ਸੂਬੇ ਭਰ ਤੋਂ ਪੁੱਜੇ ਨੰਬਰਦਾਰਾਂ ਵੱਲੋਂ ਭਗਵੰਤ ਮਾਨ ਦੀ ਕੋਠੀ ਨੇੜੇ ਧਰਨਾ

ਸਰਕਾਰ ਤੋਂ ਨੰਬਰਦਾਰੀ ਦਾ ਕਿੱਤਾ ਜੱਦੀ-ਪੁਸ਼ਤੀ ਕਰਨ ਦੀ ਮੰਗ ਤੁਰੰਤ ਪੂਰੀ ਕਰਨ ’ਤੇ ਜ਼ੋਰ
ਸੰਗਰੂਰ-ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਅਗਵਾਈ ਹੇਠ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਹਜ਼ਾਰਾਂ ਨੰਬਰਦਾਰਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨੰਬਰਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੰਬਰਦਾਰ ਨੂੰ ਜੱਦੀ ਪੁਸ਼ਤੀ ਬਣਾਉਂਦਿਆਂ ਕਿਸੇ ਨੰਬਰਦਾਰ ਦੀ ਮੌਤ ਮਗਰੋਂ ਉਸ ਦੀ ਔਲਾਦ ਨੂੰ ਇਹ ਕਿੱਤਾ ਦਿੱਤਾ ਜਾਵੇ, ਨੰਬਰਦਾਰਾਂ ਨੂੰ ਮਿਲਦਾ ਮਾਣ ਭੱਤਾ ਵਧਾ ਕੇ ਪੰਜ ਹਜ਼ਾਰ ਕੀਤਾ ਜਾਵੇ, ਨੰਬਰਦਾਰਾਂ ਦਾ ਟੌਲ ਟੈਕਸ ਅਤੇ ਬੱਸ ਸਫ਼ਰ ਮੁਫ਼ਤ ਕੀਤਾ ਜਾਵੇ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ’ਤੇ ਨੰਬਰਦਾਰਾਂ ਦੇ ਬੈਠਣ ਲਈ ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਿਛਲੇ ਸਮੇਂ ਦੌਰਾਨ ਸਰਬਰਾਹੀ ਨੰਬਰਦਾਰੀ ਦਾ ਵਧਾਇਆ ਗਿਆ ਸਮਾਂ ਪੰਜ ਸਾਲ ਲਾਗੂ ਕੀਤਾ ਜਾਵੇ।

ਨੈਸ਼ਨਲ ਹਾਈਵੇਅ-7 ਦੇ ਸੰਗਰੂਰ-ਪਟਿਆਲਾ ਬਾਈਪਾਸ ਓਵਰਬ੍ਰਿੱਜ ਨੇੜੇ ਇਕੱਠੇ ਹੋਏ ਨੰਬਰਦਾਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਵੱਲ ਰੋਸ ਮਾਰਚ ਕੀਤਾ ਤੇ ਉਥੇ ਪੁੱਜ ਕੇ ਧਰਨਾ ਦਿੱਤਾ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਣਨ ਤੋਂ ਬਾਅਦ ਯੂਨੀਅਨ ਵਫ਼ਦ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਮੀਟਿੰਗਾਂ ਕਰ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਸਿਵਾਏ ਭਰੋਸਿਆਂ ਤੋਂ ਅਮਲੀ ਰੂਪ ਵਿਚ ਮੰਗਾਂ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਮੰਗਾਂ ਲਾਗੂ ਕਰਨ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਕਰ ਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।