ਸੈਰ ਸਪਾਟਾ ਸੰਮੇਲਨ: ਪੰਜਾਬੀ ਵਿਰਸੇ ਦੀ ਝਲਕ ਖਿੱਚ ਦਾ ਕੇਂਦਰ ਬਣੀ

ਸੈਰ ਸਪਾਟਾ ਸੰਮੇਲਨ: ਪੰਜਾਬੀ ਵਿਰਸੇ ਦੀ ਝਲਕ ਖਿੱਚ ਦਾ ਕੇਂਦਰ ਬਣੀ

ਐੱਸਏਐੱਸ ਨਗਰ (ਮੁਹਾਲੀ)- ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਥਾਵਾਂ ਨੂੰ ਦੁਨੀਆ ਭਰ ਵਿੱਚ ਉਭਾਰਨ ਦੇ ਮੰਤਵ ਨਾਲ ਅਤੇ ਸੂਬੇ ’ਚ ਸੈਰ ਸਪਾਟਾ ਸਨਅਤ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿੱਚ ਕਰਵਾਏ ਜਾ ਰਹੇ ਸੈਰ ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ ਦੇ ਦੂਜੇ ਦਿਨ ਪੰਜਾਬੀ ਪੇਂਡੂ ਜਨ-ਜੀਵਨ ਦੀ ਝਲਕ, ਸਭਿਆਚਾਰਕ ਗਤੀਵਿਧੀਆਂ, ਵੱਖੋ-ਵੱਖ ਸਟਾਲਾਂ ਤੇ ਪ੍ਰਦਰਸ਼ਨੀਆਂ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਅਤੇ ਲੋਕਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।

ਸੰਮੇਲਨ ਦੌਰਾਨ ਚਰਖੇ ਨਾਲ ਸੂਤ ਕੱਤਣ, ਨਾਲੇ ਤੇ ਪੀੜ੍ਹੀਆਂ ਬੁਣਨ, ਮਧਾਣੀਆਂ ਰਿੜਕਣ, ਪੱਖੀਆਂ ਝੱਲਣ, ਚੱਕੀਆਂ ਨਾਲ ਹੱਥੀਂ ਆਟਾ ਪੀਹਣ ਨੂੰ ਅਮਲੀ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਅਤੇ ਲੋਕਾਂ ਨੇ ਖ਼ੁਦ ਇਨ੍ਹਾਂ ਗਤੀਵਿਧੀਆਂ ਨੂੰ ਆਪਣੇ ਹੱਥੀਂ ਕਰ ਕੇ ਅਮੀਰ ਪੰਜਾਬੀ ਵਿਰਸੇ ਦਾ ਆਨੰਦ ਮਾਣਿਆ। ਮਾਰਟ ਵਿੱਚ ਮਲਵਈ ਗਿੱਧੇ ਦੀ ਟੀਮ ਲਗਾਤਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੀ ਰਹੀ ਅਤੇ ਨੌਜਵਾਨ ਮੁੰਡੇ-ਕੁੜੀਆਂ ਮਲਵਈ ਗਿੱਧੇ ਦੀਆਂ ਬੋਲੀਆਂ ਤੇ ਸਾਜ਼ਾਂ ਨੂੰ ਮਾਣਦੇ ਹੋਏ ਨੱਚਦੇ ਦੇਖੇ ਗਏ। ਉਥੇ ਹੀ ਲੋਕਾਂ ਨੇ ਮੱਕੀ ਦੀ ਰੋਟੀ, ਸਾਗ, ਮੱਖਣ ਤੇ ਲੱਸੀ ਦਾ ਸਵਾਦ ਚਖਿਆ। ਇੱਥੇ 360 ਡਿਗਰੀ ਆਕਾਰ ਵਾਲਾ ਇਮਰਸਿਵ ਥੀਏਟਰ ਵੀ ਲੋਕਾਂ ਲਈ ਖਿੱਚ ਦਾ ਵੱਡਾ ਕੇਂਦਰ ਬਣਿਆ। ਪਿੰਡ ਸਤੋਜ ਵਿੱਚ ਵੱਖ-ਵੱਖ ਕਿਸਮ ਦੇ ਤੇਲ ਕੱਢ ਕੇ ਵੇਚਣ ਦਾ ਕੰਮ ਕਰਦੇ ਏਕਤਾ ਸੈਲਫ ਹੈਲਪ ਗਰੁੱਪ ਦੇ ਜਗਦੇਵ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਸਦਕਾ ਉਸ ਨੇ ਦੂਜੇ ਰਾਜਾਂ ਤੋਂ ਬਹੁਤ ਸਾਰੇ ਆਰਡਰ ਪ੍ਰਾਪਤ ਕੀਤੇ ਹਨ। ਸਾਗ, ਮੱਕੀ ਦੀ ਰੋਟੀ, ਖੀਰ ਮਾਲ ਪੂੜੇ, ਕੜੀ ਚਾਵਲ, ਗੁੜ ਸ਼ੱਕਰ ਅਤੇ ਸੇਵੀਆਂ ਦਾ ਸਟਾਲ ਲਗਾਉਣ ਵਾਲੀ ਮਹਿਲਾ ਮੋਰਚਾ ਸੈਲਫ਼ ਹੈਲਪ ਗਰੁੱਪ ਮੁਹਾਲੀ ਦੀ ਵੰਦਨਾ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਾਲੋਂ ਵੱਧ ਲੋਕਾਂ ਤੋਂ ਪਿਆਰ ਮਿਲਿਆ ਹੈ। ਆਪਣੇ ਜੀਵਨ ਦਾ ਪਹਿਲਾ ਸਟਾਲ ਲਗਾਉਣ ਵਾਲੀ ਸੰਗਰੂਰ ਦੇ ਪਿੰਡ ਗੱਗੜਪੁਰ ਦੀ ਰਹਿਣ ਵਾਲੀ ਬਾਬਾ ਦੀਪ ਸਿੰਘ ਸੈਲਫ ਹੈਲਪ ਗਰੁੱਪ ਦੀ ਜਸਬੀਰ ਕੌਰ ਜੋ ਮਠਿਆਈਆਂ ਅਤੇ ਬਿਸਕੁਟਾਂ ਦਾ ਵਪਾਰ ਕਰਦੇ ਹਨ, ਨੇ ਦੱਸਿਆ ਕਿ ਉਹ ਜਿੰਨਾ ਸਾਮਾਨ ਲਿਆਏ ਸਨ, ਉਹ ਅੱਜ ਸਵੇਰੇ ਹੀ ਵਿਕ ਗਿਆ।