ਸੂਰਜ ਦੇ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ ਹਨੇਰੇ ਖ਼ਿਲਾਫ਼ ਲੜਦੇ ਨਿੱਕੇ-ਨਿੱਕੇ ਜੁਗਨੂੰ

ਸੂਰਜ ਦੇ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ ਹਨੇਰੇ ਖ਼ਿਲਾਫ਼ ਲੜਦੇ ਨਿੱਕੇ-ਨਿੱਕੇ ਜੁਗਨੂੰ

-ਵਰਿੰਦਰ ਵਾਲੀਆ
ਦੀਵਾਲੀ ਜਾਂ ਦੀਪਾਵਲੀ ਦਾ ਤਿਓਹਾਰ ਹਨੇਰੇ ਉੱਤੇ ਚਾਨਣ, ਬੁਰਾਈ ’ਤੇ ਚੰਗਿਆਈ ਅਤੇ ਅਗਿਆਨਤਾ ’ਤੇ ਗਿਆਨ ਦੀ ਫ਼ਤਿਹ ਵਜੋਂ ਮਨਾਇਆ ਜਾਂਦਾ ਹੈ। ਸਦੀਆਂ ਤੋਂ ਰੋਸ਼ਨੀਆਂ ਦਾ ਇਹ ਉਤਸਵ ਹਨੇਰਿਆਂ ਖ਼ਿਲਾਫ਼ ਐਲਾਨ-ਏ-ਜੰਗ ਦਾ ਪ੍ਰਤੀਕ ਬਣਿਆ ਹੋਇਆ ਹੈ। ਮਰਿਆਦਾ ਪਰਸ਼ੋਤਮ ਸ੍ਰੀ ਰਾਮਚੰਦਰ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਨਗਰੀ ਵਾਪਸ ਆਏ ਤਾਂ ਨਗਰ ਵਾਸੀਆਂ ਨੇ ਆਪਣੇ ਘਰਾਂ ਦੇ ਬਨੇਰਿਆਂ ਨੂੰ ਦੀਵਿਆਂ ਦੀਆਂ ਕਤਾਰਾਂ ਨਾਲ ਸ਼ਿੰਗਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਸਿੱਖ ਧਰਮ ’ਚ ਇਹ ਤਿਓਹਾਰ ‘ਬੰਦੀ ਛੋੜ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਸਣੇ ਜਦੋਂ ਰਿਹਾ ਹੋਏ ਤਾਂ ਖੀਵੀ ਹੋਈ ਸੰਗਤ ਨੇ ਗੁਰਧਾਮਾਂ ਤੇ ਘਰਾਂ ’ਚ ਘਿਓ ਦੇ ਦੀਵੇ ਬਾਲੇ ਸਨ। ਅਯੁੱਧਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਨੀਆ ਦੇ ਕੋਨੇ-ਕੋਨੇ ’ਚ ਰਹਿੰਦੇ ਭਾਰਤਵਾਸੀ ਇਸ ਤਿਓਹਾਰ ਨੂੰ ਬੇਹੱਦ ਸ਼ਰਧਾ ਤੇ ਚਾਅ ਨਾਲ ਮਨਾਉਂਦੇ ਹਨ। ਗੁਰੂ ਨਗਰੀ ਦੀ ਦੀਵਾਲੀ ਬਾਰੇ ਤਾਂ ਅਖਾਣ ਮਸ਼ਹੂਰ ਹੈ, ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।’ ਅਮਰੀਕਾ ਦੇ ਖੋਜ ਵਿਗਿਆਨੀ ਥਾਮਸ ਅਲਵਾ ਐਡੀਸਨ ਵੱਲੋਂ 21 ਅਕਤੂਬਰ 1879 ’ਚ ਬਲਬ (ਬਿਜਲੀ ਵਾਲਾ ਲਾਟੂ) ਦੀ ਖੋਜ ਤੋਂ ਪਹਿਲਾਂ ਮਨੁੱਖ ਹਨੇਰੇ ਨਾਲ ਲੜਨ ਲਈ ਤਰ੍ਹਾਂ-ਤਰ੍ਹਾਂ ਦੇ ਤਰੱਦਦ ਕਰਦਾ ਰਿਹਾ ਹੈ। ਅੱਗ ਦੀ ਕਾਢ ਨੇ ਮਨੁੱਖ ਨੂੰ ਮਹਾਬਲੀ ਬਣਨ ’ਚ ਵੱਡੀ ਭੂਮਿਕਾ ਨਿਭਾਈ ਸੀ। ਤੀਲਾਂ ਦੀ ਡੱਬੀ ਅਤੇ ਮਿੱਟੀ ਦੇ ਦੀਵੇ ਅਗਲਾ ਪੜਾਅ ਸੀ। ਐਡੀਸਨ ਨੇ ਕਾਰਬਨ ਥਰੈੱਡ ਫਿਲਾਮੈਂਟ ਨਾਲ ਬਲਬ ਈਜਾਦ ਕੀਤਾ ਜੋ 40 ਘੰਟਿਆਂ ਤੋਂ ਵੱਧ ਰੋਸ਼ਨੀ ਦੇਣ ਦੇ ਸਮਰੱਥ ਸੀ। ਨਿਸ਼ਚੇ ਹੀ ਇਹ ਕ੍ਰਾਂਤੀਕਾਰੀ ਖੋਜ ਸੀ ਜਿਸ ਨੇ ਵਿਕਾਸ ਦੇ ਤਮਾਮ ਦਰ-ਦਰਵਾਜ਼ੇ ਖੋਲ੍ਹ ਦਿੱਤੇ। ਵੀਹਵੀਂ-ਇੱਕੀਵੀਂ ਸਦੀ ਤਕ ਪੁੱਜਦਿਆਂ ਬਿਜਲੀ ਦੀ ਬਦੌਲਤ ਦਿਨ-ਰਾਤ ਦਾ ਫ਼ਰਕ ਹੀ ਮਿਟ ਗਿਆ ਹੈ। ਦੁਨੀਆ ਦੇ ਕਈ ਮਹਾਨਗਰਾਂ ’ਚ ਜਿਵੇਂ ਰਾਤ ਪੈਂਦੀ ਹੀ ਨਹੀਂ। ਸੂਰਜੀ ਊਰਜਾ ਇਕ ਹੋਰ ਇਨਕਲਾਬੀ ਖੋਜ ਸੀ ਜਿਸ ਨੇ ਮਨੁੱਖ ਨੂੰ ਘੁੱਪ ਹਨੇਰਿਆਂ ਖ਼ਿਲਾਫ਼ ਲੜਨ ਦੀ ਹੋਰ ਸ਼ਕਤੀ ਦੇ ਦਿੱਤੀ। ਖ਼ੈਰ, ਪੁਰਾਣੇ ਲੋਕ ਅੱਜ ਵੀ ਬਲਬਾਂ ਦੀਆਂ ਲੜੀਆਂ ਦੀ ਬਜਾਏ ਆਪਣੇ ਘਰਾਂ ਦੇ ਬਨੇਰਿਆਂ ਨੂੰ ਦੀਵਿਆਂ ਦੀਆਂ ਕਤਾਰਾਂ ਨਾਲ ਸ਼ਿੰਗਾਰਨ ਨੂੰ ਤਰਜੀਹ ਦਿੰਦੇ ਹਨ। ਦੀਵਾ ਆਮ ਤੌਰ ’ਤੇ ਮਿੱਟੀ ਤੋਂ ਬਣਾਇਆ ਜਾਂਦਾ ਹੈ। ‘ਮਿੱਟੀ ਦਾ ਦੀਵਾ’ ਮਿੱਟੀ ਦੇ ਪੁਤਲੇ (ਮਨੁੱਖ)ਦਾ ਪ੍ਰਤੀਕ ਹੈ। ਲਟਲਟ ਬਲਦਾ ਦੀਵਾ ਜੀਵਨ ਰੂਪੀ ਜੋਤ ਮੰਨਿਆ ਜਾਂਦਾ ਹੈ। ਜਗਦਾ ਦੀਵਾ ਸੂਰਜ ਦਾ ਉਦੈੈੈ ਹੋਣਾ ਅਤੇ ਬੁਝਿਆ ਦੀਵਾ ਅਸਤ ਹੋਣਾ ਮੰਨਿਆ ਜਾਂਦਾ ਹੈ। ਬਲਬ/ਲੈਂਪ, ਦੀਵੇ ਦਾ ਪ੍ਰਵਰਤਿਤ ਸਰੂਪ ਹੈ। ਮਿਥਿਹਾਸ ਅਨੁਸਾਰ ਮੱਸਿਆ ਦੀ ਰਾਤ ਦੇਵਤੇ ਵਿਚਾਰ-ਵਟਾਂਦਰਾ ਕਰ ਰਹੇ ਸਨ ਤਾਂ ਬਸੰਤ ਦੇਵੀ ਨੇ ਸਰ੍ਹੋਂ ਦੇ ਤੇਲ ਦੇ ਦੀਵੇ ਬਾਲ ਕੇ ਉਸ ਨੂੰ ਵਰਦਾਨ ਦਿੱਤਾ ਸੀ। ਵਰ ਅਨੁਸਾਰ ਜਿੱਥੇ ਸਰ੍ਹੋਂ ਦੇ ਤੇਲ ਦੇ ਦੀਵੇ ਬਾਲੇ ਜਾਣਗੇ, ਉੱਥੇ ਬਦਰੂਹਾਂ ਟਿਕ ਨਹੀਂ ਸਕਣਗੀਆਂ। ਇਸ ਕਥਾ ਦਾ ਭਾਵੇਂ ਇਤਿਹਾਸ ਨਾਲ ਕੋਈ ਸਬੰਧ ਨਹੀਂ, ਫਿਰ ਵੀ ਹਰ ਤਰ੍ਹਾਂ ਦੇ ਹਨੇਰੇ ਖ਼ਿਲਾਫ਼ ਜੰਗ ਲੜਨ ਲਈ ਸਦੀਆਂ ਤੋਂ ਦੀਵੇ ਬਾਲੇ ਜਾਂਦੇ ਰਹੇ ਹਨ। ਇਹ ਰਾਹਾਂ ’ਚ ਆਉਣ ਵਾਲੀ ਹਰ ਬਦਰੂਹ ਨੂੰ ਅੱਗੇ ਲਾਉਣ ’ਚ ਸਹਾਈ ਹੁੰਦੇ ਹਨ। ਰੋਸ਼ਨੀ ਮਨੁੱਖ ਦਾ ਮਾਰਗ ਦਰਸ਼ਨ ਕਰਨ ’ਚ ਸਹਾਈ ਹੁੰਦੀ ਹੈ। ਪਿਛਲੇ ਸਮੇਂ ਮਲਾਹ ਤਾਰਿਆਂ ਦੀਆਂ ਖਿੱਤੀਆਂ ਤੋਂ ਰਾਹ ਪੁੱਛਦੇ ਸਨ। ਫਿਰ ਜਲ-ਮਾਰਗਾਂ ’ਤੇ ਲੱਗੇ ਲਾਈਟ-ਹਾਊਸ ਰਾਹ-ਦਸੇਰਾ ਬਣੇ। ਪੰਜਾਬੀ ਲੋਕ-ਗੀਤਾਂ ਤੇ ਗਾਣਿਆਂ ’ਚ ਦੀਵਾ-ਬੱਤੀ ਦਾ ਮਹਾਤਮ ਮਹਿਸੂਸ ਕੀਤਾ ਜਾ ਸਕਦਾ ਹੈ, ‘‘ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ।’’ ਮਿਥਿਹਾਸ ਅਨੁਸਾਰ ਸਰ੍ਹੋਂ ਦਾ ਦੀਵਾ ਸ਼ਨੀ ਦੀ ਹਾਜ਼ਰੀ ਮੰਨਿਆ ਜਾਂਦਾ ਹੈ ਜਿਸ ਨਾਲ ਔਕੜਾਂ ਟਲ ਜਾਂਦੀਆਂ ਹਨ ਤੇ ਮਨੁੱਖ ਮੁਸੀਬਤਾਂ ਦੇ ਪਹਾੜ ਨਾਲ ਮੱਥਾ ਲਾਉਣ ਜੋਗਾ ਹੋ ਜਾਂਦਾ ਮੰਨਿਆ ਜਾਂਦਾ ਹੈ। ਟਿੱਲਿਆਂ ’ਤੇ ਬਲ਼ਦੇ ਦੀਵੇ ਮਨੁੱਖ ਲਈ ਚਾਨਣ-ਮੁਨਾਰੇ ਹਨ। ਹੱਟੀਆਂ ਅੰਦਰ ਬਲ਼ਦੇ ਚਿਰਾਗ਼ ਦੇ ਦਹਿਲੀਜ਼ਾਂ ’ਤੇ ਆ ਜਾਣ ਤਾਂ ਇਹ ਦੀਵਾਲੀਏਪਣ ਦਾ ਪ੍ਰਤੀਕ ਮੰਨੇ ਜਾਂਦੇ ਹਨ। ਇਸ ਲਈ ਦੀਵਿਆਂ ਨੂੰ ਉੱਚੀ ਜਗ੍ਹਾ ’ਤੇ ਰੱਖਣ ਦਾ ਰਿਵਾਜ ਪ੍ਰਚਲਤ ਸੀ। ਦੀਵੇ ਦੀ ਭੂਮਿਕਾ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਰਹਿੰਦੀ ਹੈ। ਸ਼ੁੱਭ ਕਾਰਜ ਜਾਂ ਭਵਜਲ ਪਾਰ ਕਰਨ ਵੇਲੇ ਵੀ ਦੀਵੇ ਆਪਣੀ ਭੂਮਿਕਾ ਨਿਭਾਉਂਦੇ ਆਏ ਹਨ। ਮਿੱਥ ਮੁਤਾਬਿਕ ਮਰਨ ਉਪਰੰਤ ਵੈਤਰਨੀ ਨਦੀ ਪਾਰ ਕਰਨ ਲਈ ਮਰਨ ਵਾਲੇ ਦੇ ਸੱਜੇ ਹੱਥ ’ਤੇ ਆਟੇ ਦਾ ਦੀਵਾ ਰੱਖਿਆ ਜਾਂਦਾ ਹੈ। ਇਸੇ ਲਈ ਦੀਵੇ ਦੀ ਲਾਟ ਨੂੰ ਪਵਿੱਤਰ ਮੰਨਦਿਆਂ ਇਸ ਨੂੰ ਫੂਕ ਮਾਰ ਕੇ ਬੁਝਾਉਣਾ ਅਪਸ਼ਗਨ ਮੰਨਿਆ ਜਾਂਦਾ ਸੀ। ਪੁਰਾਣੇ ਲੋਕ ਕਹਿੰਦੇ ਕਿ ਅਜਿਹਾ ਕਰਨਾ ‘ਅਗਨਿ’ ਦੇਵਤਾ ਦਾ ਅਪਮਾਨ ਹੈ। ਲੋਅ ਜਾਂ ਬੱਤੀ ਨੂੰ ਫੂਕ ਮਾਰ ਕੇ ਭਿੱਟ ਕਰਨ ਲਾਲ ਬਦਰੂਹਾਂ ਵਾਪਸ ਪਿੜ ਮੱਲ ਲੈਂਦੀਆਂ ਹਨ। ਸਨਾਤਨੀ ਸੋਚ ’ਚੋਂ ਦੀਵਿਆਂ ਪ੍ਰਤੀ ਸ਼ਰਧਾ ਡੁੱਲ-ਡੁੱਲ ਪੈਂਦੀ ਹੈ : ਜਾ ਦੀਵਿਆ ਘਰ ਆਪਣੇ/ਤੇਰੀ ਮਾਂ ਉਡੀਕੇ ਵਾਰੀ ਆਈਂ ਹਨੇਰੇ, ਜਾਈਂ ਸਵੇਰ/ਸੱਭੇ ਸ਼ਗਨ ਵਿਚਾਰ ਜਾ ਦੀਵਿਆ ਘਰ ਆਪਣੇ/ਸੁੱਖ ਵਸਾਈਂ ਰਾਤ ਰਿਜ਼ਕ ਲਿਆਈਂ ਭਾਲ ਕੇ /ਤੇਲ ਲਿਆਈਂ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 694 ’ਚ ਭਗਤ ਰਵਿਦਾਸ ਜੀ ਦੀਵਾ-ਬੱਤੀ ਨੂੰ ਪ੍ਰਭੂ ਦੀ ਜੋਤ ਨਾਲ ਮਿਲਾ ਕੇ ਵੇਖਦੇ ਹਨ : ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ।। ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥ (ਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ ਇਸ ਦੀ ਵੱਟੀ ਹੈ। ਨਾਮ ਹੀ ਤੇਲ ਹੈ, ਜੋ ਮੈਂ ਦੀਵੇ ਵਿਚ ਪਾਇਆ ਹੈ। ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ, ਜਿਸ ਦੀ ਬਰਕਤ ਨਾਲ ਸਾਰੇ ਭਵਨਾਂ ’ਚ ਚਾਨਣ ਹੋ ਗਿਆ ਹੈ)। ਆਸਾ ਭਗਤ ਕਬੀਰ ਜੀ (ਅੰਗ 477) ’ਚ ਫੁਰਮਾਨ ਹੈ : ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ/ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ (ਜਦ ਤਕ ਦੀਵੇ ਅੰਦਰ ਤੇਲ ਹੈ ਤੇ ਉਸ (ਦੀਵੇ) ਦੇ ਮੂੰਹ ਵਿਚ ਵੱਟੀ ਹੈ, ਤਦ ਤਕ ਘਰ-ਮੰਦਰ ’ਚ ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਮੁੱਕ ਜਾਏ ਤਾਂ ਵੱਟੀ ਬੁਝ ਜਾਂਦੀ ਹੈ ਤੇ ਘਰ ਸੁੰਨਾ ਹੋ ਜਾਂਦਾ ਹੈ,ਤਿਵੇਂ ਸਰੀਰ ’ਚ ਜਦ ਤਕ ਸੁਆਸ ਚੱਲਦੇ ਹਨ ਤਦ ਤਕ ਹੀ ਜੀਵਨ-ਜੋਤ ਜਗਦੀ ਹੈ।) ਜਿਨ੍ਹਾਂ ਘਰਾਂ ’ਚ ਇਹ ਜੀਵਨ-ਜੋਤਾਂ ਬੁਝ ਜਾਂਦੀਆਂ ਹਨ, ਉਨ੍ਹਾਂ ’ਚ ਸੱਥਰ ਵਿਛ ਜਾਂਦੇ ਹਨ। ਨਸ਼ਿਆਂ ਦਾ ਦੈਂਤ ਕਈ ਜੀਵਨ-ਜੋਤਾਂ ਗੁੱਲ ਕਰ ਰਿਹਾ ਹੈ। ਪਿਛਲੇ ਦਿਨੀਂ ਸਕੇ ਭਰਾਵਾਂ ਨੂੰ ਵੀ ਇਹ ਦਾਨਵ ਨਿਗਲ ਗਿਆ। ਕਈ ਥਾਈਂ ਕਰਜ਼ੇ ਦੀ ਭਾਰੀ ਪੰਡ ਚੁੱਕਣ ਤੋਂ ਅਸਮਰੱਥ ਲੋਕਾਂ ਨੇ ਮੌਤ ਨੂੰ ਗਲੇ ਲਗਾਇਆ ਹੈ। ਗੈਂਗ ਵਾਰ ’ਚ ਅਣਗਿਣਤ ਕੀਮਤੀ ਜਾਨਾਂ ਗਵਾਚ ਰਹੀਆਂ ਹਨ। ਗੁੱਸਾ ਚੰਡਾਲ ਵਾਂਗ ਸਿਰ ਚੜ੍ਹ ਕੇ ਬੋਲਦਾ ਹੈ। ਇਕ ਵਿਅਕਤੀ ਨੇ ਤਾਂ ਗੁੱਸੇ ’ਚ ਆ ਕੇ ਆਪਣੇ ਬੀਵੀ ਬੱਚਿਆਂ ਸਮੇਤ ਪੰਜ ਜਣਿਆਂ ਨੂੰ ਜਿਊਂਦਾ ਸਾੜ ਕੇ ਫਿਰ ਖ਼ੁਦਕੁਸ਼ੀ ਕਰ ਲਈ। ਇਕ ਪੁੱਤਰ ਨੇ ਆਪਣੀ ਜਣਨੀ ਨੂੰ ਮਾਰ ਕੇ ਘਰ ’ਚ ਹੀ ਦੱਬ ਦਿੱਤਾ। ਫਿਰਕਾਪ੍ਰਸਤਾਂ ਵੱਲੋਂ ਵੀ ਪੰਜਾਬ ਦੇ ਸ਼ਾਂਤਮਈ ਵਾਤਾਵਰਨ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਿਨ੍ਹਾਂ ਘਰਾਂ ’ਚ ਸੱਥਰ ਵਿਛ ਜਾਂਦੇ ਹਨ, ਉਨ੍ਹਾਂ ਦੇ ਬਨੇਰੇ ਵੀ ਸੁੰਨੇ ਹੁੰਦੇ ਹਨ। ਰੋਸ਼ਨੀਆਂ ਦਾ ਤਿਓਹਾਰ ਉਨ੍ਹਾਂ ਲਈ ਬੇਮਾਅਨੇ ਹੋ ਜਾਂਦਾ ਹੈ। ਵਲੂੰਧਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਦੁੱਖ ਹਰਨ ਲਈ ਸਰਕਾਰ ਅਤੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਸ਼ਮਸ਼ਾਨਾਂ ’ਚ ਸਿਵੇ ਠੰਢੇ ਹੋਣ ਦੇ ਬਾਵਜੂਦ ਇਹ ਦਿਲਾਂ ’ਚ ਬਲ਼ਦੇ ਰਹਿੰਦੇ ਹਨ। ਅਜਿਹੇ ਨਾਸਾਜ਼ ਹਾਲਾਤ ਨੂੰ ਸਾਡੇ ਕਵੀ ਤਾਰਾ ਸਿੰਘ ਨੇ ਗੀਤ ਵਿਚ ਪਰੋਇਆ ਹੈ, ‘‘ਕਾਹਨੂੰ ਬਾਲਦੈਂ ਬਨੇਰਿਆਂ ’ਤੇ ਮੋਮਬੱਤੀਆਂ/ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ… ਇਨ੍ਹਾਂ ਘਰਾਂ ਵਿਚ ਬੁਝੇ ਹੋਏ ਚਿਰਾਗ਼ ਰਹਿਣ ਦੇ/ਕਿੱਥੋਂ ਜਾਏਂਗਾ? ਦਿਸ਼ਾਵਾਂ ਸੱਭ ਲਹੂ-ਤੱਤੀਆਂ।’’ ਸੁਰਜੀਤ ਪਾਤਰ ਦਾ ਗੀਤ ਇਸ ਦਾ ਜਵਾਬ ਲੱਗਦਾ ਹੈ : ‘‘ਜਗਾ ਦੇ ਮੋਮਬੱਤੀਆਂ/ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ…।’’ ਆਮ ਆਦਮੀ ਜੁਗਨੂੰ ਦੀ ਨਿਆਈਂ ਹੈ ਜੋ ਹਨੇਰਿਆਂ ਖ਼ਿਲਾਫ਼ ਨਿੱਕੇ-ਨਿੱਕੇ ਯੁੱਧ ਲੜਦਾ ਹੈ। ਜੁਗਨੂੰ ਹਨੇਰਿਆਂ ਦਾ ਸਿਰਨਾਵਾਂ ਲੱਭ ਹੀ ਲੈਂਦੇ ਨੇ। ਹਨੇਰ-ਗ਼ਰਦੀ ਖ਼ਿਲਾਫ਼ ਲੜਨ ਵਾਲੇ ਇਹ ਅਦਨੇ ਜੇਹੇ ਜੀਵ ਸੂਰਜ ਦੇ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ।