ਸੁਰੱਖਿਆ ਬਲਾਂ ਨੇ ਹੁਣ ਤੱਕ 40 ਅਤਿਵਾਦੀ ਮਾਰੇ: ਬੀਰੇਨ ਸਿੰਘ

ਸੁਰੱਖਿਆ ਬਲਾਂ ਨੇ ਹੁਣ ਤੱਕ 40 ਅਤਿਵਾਦੀ ਮਾਰੇ: ਬੀਰੇਨ ਸਿੰਘ

ਇੰਫਾਲ- ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਜ ਕਿਹਾ ਕਿ ਸੁਰੱਖਿਆ ਬਲਾਂ ਨੇ ਹੁਣ ਤੱਕ ਘਰਾਂ ’ਚ ਅੱਗ ਲਾਉਣ ਤੇ ਆਮ ਲੋਕਾਂ ’ਤੇ ਗੋਲੀਬਾਰੀ ਕਰਨ ’ਚ ਸ਼ਾਮਲ ਤਕਰੀਬਨ 40 ਹਥਿਆਰਬੰਦ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਸੁਰੱਖਿਆ ਬਲਾਂ ਨੇ ਹਿੰਸਾ ਦੀ ਮਾਰ ਹੇਠ ਆਏ ਇਸ ਉੱਤਰ ਪੂਰਬੀ ਸੂਬੇ ’ਚ ਅਮਨ ਬਹਾਲੀ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਇਹ ਟਿੱਪਣੀ ਅੱਜ ਮਨੀਪੁਰ ਦੀਆਂ ਕਈ ਥਾਵਾਂ ’ਤੇ ਹਥਿਆਰਬੰਦ ਗਰੁੱਪਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਤਾਜ਼ਾ ਝੜਪਾਂ ਮਗਰੋਂ ਕੀਤੀ ਹੈ। ਅੱਜ ਸੂਬਾ ਸਕੱਤਰੇਤ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅੱਜ ਹੋਈਆਂ ਝੜਪਾਂ ਦੋ ਭਾਈਚਾਰਿਆਂ ਵਿਚਾਲੇ ਨਹੀਂ ਬਲਕਿ ਕੁਕੀ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਵੱਲੋਂ ਏਕੇ-47, ਐੱਮ-16 ਤੇ ਸਨਾਈਪਰ ਰਾਈਫਲਾਂ ਨਾਲ ਆਮ ਲੋਕਾਂ ਨੂੰ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਸੁਰੱਖਿਆ ਬਲਾਂ ਨੇ ਕਾਰਵਾਈ ਦੌਰਾਨ ਇਨ੍ਹਾਂ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਬਲਾਂ ਦੀ ਮੁਹਿੰਮ ’ਚ ਅੜਿੱਕੇ ਨਾ ਪਾਉਣ ਤੇ ਸਰਕਾਰ ਵਿਚ ਭਰੋਸਾ ਰੱਖਦੇ ਹੋਏ ਸੁਰੱਖਿਆ ਬਲਾਂ ਦੀ ਹਮਾਇਤ ਕਰਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਮਾਰਨ, ਜਾਇਦਾਦਾਂ ਦਾ ਨੁਕਸਾਨ ਕਰਨ ਤੇ ਘਰਾਂ ਨੂੰ ਸਾੜਨ ਵਾਲੇ ਕੁਕੀ ਅਤਿਵਾਦੀਆਂ ਨੂੰ ਜਾਟ ਰੈਜੀਮੈਂਟ ਨੇ ਫੜਿਆ ਹੈ।