਖੇ ਰਾਜ ਦਾ ਦਰਜਾ ਪ੍ਰਾਪਤ ਮਿਜ਼ੋਰਮ ਵਿਚ ਵਿਧਾਨ ਸਭਾ ਦੇ ਕੁੱਲ 40 ਮੈਂਬਰ ਹਨ। ਇਸ ਰਾਜ ਨੂੰ ਸੰਸਦ ਦੇ ਦੋਵੇਂ ਸਦਨਾਂ (ਲੋਕ ਸਭਾ ਤੇ ਰਾਜ ਸਭਾ) ਵਿਚ ਇਕ-ਇਕ ਮੈਂਬਰ ਦੀ ਨੁਮਾਇੰਦਗੀ ਹਾਸਲ ਹੈ।

ਪੰਜਾਬ ਵਾਂਗ ਇੱਥੋਂ ਦੀ ਆਰਥਿਕਤਾ ਵੀ ਖੇਤੀਬਾੜੀ ’ਤੇ ਆਧਾਰਿਤ ਹੈ। ਮਿਜ਼ੋ ਲੋਕਾਂ ਦਾ ਖ਼ੂਨ ਇਨਕਲਾਬੀ ਹੈ ਤੇ ਇਨ੍ਹਾਂ ਨੇ ਆਪਣੇ ਵੱਖਰੇ ਰਾਜ ਲਈ ਇਕ ਵੱਡਾ ਸੰਘਰਸ਼ ਲੜਿਆ ਹੈ। ਦੇਸ਼ ਵਿਚ ਪਹਿਲੀ ਵਾਰ ਕਿਸੇ ਅੰਦਰੂਨੀ ਅੰਦੋਲਨ ਨੂੰ ਦਬਾਉਣ ਲਈ ਹਵਾਈ ਫ਼ੌਜ ਦੀ ਵਰਤੋਂ ਕੀਤੇ ਜਾਣ ਦਾ ਇਤਿਹਾਸ ਵੀ ਇਸ ਖਿੱਤੇ ਨਾਲ ਜੁੜਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਐਮਐੱਨਐਫ (ਮਿਜ਼ੋ ਨੈਸ਼ਨਲ ਫਰੰਟ) ਦੇ ਮਿਜ਼ੋ ਨੇਤਾ ਜ਼ੋਰਮਥੰਗਾ ਨੇ ਇਸ ਸੰਘਰਸ਼ ਦੀ ਅਗਵਾਈ ਕੀਤੀ ਸੀ, ਅੱਜ ਉਹੀ ਇਨਕਲਾਬੀ ਨੇਤਾ ਸੂਬੇ ਦਾ ਮੁੱਖ ਮੰਤਰੀ ਹੈ।

ਲਗਭਗ 20 ਲੱਖ ਦੀ ਆਬਾਦੀ ਵਾਲੇ ਤੇ ਕਸ਼ਮੀਰ ਵਾਂਗ ਧਰਤੀ ਦਾ ਸਵਰਗ ਕਹੇ ਜਾਣ ਵਾਲੇ ਇਸ ਰਾਜ ਵਿਚ ਆਉਣ ਲਈ ਸੈਲਾਨੀਆਂ ਨੂੰ ਇਨਰ ਲਾਈਨ ਪਰਮਿਟ ਲੈਣਾ ਜ਼ਰੂਰੀ ਹੁੰਦਾ ਹੈ। ਇਹ ਪਰਮਿਟ ਯਾਤਰਾ ਤੋਂ ਪਹਿਲਾਂ ਔਨਲਾਈਨ ਅਪਲਾਈ ਕਰਕੇ ਲਿਆ ਜਾ ਸਕਦਾ ਹੈ ਜਾਂ ਫਿਰ ਉੱਥੇ ਪਹੁੰਚ ਕੇ ਏਅਰਪੋਰਟ ਤੋਂ ਵੀ ਬਣਦੀ ਕੀਮਤ ਅਦਾ ਕਰਕੇ ਹਾਸਲ ਕੀਤਾ ਜਾ ਸਕਦਾ ਹੈ। ਇਸ ਰਾਜ ਵਿਚ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ’ਤੇ ਪੂਰਨ ਪਾਬੰਦੀ ਹੈ। ਇਸ ਰਾਜ ਵਿਚ ਸ਼ਰਾਬਬੰਦੀ ਵੀ ਲਾਗੂ ਹੈ ਹਾਲਾਂਕਿ ਸ਼ਰਾਬ ਦੂਸਰੇ ਗੁਆਂਢੀ ਰਾਜਾਂ ਤੋਂ ਇੱਥੇ ਪਹੁੰਚ ਹੀ ਜਾਂਦੀ ਹੈ। ਇਸੇ ਤਰ੍ਹਾਂ ਮਿਆਂਮਾਰ (ਬਰਮਾ) ਨਾਲ ਸਰਹੱਦ ਸਾਂਝੀ ਹੋਣ ਕਰਕੇ ਉੱਥੋਂ ਨਸ਼ਾ ਵੀ ਵੱਡੀ ਮਾਤਰਾ ਵਿਚ ਇੱਥੇ ਗੈਰਕਾਨੂੰਨੀ ਤਰੀਕੇ ਨਾਲ ਸਪਲਾਈ ਕੀਤਾ ਜਾਂਦਾ ਹੈ ਜਿਸ ਕਾਰਨ ਇੱਥੋਂ ਦੇ ਨੌਜਵਾਨਾਂ ’ਚ ਨਸ਼ੇ ਦੀ ਸਮੱਸਿਆ ਵੱਡੇ ਪੱਧਰ ’ਤੇ ਫੈਲ ਰਹੀ ਹੈ। ਇੱਥੋਂ ਦੇ ਜ਼ਿਆਦਾਤਰ ਲੋਕ ਸਿਗਰਟ ਪੀਣ ਦੇ ਆਦੀ ਹਨ। ਸਰਕਾਰੀ ਤੌਰ ’ਤੇ ਸਿਗਰਟ ਪੀਣ ਦੀ ਮਨਾਹੀ ਦੇ ਬਾਵਜੂਦ ਲੋਕ ਜਨਤਕ ਥਾਵਾਂ ’ਤੇ ਸ਼ਰ੍ਹੇਆਮ ਸਿਗਰਟਾਂ ਫੂਕਦੇ ਦੇਖੇ ਜਾ ਸਕਦੇ ਹਨ।

ਇੱਥੇ ਖਾਣਾ ਬਣਾਉਣ ਤੋਂ ਲੈ ਕੇ ਘਰ ਬਣਾਉਣ ਤੱਕ ਲਗਭਗ ਹਰ ਚੀਜ਼ ਵਿਚ ਬਾਂਸ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਦੇ ਭੰਗੜੇ ਵਾਂਗ ਬਾਂਸ ਨ੍ਰਿਤ ਇੱਥੋਂ ਦਾ ਪ੍ਰਸਿੱਧ ਲੋਕ ਨਾਚ ਹੈ। ਮਿਜ਼ੋ ਲੋਕ ਫੁਟਬਾਲ ਖੇਡ ਦੇ ਦੀਵਾਨੇ ਹਨ।

ਇੱਥੋਂ ਦੀ ਇਕ ਰੌਚਕ ਗੱਲ ਇਹ ਹੈ ਕਿ ਇੱਥੇ ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ਬਿਨਾਂ ਦੁਕਾਨਦਾਰਾਂ ਤੋਂ ਚੱਲਦੀਆਂ ਹਨ। ਇੱਥੇ ਕੀਮਤ ਦਰਸਾ ਕੇ ਸਬਜ਼ੀਆਂ ਤੇ ਫਲ ਲਿਫ਼ਾਫ਼ਿਆਂ ਵਿਚ ਬੰਨ੍ਹ ਕੇ ਰੱਖ ਦਿੱਤੇ ਜਾਂਦੇ ਹਨ ਤੇ ਲੋਕ ਲਿਫ਼ਾਫ਼ਾ ਚੁੱਕ ਕੇ ਬਣਦੀ ਕੀਮਤ ਕੋਲ ਪਏ ਡੱਬੇ ਵਿਚ ਪਾ ਦਿੰਦੇ ਹਨ। ਅਜੋਕੇ ਸਮੇਂ ਵਿਚ ਅਜਿਹੀ ਇਮਾਨਦਾਰੀ ਸਾਡੇ ਲਈ ਇਕ ਵੱਡੀ ਮਿਸਾਲ ਹੈ।

ਇੱਥੋਂ ਦੀ ਰਾਜਧਾਨੀ ਆਈਜ਼ੌਲ ਵਿਚ ਕੇ.ਵੀ. ਪੈਰਾਡਾਈਜ਼ ਨਾਂ ਦੀ ਇਕ ਬੜੀ ਆਕਰਸ਼ਕ ਇਮਾਰਤ ਹੈ ਜੋ ਇਕ ਮੁਹੱਬਤੀ ਇਨਸਾਨ ਨੇ ਆਪਣੀ ਪਤਨੀ ਦੀ ਯਾਦ ’ਚ ਸਾਲ 2006 ਵਿਚ ਉਸਰਵਾਈ ਸੀ। ਸਾਲ 2001 ’ਚ ਇਕ ਸੜਕ ਦੁਰਘਟਨਾ ’ਚ ਫੌਤ ਹੋਈ ਰੋਸੰਗਪੂਈ ਵਰਤੇ ਨਾਂ ਦੀ ਔਰਤ ਦੀ ਯਾਦ ਵਿਚ ਉਸ ਦੇ ਪਤੀ ਖਾਲਹਰਿੰਗ ਵਰਤੇ ਨੇ ਇਸ ਦੀ ਉਸਾਰੀ ਕਰਵਾਈ ਸੀ। ਮਿਜ਼ੋਰਮ ਦਾ ਤਾਜ ਮਹੱਲ ਕਹੀ ਜਾਂਦੀ ਇਸ ਦੋ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ਵਿਚ ਰੋਸੰਗਪੂਈ ਵਰਤੇ ਦੀ ਇਕ ਵੱਡੀ ਤਸਵੀਰ ਲਗਾਈ ਹੋਈ ਹੈ ਅਤੇ ਉਪਰਲੀ ਮੰਜ਼ਿਲ ’ਤੇ ਉਸ ਦੀਆਂ ਨਿੱਜੀ ਵਰਤੋਂ ਦੀਆਂ ਕੁਝ ਚੀਜ਼ਾਂ ਨੂੰ ਸ਼ੀਸ਼ਿਆਂ ਵਿਚ ਸਾਂਭ ਕੇ ਰੱਖਿਆ ਹੋਇਆ ਹੈ। ਅੱਜ ਦੇ ਸਮੇਂ ਵਿਚ ਮੁਹੱਬਤ ਦੀ ਅਜਿਹੀ ਅਨੋਖੀ ਮਿਸਾਲ ਲੱਭਣੀ ਬਹੁਤ ਮੁਸ਼ਕਿਲ ਹੈ।

ਆਈਜ਼ੌਲ ਵਿਖੇ ਇਕਲੌਤਾ ਪੁਸ਼ਪਕ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੈ ਜਿਸ ਦਾ ਨਿਰਮਾਣ 1972 ’ਚ ਸਿੱਖ ਰੈਜੀਮੈਂਟ ਦੇ ਇਕ ਸਿੱਖ ਬ੍ਰਿਗੇਡੀਅਰ ਨੇ ਕਰਵਾਇਆ ਸੀ। ਇਸ ਗੁਰਦੁਆਰਾ ਸਾਹਿਬ ਵਿਚ ਹਰ ਐਤਵਾਰ ਲੰਗਰ ਲਗਾਇਆ ਜਾਂਦਾ ਹੈ ਅਤੇ ਲਗਭਗ 200-300 ਦੇ ਕਰੀਬ ਸੰਗਤ ਇੱਥੇ ਲੰਗਰ ਛਕਦੀ ਹੈ ਜਿਸ ਵਿਚ ਹਰ ਧਰਮ ਦੇ ਲੋਕ ਸ਼ਾਮਲ ਹੁੰਦੇ ਹਨ।

ਇੱਥੇ ਸਰਕਾਰ ਦੇ ਬਰਾਬਰ ਚਰਚ ਦੇ ਪਾਦਰੀਆਂ ਅਤੇ ਮਿਜ਼ੋ ਨੌਜਵਾਨਾਂ ਦੀ ਸੰਸਥਾ ਵਾਈ.ਐਮ.ਏ. ਦਾ ਹੁਕਮ ਚੱਲਦਾ ਹੈ। ਇਹ ਦੋਵੇਂ ਸੰਸਥਾਵਾਂ ਚੋਣਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਸ਼ਰਾਰਤੀ ਅਨਸਰਾਂ ਵਿਚ ਪੁਲੀਸ ਨਾਲੋਂ ਵਾਈ.ਐਮ.ਏ. ਦਾ ਜ਼ਿਆਦਾ ਖ਼ੌਫ਼ ਹੈ।

ਛੋਟੀਆਂ ਸੜਕਾਂ ਤੇ ਭੀੜੀਆਂ ਗਲੀਆਂ ਦੇ ਬਾਵਜੂਦ ਇੱਥੋਂ ਦੇ ਲੋਕ ਬੜੇ ਸਬਰ ਤੇ ਸੰਤੋਖ ਨਾਲ ਗੱਡੀ ਚਲਾਉਂਦੇ ਹਨ। ਇੱਥੇ ਜਾਮ ਦੀ ਸਥਿਤੀ ਵਿਚ ਵੀ ਕੋਈ ਹਾਰਨ ਨਹੀਂ ਮਾਰਦਾ। ਪੰਜਾਬ ਦੇ ਪੁਰਾਣੇ ਪਿੰਡਾਂ ਵਾਂਗ ਇੱਥੇ ਲੋਕ ਸ਼ਾਮ 6-7 ਵਜੇ ਤੱਕ ਬਾਜ਼ਾਰ ਬੰਦ ਕਰਕੇ ਘਰਾਂ ’ਚ ਆਪਣੇ ਬਿਸਤਰਿਆਂ ’ਤੇ ਹੁੰਦੇ ਹਨ। ਇੱਥੋਂ ਦੇ ਲੋਕਾਂ ਦਾ ਜੀਵਨ ਬਹੁਤ ਸਰਲ ਤੇ ਸਾਦਾ ਹੈ। ਇਹ ਲੋਕ ਫੋਕੀ ਫੂੰ ਫਾਂ ਤੋਂ ਕੋਹਾਂ ਦੂਰ ਹਨ। ਪਾਣੀ ਦੀ ਵਰਤੋਂ ਕਰਨਾ ਕੋਈ ਮਿਜ਼ੋ ਲੋਕਾਂ ਤੋਂ ਸਿੱਖੇ। ਇੱਥੇ ਹਫ਼ਤੇ ’ਚ ਦੋ ਜਾਂ ਤਿੰਨ ਵਾਰ ਘੰਟੇ-ਦੋ ਘੰਟੇ ਲਈ ਪਾਣੀ ਆਉਂਦਾ ਹੈ ਜਿਸ ਨੂੰ ਸਟੋਰ ਕਰਕੇ ਇਹ ਲੋਕ ਬੜੇ ਆਰਾਮ ਨਾਲ ਆਪਣਾ ਗੁਜ਼ਾਰਾ ਕਰਦੇ ਹਨ।

ਇਹ ਰਾਜ ਬੜੀ ਸੋਹਣੀ ਆਬੋ ਹਵਾ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ। ਕੁੱਲਾ ਮਿਲਾ ਕੇ ਜੇਕਰ ਤੁਸੀਂ ਮਿਜ਼ੋਰਮ ਦੇ ਸਫ਼ਰ ’ਤੇ ਜਾਣਾ ਚਾਹੋ ਤਾਂ ਤੁਹਾਡਾ ਸਫ਼ਰ ਵਾਕਈ ਲਾਜਵਾਬ ਤੇ ਸ਼ਾਨਦਾਰ ਰਹੇਗਾ।