ਸੇਵਾ ਅਤੇ ਸਿਮਰਨ ਦੀ ਮੂਰਤ ਸਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਸੇਵਾ ਅਤੇ ਸਿਮਰਨ ਦੀ ਮੂਰਤ ਸਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਪ੍ਰੋ: ਸਰਚਾਂਦ ਸਿੰਘ ਖਿਆਲਾ
ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਘਰ ਤੋਂ ਵਰੋਸਾਏ ਹੋਏ ਅਜਿਹੇ ਸਰਵ ਗੁਣ ਸੰਪੰਨ ਗੁਰਸਿੱਖ ਸਨ, ਜਿਨ੍ਹਾਂ ਦੀਆਂ ਅੱਖਾਂ ਅੱਗੇ ਗੁਰ ਇਤਿਹਾਸ ਦਾ ਲਗਭਗ ਅੱਧਾ ਹਿੱਸਾ ਬੀਤਿਆ। ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਪਹਿਲੀਆਂ ਅੱਠ ਪਾਤਸ਼ਾਹੀਆਂ ਦੇ ਦਰਸ਼ਨ, ਪੰਜ ਪਾਤਸ਼ਾਹੀਆਂ ਨੂੰ ਆਪਣੀ ਹੱਥੀਂ ਗੁਰਤਾ ਗੱਦੀ ’ਤੇ ਬਿਰਾਜਮਾਨ ਕਰਦਿਆਂ ਤਿਲਕ ਕਰਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਸਮੇਂ ਪਹਿਲਾ ਮੁੱਖ ਗ੍ਰੰਥੀ ਹੋਣ ਦਾ ਉੱਚਾ ਮੁਕਾਮ ਤੇ ਮਾਣ ਵੀ ਉਨ੍ਹਾਂ ਦੇ ਹੀ ਹਿੱਸੇ ਆਇਆ। ਸਾਰੇ ਗੁਰੂ ਸਾਹਿਬਾਨ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਕਿਹਾ ਜਾਂਦਾ ਹੈ ਕਿ ਪੰਚਮ ਪਾਤਸ਼ਾਹ ਉਨ੍ਹਾਂ ਦੇ ਸਤਿਕਾਰ ’ਚ ਖ਼ੁਦ ਕਈ ਵਾਰ ਖੜ੍ਹੇ ਹੋ ਜਾਂਦੇ ਸਨ। ਉਨ੍ਹਾਂ ਨੇ ਅਨੇਕਾਂ ਬਿਖੜੇ ਸਮਿਆਂ ’ਚ ਆਪਣੀ ਦੂਰ ਦ੍ਰਿਸ਼ਟੀ ਤੇ ਤੀਖਣ ਬੁੱਧੀ ਰਾਹੀਂ ਸਿੱਖਾਂ ਨੂੰ ਸੇਧ ਦੇ ਕੇ ਇਕ ਝੰਡੇ ਹੇਠ ਰੱਖਿਆ ਸੀ। ਉਹ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ।

ਬਾਬਾ ਬੁੱਢਾ ਜੀ ਦਾ ਜਨਮ ਸੰਮਤ 1563 ਬਿਕਰਮੀ, 7 ਕੱਤਕ ( ਅੱਜ ਦੇ ਅਨੁਸਾਰ 23 ਅਕਤੂਬਰ) ਨੂੰ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। 12 ਸਾਲ ਦੀ ਉਮਰ ’ਚ ਪਸ਼ੂ ਚਾਰਦੇ ਵਕਤ ਉਨ੍ਹਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ । ਗੁਰੂ ਸਾਹਿਬ ਨੂੰ ਸਾਧੂ ਜਾਣ ਕੇ ਦੁੱਧ ਲੈ ਕੇ ਹਾਜ਼ਰੀ ਭਰੀ ਤੇ ਸਤਿਗੁਰਾਂ ਨਾਲ ਬਿਬੇਕ ਵੈਰਾਗ ਦੀਆਂ ਗੱਲਾਂ ਕੀਤੀਆਂ । ਉਨ੍ਹਾਂ ਦੇ ਵਿਚਾਰਾਂ ਨੂੰ ਸੁਣ ਕੇ ਸਤਿਗੁਰੂ ਜੀ ਬਖ਼ਸ਼ਿਸ਼ ਦੇ ਘਰ ਆਏ ਤੇ ਕਿਹਾ, ‘‘ਭਾਵੇਂ ਉਮਰ ਨਿੱਕੀ ਹੈ ਪਰ ਸੂਝ ਸਮਝ ਪੱਖੋਂ ਤੂੰ ਬੂੜਾ ਨਹੀਂ ਸਗੋਂ ਬੁੜਾ ਭਾਵ ਬੁੱਢਾ ਹੈਂ।’’ ਉਸ ਦਿਨ ਤੋਂ ਉਨ੍ਹਾਂ ਦਾ ਨਾਂ ਬੁੱਢਾ ਹੋ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ ਸ਼ਰਧਾ ਤੇ ਪਿਆਰ ਨਾਲ ਸੇਵਾ ਸਿਮਰਨ ’ਚ ਜੁੱਟ ਗਏ । ਅਣਥੱਕ ਸੇਵਾ, ਸਿਮਰਨ ਤੇ ਸਮਰਪਣ ਨਾਲ ਉਨ੍ਹਾਂ ਨੇ ਗੁਰੂ ਘਰ ’ਚ ਉੱਚਾ ਮੁਕਾਮ ਹਾਸਲ ਕੀਤਾ। ਕਰਤਾਰਪੁਰ ਰਹਿੰਦਿਆਂ ਸਤਿਗੁਰਾਂ ਤੋਂ ਪ੍ਰਾਪਤ ਗੁਰਮਤਿ ਗਿਆਨ ਨੂੰ ਹੋਰ ਸਿੱਖਾਂ ’ਚ ਖੁੱਲ੍ਹੇ ਦਿਲ ਨਾਲ ਵੰਡਿਆ। ਇਸੇ ਦੌਰਾਨ ਉਸ ਦਾ ਵਿਆਹ ਪਿੰਡ ਅੱਚਲ (ਬਟਾਲੇ) ਦੀ ਮਾਤਾ ਮਿਰੋਆ ਨਾਲ ਹੋਇਆ। ਉਨ੍ਹਾਂ ਦੇ ਗ੍ਰਹਿ ਚਾਰ ਪੁੱਤਰਾਂ ਨੇ ਜਨਮ ਲਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਸਤਿਗੁਰਾਂ ਦੇ ਵਿਛੋੜੇ ਦੀ ਸੱਲ ’ਚ ਖਡੂਰ ਸਾਹਿਬ ਵਿਖੇ ਮਾਈ ਸਭਰਾਈ ਦੇ ਘਰ ਬੰਦ ਕਮਰੇ ’ਚ ਸਮਾਧੀ ਲਾ ਕੇ ਬੈਠ ਗਏ ਸਨ ਤਾਂ ਬਾਬਾ ਬੁੱਢਾ ਜੀ ਨੇ ਹੀ ਸਤਿਗੁਰਾਂ ਨੂੰ ਲੱਭ ਕੇ ਸੰਗਤਾਂ ਨੂੰ ਦਰਸ਼ਨ ਕਰਾਏ। ਇਸੇ ਤਰ੍ਹਾਂ ਇਕ ਵਕਤ ਆਇਆ ਜਦ ਸ੍ਰੀ ਗੁਰੂ ਅਮਰਦਾਸ ਜੀ ਕੁਝ ਉਪਰਾਮ ਹੋ ਕੇ ਬਾਸਰਕੇ ਇਕ ਕੋਠੇ ’ਚ ਬੂਹਾ ਬੰਦ ਕਰ ਕੇ ਆਣ ਬਿਰਾਜੇ ਤੇ ਬਾਹਰ ਲਿਖ ਦਿੱਤਾ ਕਿ ਜੋ ਕੋਈ ਇਹ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰੇਗਾ, ਉਹ ਮੇਰਾ ਸਿੱਖ ਨਹੀਂ ਹੋਵੇਗਾ’। ਇਸ ਸਮੇਂ ਬਾਬਾ ਬੁੱਢਾ ਜੀ ਨੇ ਹੀ ਹੁਕਮ ਅਦੂਲੀ ਤੋਂ ਬਚਦਿਆਂ ਪਿੱਛੋਂ ਸੰਨ੍ਹ ਲਾ ਕੇ ਗੁਰੂ ਸਾਹਿਬ ਦੇ ਸੰਗਤ ਨੂੰ ਦਰਸ਼ਨ ਕਰਵਾਏ। ਖਡੂਰ ਸਾਹਿਬ ਵਿਖੇ ਗੁਰਬਾਣੀ ਅਰਥ ਪੜ੍ਹਾਉਣ ਤੇ ਤੀਜੇ ਪਾਤਸ਼ਾਹ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਸ਼ਹਿਰ ਵਸਾਉਂਦਿਆਂ ਇੱਥੇ ਊਚ-ਨੀਚ, ਛੂਤ-ਛਾਤ ਵਿਰੁੱਧ ਇਕ ਸਾਂਝੀ ਬਾਉਲੀ ਦੇ ਨਿਰਮਾਣ ਦੀ ਸੌਂਪੀ ਗਈ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੇ ਖ਼ੂਬ ਨਿਭਾਈ।
1627 ਬਿਕਰਮੀ ਨੂੰ ਜਦ ਸ੍ਰੀ ਗੁਰੂ ਅਮਰਦਾਸ ਜੀ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖਣ ਲਈ ਮੋੜ੍ਹੀ ਗੱਡਣ ਜਾ ਰਹੇ ਸਨ, ਉਸ ਵਕਤ ਬਾਬਾ ਬੁੱਢਾ ਜੀ ਵੀ ਉਨ੍ਹਾਂ ਦੇ ਨਾਲ ਸਨ। ਗੁਰੂ ਜੀ ਦੇ ਹੁਕਮ ਅਤੇ ਬਾਬਾ ਬੁੱਢਾ ਜੀ ਦੀ ਸਲਾਹ ਨਾਲ ਹੀ (ਗੁਰੂ) ਰਾਮਦਾਸ ਜੀ ਵੱਲੋਂ ਇੱਥੇ ਸ਼ਹਿਰ ਦੀ ਉਸਾਰੀ ਤੇ ਸਰੋਵਰਾਂ ਦਾ ਨਿਰਮਾਣ ਸਮੇਤ ਬਹੁਤ ਸਾਰੇ ਕਾਰਜ ਸੰਪੂਰਨ ਕੀਤੇ ਗਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤ ਸਰੋਵਰ ਦੀ ਮੁੜ ਕਾਰਸੇਵਾ ਸ਼ੁਰੂ ਹੋਈ ਤਾਂ ਬਾਬਾ ਬੁੱਢਾ ਜੀ ਟੋਕਰੀ ਚੁੱਕਦੇ ਤੇ ਬੇਰੀ ਹੇਠ ਬੈਠ ਕੇ ਨਿਗਰਾਨੀ ਕਰਿਆ ਕਰਦੇ ਸਨ। 1 ਮਾਘ 1645 ਬਿਕਰਮੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤਾਂ ਉਸ ਸਮੇਂ ਅਰਦਾਸ ਬਾਬਾ ਬੁੱਢਾ ਜੀ ਨੇ ਹੀ ਕੀਤੀ ਸੀ । ਇਤਿਹਾਸ ਦੱਸਦਾ ਹੈ ਕਿ ਗੁਰੂ ਅਰਜਨ ਦੇਵ ਜੀ ਕੇ ਮਹਿਲ ਮਾਤਾ ਗੰਗਾ ਜੀ ਦੀ ਇੱਛਾ ਅਨੁਸਾਰ ਬਾਬਾ ਬੁੱਢਾ ਜੀ ਦੇ ਬਲੀ ਯੋਧਾ ਪੁੱਤਰ ਹੋਣ ਦੇ ਵਰਦਾਨ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ। ਬਾਲ ਸ੍ਰੀ ਹਰਿਗੋਬਿੰਦ ਨੂੰ ਸ਼ਸਤਰ ਤੇ ਸ਼ਾਸਤਰ ਵਿੱਦਿਆ ਖ਼ੁਦ ਉਨ੍ਹਾਂ ਨੇ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਵੀ ਆਪ ਜੀ ਅਹਿਮ ਯੋਗਦਾਨ ਪਾਉਂਦੇ ਰਹੇ। ਜਦ 1661 ਬਿਕਰਮੀ ਭਾਦੋਂ ਸੁਦੀ 1 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਸੁਭਾਇਮਾਨ ਕੀਤਾ ਜਾਣਾ ਸੀ ਤਾਂ ਬੀੜ ਸਾਹਿਬ ਉਨ੍ਹਾਂ ਦੇ ਸੀਸ ’ਤੇ ਸੀ ਤੇ ਪੰਚਮ ਪਾਤਸ਼ਾਹ ਚੌਰ ਕਰ ਰਹੇ ਸਨ। ਗੁਰੂ ਸਾਹਿਬ ਦਾ ਹੁਕਮ ਪਾ ਕੇ ਬੀੜ ਸਾਹਿਬ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਖ਼ੁਦ ਕੀਤਾ ਤੇ ਪਹਿਲਾ ਹੁਕਮਨਾਮਾ ‘ ਸੰਤਾ ਕੇ ਕਾਰਜ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ’ ਲਿਆ। ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਬੰਨੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਂਦੇ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਜੀ ਦਾ ਸਤਿਕਾਰ ਬਣਾਈ ਰੱਖਣ ਦੀ ਹਦਾਇਤ ਕੀਤੀ। ਪੰਚਮ ਪਾਤਸ਼ਾਹ ਦੀ ਸ਼ਹੀਦੀ ਉਪਰੰਤ ਸਿੱਖਾਂ ’ਚ ਵੀਰਤਾ ਦਾ ਸੰਚਾਰ ਕਰਨ ਹਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 1663 ਬਿਕਰਮੀ ਹਾੜ ਵਦੀ ਪੰਚਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਲਈ ਬਾਬਾ ਬੁੱਢਾ ਜੀ ਤੋਂ ਅਰਦਾਸ ਕਰਾਉਣ ਉਪਰੰਤ ਪਹਿਲੀ ਇੱਟ ਰੱਖੀ ਗਈ। ਇਸ ਤਖ਼ਤ ਸਾਹਿਬ ਨੂੰ ਰਾਜ ਮਿਸਤਰੀਆਂ ਨੇ ਨਹੀਂ ਸਗੋਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੁਆਰਾ ਪਵਿੱਤਰ ਕਰ ਕਮਲਾਂ ਨਾਲ ਤਾਮੀਰ ਕਰਾਇਆ ਗਿਆ। ਛੇਵੇਂ ਪਾਤਸ਼ਾਹ ਹਾੜ ਸੁਦੀ ਨੌਵੀਂ ਨੂੰ ਇਸ ਤਖ਼ਤ ’ਤੇ ਸੁਸ਼ੋਭਿਤ ਹੋਏ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਬਾਦਸ਼ਾਹਾਂ ਵਾਂਗ ਤਖ਼ਤ ਨਸ਼ੀਨੀ ਦਾ ਤਿਲਕ ਲਾਇਆ ਤੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ। ਗੁਰੂ ਸਾਹਿਬ ਨੇ ਸੰਗਤ ਨੂੰ ਅੱਗੇ ਤੋਂ ਜੰਗੀ ਸਾਜ਼ੋ- ਸਾਮਾਨ ਤੇ ਘੋੜਿਆਂ ਦੀ ਭੇਟਾ ਲਿਆਉਣ ਦਾ ਹੁਕਮ ਦਿੱਤਾ। ਜਦੋਂ ਜਹਾਂਗੀਰ ਨੇ ਚੰਦੂ ਦੀਆਂ ਗੱਲਾਂ ’ਚ ਆ ਕੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕਰ ਲਿਆ ਤਾਂ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ’ਚ ਸ਼ਬਦ ਚੌਕੀ ਦੀ ਰੀਤ ਚਲਾਈ ਤੇ ਗਵਾਲੀਅਰ ਵਿਖੇ ਜਾ ਕੇ ਸਤਿਗੁਰਾਂ ਦਾ ਸੁੱਖ-ਸਾਂਦ ਪਤਾ ਕਰਨ ਤੋਂ ਇਲਾਵਾ ਸਿੱਖਾਂ ਦਾ ਮਨੋਬਲ ਕਾਇਮ ਰੱਖਣ ’ਚ ਅਹਿਮ ਰੋਲ ਅਦਾ ਕੀਤਾ। ਅੰਤ ਸਮਾਂ ਨੇੜੇ ਦੇਖ ਬਾਬਾ ਬੁੱਢਾ ਜੀ ਦੀ ਇੱਛਾ ਅਨੁਸਾਰ ਬਾਬਾ ਜੀ ਦੇ ਸਰੀਰ ਤਿਆਗਣ ਤੋਂ ਪਹਿਲਾਂ ਰਮਦਾਸ ਨਗਰ ਵਿਖੇ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਦਰਸ਼ਨ ਦਿੱਤੇ। ਆਪਣੇ ਛੋਟੇ ਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਸਾਹਿਬ ਨੂੰ ਫੜਾਈ। 14 ਮੱਘਰ, ਮੱਘਰ ਸੁਦੀ 4 ਸੰਮਤ 1688 ਬਿਕਰਮੀ ਨੂੰ 125 ਸਾਲ ਦੀ ਉਮਰ ਭੋਗਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ’ਚ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਜੋਤਿ Ç’ਚ ਅਭੇਦ ਹੋ ਗਏ। ਗੁਰੂ ਘਰ ਦੇ ਅਨਿਨ ਸੇਵਕ, ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰਅੰਦੇਸ਼, ਸ਼ਸਤਰ ਵਿੱਦਿਆ ਦੇ ਮਾਹਿਰ ਤੇ ਵਿਦਵਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਪਾਵਨ ਦੇਹੀ ਦਾ ਸਸਕਾਰ ਸਤਿਗੁਰਾਂ ਦੀ ਨਿਗਰਾਨੀ ’ਚ ਸਤਿਕਾਰ ਸਹਿਤ ਕੀਤਾ ਗਿਆ। ਉਹ ਹਰ ਗੁਰਸਿੱਖ ਲਈ ਹਮੇਸ਼ਾ ਚਾਨਣ-ਮੁਨਾਰੇ ਰਹਿਣਗੇ।