ਸੈਨੇਗਲ ਨੂੰ ਹਰਾ ਕੇ ਇੰਗਲੈਂਡ ਆਖਰੀ ਅੱਠ ’ਚ

ਸੈਨੇਗਲ ਨੂੰ ਹਰਾ ਕੇ ਇੰਗਲੈਂਡ ਆਖਰੀ ਅੱਠ ’ਚ

ਕਪਤਾਨ ਹੈਰੀ ਕੇਨ, ਜੌਰਡਨ ਹੈਂਡਰਸਨ ਅਤੇ ਬੁਕਾਯੋ ਸਾਕਾ ਨੇ ਕੀਤੇ ਗੋਲ
ਅਲ ਖੋਰ-ਇੰਗਲੈਂਡ ਨੇ ਕਪਤਾਨ ਹੈਰੀ ਕੇਨ ਦੇ ਇਸ ਸਾਲ ਫੁਟਬਾਲ ਵਿਸ਼ਵ ਕੱਪ ਵਿੱਚ ਪਹਿਲੇ ਗੋਲ ਦੀ ਬਦੌਲਤ ਐਤਵਾਰ ਦੇਰ ਰਾਤ ਇੱਥੇ ਸੈਨੇਗਲ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ। ਕੇਨ ਨੇ ਇੰਗਲੈਂਡ ਲਈ ਆਪਣਾ 52ਵਾਂ ਗੋਲ ਕੀਤਾ। ਉਹ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਦੇ ਵੇਨ ਰੂਨੀ ਦੇ ਰਿਕਾਰਡ ਤੋਂ ਸਿਰਫ ਇੱਕ ਗੋਲ ਪਿੱਛੇ ਹੈ। ਉਸ ਨੇ 11 ਗੋਲਾਂ ਦੇ ਨਾਲ ਵੱਡੇ ਟੂਰਨਾਮੈਂਟਾਂ ਵਿੱਚ ਆਪਣੇ ਦੇਸ਼ ਦੇ ਸਿਖਰਲੇ ਸਕੋਰਰ ਵਜੋਂ ਗੈਰੀ ਲਿਨੇਕਰ ਨੂੰ ਵੀ ਪਿੱਛੇ ਛੱਡ ਦਿੱਤਾ।

ਮੈਚ ਵਿੱਚ ਬਾਕੀ ਦੋ ਗੋਲ ਜੌਰਡਨ ਹੈਂਡਰਸਨ ਅਤੇ ਬੁਕਾਯੋ ਸਾਕਾ ਨੇ ਕੀਤੇ। ਇਨ੍ਹਾਂ ਗੋਲਾਂ ਵਿੱਚ ਜੂਡ ਬੇਲਿੰਘਮ ਅਤੇ ਫਿਲ ਫੋਡੇਨ ਨੇ ਵੀ ਅਹਿਮ ਭੂਮਿਕਾ ਨਿਭਾਈ। ਰੂਸ ਵਿੱਚ ਪਿਛਲੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀ ਇੰਗਲੈਂਡ ਦੀ ਟੀਮ ਹੁਣ ਸ਼ਨਿਚਰਵਾਰ ਨੂੰ ਸਾਬਕਾ ਚੈਂਪੀਅਨ ਫਰਾਂਸ ਨਾਲ ਭਿੜੇਗੀ। ਕੇਨ ਨੇ ਕਿਹਾ, ‘‘ਅਸੀਂ ਮੈਚ ਦਾ ਆਨੰਦ ਲਿਆ ਪਰ ਸਾਡਾ ਧਿਆਨ ਅਗਲੇ ਮੈਚ ’ਤੇ ਹੈ। ਇਹ ਕਾਫੀ ਸਖ਼ਤ ਮੁਕਾਬਲਾ ਹੋਵੇਗਾ। ਫਰਾਂਸ ਸਾਬਕਾ ਚੈਂਪੀਅਨ ਹੈ ਪਰ ਮੁਕਾਬਲਾ ਟੱਕਰ ਦਾ ਹੋਵੇਗਾ।’’

ਇੰਗਲੈਂਡ ਅਤੇ ਫਰਾਂਸ ਵਿਚਾਲੇ ਹੋਣ ਵਾਲੇ ਮੁਕਾਬਲੇ ’ਚ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਕੇ ਮਬਾਪੇ ਅਤੇ ਬੇਲਿੰਘਮ ਵਰਗੇ ਖਿਡਾਰੀ ਐਕਸ਼ਨ ’ਚ ਨਜ਼ਰ ਆਉਣਗੇ। ਮਬਾਪੇ ਨੇ ਇਸ ਸਾਲ ਵਿਸ਼ਵ ਕੱਪ ਵਿੱਚ ਕੁੱਲ ਪੰਜ ਗੋਲ ਕੀਤੇ ਹਨ। ਬੇਲਿੰਘਮ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਸਿਰਫ ਇੱਕ ਗੋਲ ਕੀਤਾ ਹੈ ਪਰ ਉਸ ਨੇ ਹੋਰ ਖਿਡਾਰੀਆਂ ਦੇ ਗੋਲਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।