ਸੂਡਾਨ ਸੰਕਟ: 13 ਪੰਜਾਬੀਆਂ ਸਣੇ 231 ਹੋਰ ਭਾਰਤੀਆਂ ਨੂੰ ਵਾਪਸ ਲਿਆਂਦਾ

ਸੂਡਾਨ ਸੰਕਟ: 13 ਪੰਜਾਬੀਆਂ ਸਣੇ 231 ਹੋਰ ਭਾਰਤੀਆਂ ਨੂੰ ਵਾਪਸ ਲਿਆਂਦਾ

ਗੁਜਰਾਤ ਦੇ ਗ੍ਰਹਿ ਮੰਤਰੀ ਸਾਂਘਵੀ ਨੇ ਅਹਿਮਦਾਬਾਦ ਦੇ ਹਵਾਈ ਅੱਡੇ ’ਤੇ ਕੀਤਾ ਸਵਾਗਤ
ਅਹਿਮਦਾਬਾਦ- ‘ਆਪਰੇਸ਼ਨ ਕਾਵੇਰੀ’ ਤਹਿਤ ਸੂਡਾਨ ਵਿੱਚੋਂ 231 ਹੋਰ ਭਾਰਤੀਆਂ ਦੀ ਘਰ ਵਾਪਸੀ ਹੋਈ ਹੈ। ਉਹ ਅੱਜ ਅਹਿਮਦਾਬਾਦ ਦੇ ਹਵਾਈ ਅੱਡੇ ’ਤੇ ਪਹੁੰਚ ਗਏ ਹਨ। ਘਰ ਵਾਪਸ ਲਿਆਂਦੇ ਜਾਣ ਵਾਲਿਆਂ ਵਿੱਚ 13 ਪੰਜਾਬੀ, ਦਸ ਰਾਜਸਥਾਨੀ ਅਤੇ 208 ਗੁਜਰਾਤੀ ਸ਼ਾਮਲ ਹਨ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਸਾਊਦੀ ਅਰਬ ਦੇ ਜਦਾਹ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੇ ਇਨ੍ਹਾਂ ਭਾਰਤੀਆਂ ਦਾ ਸਵਾਗਤ ਕੀਤਾ। ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਘਵੀ ਨੇ ਕਿਹਾ ਕਿ ਇਨ੍ਹਾਂ 231 ਭਾਰਤੀਆਂ ਵਿੱਚ 208 ਗੁਜਰਾਤ, 13 ਪੰਜਾਬ ਅਤੇ ਦਸ ਰਾਜਸਥਾਨ ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਗਰਿਕਾਂ ਨੂੰ ਅੱਗੇ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਵੀ ਸੂਬਾ ਸਰਕਾਰ ਨੇ ਕਰ ਦਿੱਤਾ ਹੈ। ਸਾਂਘਵੀ ਨੇ ਕਿਹਾ ਕਿ ਸੂਡਾਨ ਵਿੱਚ ਰਹਿੰਦੇ ਲਗਪਗ 360 ਗੁਜਰਾਤ ਦੇ ਲੋਕਾਂ ਨੂੰ ‘ਆਪਰੇਸ਼ਨ ਕਾਵੇਰੀ’ ਤਹਿਤ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ, ‘‘ਹਵਾਈ ਅੱਡੇ ਤੋਂ ਰਾਜਕੋਟ ਵਾਸੀਆਂ ਨੂੰ ਪੰਜ ਵੋਲਵੋ ਬੱਸਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਇਆ ਜਾਵੇਗਾ। ਬਿਮਾਰ ਲੋਕਾਂ ਲਈ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ। ਘਰ ਵਾਪਸੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਈ ਹਵਾਈ ਅੱਡੇ ’ਤੇ 15 ਕਾਊਂਟਰ ਖੋਲ੍ਹੇ ਗਏ ਹਨ।’’ ਸੂਡਾਨ ਵਿੱਚ ਕਾਰੋਬਾਰ ਕਰ ਰਹੇ ਰਾਜਕੋਟ ਵਾਸੀ ਨੇ ਕਿਹਾ, ‘‘ਸੂਡਾਨ ਵਿੱਚ ਹਾਲਾਤ ਖ਼ਰਾਬ ਹੋ ਰਹੇ ਹਨ। ਬੰਬ-ਧਮਾਕਿਆਂ ਦੀਆਂ ਆਵਾਜ਼ਾਂ ਕਾਰਨ ਅਸੀਂ ਸਹਿਮੇ ਹੋਏ ਸੀ। ਸੂਡਾਨ ਦੀ ਫ਼ੌਜ ਜਾਂ ਬਾਗ਼ੀ ਨਾਗਰਿਕਾਂ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਸਗੋਂ ਜੇਲ੍ਹ ਵਿੱਚੋਂ ਭੱਜੇ ਕੈਦੀ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਲੁੱਟ ਰਹੇ ਹਨ। ਸਾਡੇ ਕੋਲ ਘਰ ਵਾਪਸੀ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।