ਸੁਲਤਾਨਪੁਰ ਦੇ ਗੁਰਦੁਆਰੇ ’ਚ ਗੋਲੀਬਾਰੀ ਦੀ ਘਟਨਾ ਲਈ ਮੁੱਖ ਮੰਤਰੀ ਜ਼ਿੰਮੇਵਾਰ: ਧਾਮੀ

ਸੁਲਤਾਨਪੁਰ ਦੇ ਗੁਰਦੁਆਰੇ ’ਚ ਗੋਲੀਬਾਰੀ ਦੀ ਘਟਨਾ ਲਈ ਮੁੱਖ ਮੰਤਰੀ ਜ਼ਿੰਮੇਵਾਰ: ਧਾਮੀ

ਅੰਮ੍ਰਿਤਸਰ- ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ’ਚ ਪਿਛਲੇ ਦਿਨੀਂ ਗੋਲੀ ਚਲਾਉਣ ਅਤੇ ਮਰਿਆਦਾ ਦੇ ਨਿਰਾਦਰ ਦੀ ਘਟਨਾ ਲਈ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ। ਜਾਂਚ ਰਿਪੋਰਟ ਨੂੰ ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਜਨਤਕ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਜਾਂਚ ਰਿਪੋਰਟ ਵਿੱਚ ਇਸ ਮਾਮਲੇ ਦੇ ਉਹ ਮੁੱਖ ਦੋਸ਼ੀ ਬਣਦੇ ਹਨ।

ਉਨ੍ਹਾਂ ਜਾਂਚ ਰਿਪੋਰਟ ਜਨਤਕ ਕਰਦਿਆਂ ਕਿਹਾ ਕਿ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਦੀ ਘਟਨਾ ਦੀ ਜਾਂਚ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤੇ ਗਏ ਸਨ। ਇਸ ਅਨੁਸਾਰ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਕਮੇਟੀ ਨੇ ਜਾਂਚ ਦੌਰਾਨ ਚਮਸ਼ਮਦੀਦ ਗਵਾਹਾਂ, ਨਿਹੰਗ ਜਥੇਬੰਦੀਆਂ ਦੇ ਮੁਖੀਆਂ, ਮੀਡੀਆ ਕਰਮੀਆਂ, ਗੁਰਦੁਆਰੇ ਦੇ ਸੇਵਾਦਾਰਾਂ ਅਤੇ ਪ੍ਰਤੱਖ ਦਰਸ਼ੀਆਂ ਦੇ ਬਿਆਨ ਕਲਮਬੰਦ ਕੀਤੇ ਹਨ। ਉਨ੍ਹਾਂ ਕਿਹਾ ਕਿ ਬਿਆਨਾਂ ਤੋਂ ਸਾਹਮਣੇ ਆਇਆ ਹੈ

ਕਿ ਗੁਰਦੁਆਰੇ ’ਚ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ। ਦੂਜੇ ਪਾਸੇ ਗੁਰਦੁਆਰੇ ਅੰਦਰ ਕਿਸੇ ਕਿਸਮ ਦੇ ਝਗੜੇ ਦੇ ਸੰਕੇਤ ਨਹੀਂ ਮਿਲੇ। ਉਥੇ ਅੰਦਰ ਅਖੰਡ ਪਾਠ ਚੱਲ ਰਿਹਾ ਸੀ, ਜਿੱਥੇ ਪੁਲੀਸ ਨੇ ਗੋਲੀਆਂ ਚਲਾਈਆਂ, ਅੱਥਰੂ ਗੈਸ ਛੱਡੀ ਅਤੇ ਗੁਰਦੁਆਰੇ ਅੰਦਰ ਜੁੱਤੀਆਂ ਸਣੇ ਦਾਖ਼ਲ ਹੋ ਕੇ ਅਖੰਡ ਪਾਠ ਦੀ ਮਰਿਆਦਾ ਭੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਥੇ ਪੁਲੀਸ ਨੇ ਹਜ਼ਾਰ ਤੋਂ ਵੱਧ ਗੋਲੀਆਂ ਚਲਾਈਆਂ। ਇਸ ਮਾਮਲੇ ਵਿਚ ਪੁਲੀਸ ਵਾਲਿਆਂ ’ਤੇ ਕਾਰਵਾਈ ਕਰਨ ਦੀ ਥਾਂ ਨਿਹੰਗਾਂ ’ਤੇ ਪਰਚੇ ਦਰਜ ਕਰ ਦਿੱਤੇ ਗਏ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਜਾਂਚ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਅਧਿਕਾਰੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਹਨ।

ਇਸ ’ਤੇ ਚੱਲਦਿਆਂ ਹੀ ਡੀਸੀ ਅਤੇ ਐੱਸਐੱਸਪੀ ਕਪੂਰਥਲਾ ਨੇ ਜਾਂਚ ਵਿਚ ਕੋਈ ਸਹਿਯੋਗ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਰਿਪੋਰਟ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ’ਤੇ ਬਣਦੀ ਕਾਰਵਾਈ ਕੀਤੀ ਜਾਵੇ।