ਸੈਂਟਰਲ ਕੈਲੀਫੋਰਨੀਆ ਇਲਾਕਾ ਫਰਿਜ਼ਨੋ ਦੇ 14 ਗੁਰੂ ਘਰਾਂ ਵੱਲੋਂ ਸਿੱਖ ਏਕਤਾ ਲਈ ਇਤਿਹਾਸਕ ਪਹਿਲ

ਸੈਂਟਰਲ ਕੈਲੀਫੋਰਨੀਆ ਇਲਾਕਾ ਫਰਿਜ਼ਨੋ ਦੇ 14 ਗੁਰੂ ਘਰਾਂ ਵੱਲੋਂ ਸਿੱਖ ਏਕਤਾ ਲਈ ਇਤਿਹਾਸਕ ਪਹਿਲ

ਫਰਿਜ਼ਨੋ/ਕੈਲੀਫੋਰਨੀਆ : ਸੈਂਟਰਲ ਕੈਲੀਫੋਰਨੀਆ ਇਲਾਕਾ ਫਰਿਜ਼ਨੋ ਦੀਆਂ ਸੰਗਤਾਂ ਵੱਲੋਂ ਸਮੁੱਚੇ ਸਿੱਖਾਂ ਦੀ ਏਕਤਾ ਦੇ ਮਿਸ਼ਨ ‘ਇਕ ਪੰਥ ਇਕ ਸੋਚ’ ਲਈ ਪਿਛਲੇ 8 ਸਾਲਾਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਏਕੇ ਨੂੰ ਸਮਰਪਿਤ ਪ੍ਰੋਗਰਾਮ ਆਤਮ-ਰਸ ਕੀਰਤਨ ਦਰਬਾਰ 24 ਜੂਨ ਦਿਨ ਸ਼ਨੀਵਾਰ ਸ਼ਾਮ 5 ਤੋਂ 9 ਵਜੇ ਵਿੱਚ ਵੱਖ-ਵੱਖ ਵਿਚਾਰਧਾਰਾ ਜਾਂ ਮਰਿਆਦਾ ‘ਚ ਵੰਡੇ ਕਹੇ ਜਾਣ ਵਾਲੇ ਗੁਰੂ ਘਰਾਂ ਦੇ ਰਾਗੀ, ਢਾਡੀ ਵੀਰਾਂ ਨੇ ਇਕ ਥਾਂ ਇਕੱਤਰ ਹੋ ਕੇ ਆਪ ਸਿੱਖ ਏਕਤਾ ‘ਤੇ ਪਹਿਰਾ ਦਿੰਦਿਆਂ ਸੰਸਾਰ ਭਰ ਦੇ ਸਿੱਖਾਂ ਨੂੰ ਵੀ ਏਕਤਾ ਦੀ ਅਪੀਲ ਕੀਤੀ।
ਸੰਗਤਾਂ ਵੱਲੋਂ ਚੁੱਕੇ ਇਸ ਬੀੜੇ ਦਾ ਜਿੱਥੇ ਇਲਾਕੇ ਦੇ ਸਾਰੇ ਹੀ 14 ਗੁਰੂ ਘਰਾਂ ਜਿਨ੍ਹਾਂ ‘ਚ ਫਰਿਜ਼ਨੋ ਕਲੋਵਸ ਦੇ ਸਾਰੇ ਗੁਰੂ ਘਰ ਜਿਸ ਵਿੱਚ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਪ੍ਰਕਾਸ਼, ਨਾਨਕਸਰ, ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਰਵਿਦਾਸ ਸਭਾ, ਗੁ. ਕਲੋਵਿਸ, ਸੈਲਮਾ ਕਲਗੀਧਰ, ਪੈਸੇਫਿਕ ਕੋਸਟ ਸਿਲਮਾ, ਸੈਲਮਾ ਗੁਰੂ ਰਵਿਦਾਸ ਤੋਂ ਇਲਾਵਾ ਗੁ. ਸਾਹਿਬ ਕਰਦਰਜ, ਮੰਡੇਰਾ, ਕਰਮਨ, ਸਨਵਾਕੀਨ, ਪੋਰਟਰਵਿਲੈ ਆਦਿ ਗੁਰੂ ਘਰਾਂ ਨੇ ਜਥੇ ਭੇਜ ਕੇ ਜਿੱਥੇ ਆਪ ਏਕੇ ਦਾ ਸਬੂਤ ਦਿੱਤਾ, ਉੱਥੇ ਇਲਾਕੇ ਦੇ ਪੰਜਾਬੀ ਮੀਡੀਆ ਅਤੇ ਐੱਨਜੀਓ ਜਿਨ੍ਹਾਂ ‘ਚ ਸਿੱਖ ਕੌਂਸਲ, ਸਿੱਖ ਵੂਮੈਨ ਆਰਗੇਨਾਈਜ਼ੇਸ਼ਨ ਆਫ਼ ਸੈਂਟਰਲ ਕੈਲੀਫੋਰਨੀਆ, ਜਕਾਰਾ ਮੂਵਮੈਂਟ, ਇੰਡੋ ਅਮੇਰੀਕਨ ਹੈਰੀਟੇਜ ਫੌਰਮ, ਜੀ.ਐੱਚ.ਜੀ ਅਕੈਡਮੀ, ਪੀ.ਏ.ਜੀ.ਜੀ., ਮੀਰੀ ਪੀਰੀ ਸੇਵਾ ਸੁਸਾਇਟੀ, ਪੰਜਾਬੀ ਰੇਡੀਓ ਕੇਬੀਆਈਐੱਫ 900 ਏਐੱਮ, ਇਲਾਕੇ ਦੇ ਮੀਡੀਆ ਪਰਸਨਜ਼, ਪੰਜਾਬੀ ਲੇਖਕ, ਮਾਤਾ ਗੁਜਰੀ ਅਤੇ ਸੁਖਮਨੀ ਸਾਹਿਬ ਗਰੁੱਪ ਵੱਲੋਂ ਇਸ ਦੀ ਸ਼ਲਾਘਾ ਕਰਦਿਆਂ ਭਰਵਾਂ ਹੁੰਗਾਰਾ ਮਿਲਿਆ ਅਤੇ ਕਿਹਾ ਗਿਆ ਕਿ ਅੱਜ ਪੂਰੇ ਸੰਸਾਰ ਦੇ ਸਿੱਖਾਂ ਨੂੰ ਸਰਬੱਤ ਦੇ ਭਲੇ ਲਈ ਇਕ ਹੋਣ ਦੀ ਸਖ਼ਤ ਲੋੜ ਹੈ।
ਸਿੱਖ ਏਕੇ ਦੇ ਮਾਮਲੇ ‘ਚ ਆਮ ਸੰਗਤਾਂ ਦਾ ਇਹ ਕਹਿਣਾ ਹੈ ਕਿ ਇਲਾਕੇ ‘ਚ ਪਹਿਲੀ ਵਾਰ ਸਭ ਵੱਖ-ਵੱਖ ਵਿਚਾਰਧਾਰਾ ਨਾਲ ਸਬੰਧਤ ਗੁਰੂ ਘਰਾਂ ਦੇ ਜਥਿਆਂ, ਪ੍ਰਬੰਧਕਾਂ, ਪਤਵੰਤੇ ਸੱਜਣਾਂ, ਮੀਡੀਆ ਵੱਲੋਂ ਇਕੋ ਜਗ੍ਹਾ ਬੈਠ ਕੇ ਪੂਰੇ ਸਿੱਖਾਂ ਦੇ ਏਕੇ ਲਈ ਅਰਦਾਸ ਬੇਨਤੀ ਕਰਨੀ ਆਪਣੇ-ਆਪ ‘ਚ ਇਕ ਇਤਿਹਾਸਕ ਘਟਨਾ ਹੈ। ਜੇ ਸਾਡੇ ਆਗੂ ਵੀ ਇਸ ਪਾਸੇ ਧਿਆਨ ਦੇਣ ਤਾਂ ਆਉਣ ਵਾਲੇ ਸਮੇਂ ‘ਚ ਇਕ ਨਵਾਂ ਇਤਿਹਾਸ ਰਚਿਆ ਜਾ ਸਕਦਾ ਹੈ। ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਮਨਜ਼ੂਰ ਕਰਦਿਆਂ ਹੁਣ ਸਿੱਖ ਏਕਤਾ ਦੀ ਇਹ ਜ਼ਿੰਮੇਵਾਰੀ ਪੰਥ ਦੇ ਵੱਡੇ ਪ੍ਰਚਾਰਕਾਂ, ਆਗੂਆਂ ਅਤੇ ਵਿਸ਼ੇਸ਼ ਕਰਕੇ ਪੰਥ ਦੇ ਜਥੇਦਾਰਾਂ ਨੂੰ ਬਿਨਾਂ ਦੇਰ ਲਗਾਏ ਚੁੱਕਣੀ ਚਾਹੀਦੀ ਹੈ।