ਸੁਰੱਖਿਆ ’ਚ ਖਾਮੀ ਕਰਕੇ ਰਾਹੁਲ ਯਾਤਰਾ ਤੋਂ ਲਾਂਭੇ

ਸੁਰੱਖਿਆ ’ਚ ਖਾਮੀ ਕਰਕੇ ਰਾਹੁਲ ਯਾਤਰਾ ਤੋਂ ਲਾਂਭੇ

ਸਥਾਨਕ ਪ੍ਰਸ਼ਾਸਨ ’ਤੇ ਲੋੜੀਂਦੀ ਸੁਰੱਖਿਆ ਮੁਹੱਈਆ ਨਾ ਕਰਵਾਉਣ ਦਾ ਲਾਇਆ ਦੋਸ਼
ਕਾਜ਼ੀਗੁੰਡ (ਜੰਮੂ ਕਸ਼ਮੀਰ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ‘ਭਾਰਤ ਜੋੜੋ’ ਯਾਤਰਾ ਲਈ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਪੈਦਲ ਮਾਰਚ ਤੋਂ ਲਾਂਭੇ ਹੋਣਾ ਪਿਆ। ਉਂਜ ਯਾਤਰਾ ਦੇ ਬਨਿਹਾਲ ਤੋਂ ਕਾਂਜ਼ੀਗੁੰਡ, ਜਿਸ ਨੂੰ ਵਾਦੀ ਦਾ ਦਾਖ਼ਲਾ ਦੁਆਰ ਵੀ ਕਿਹਾ ਜਾਂਦਾ ਹੈ, ਪੁੱਜਣ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਪੈਦਲ ਯਾਤਰਾ ਦੌਰਾਨ ਰਾਹੁਲ ਦੇ ਕਦਮ ਨਾਲ ਕਦਮ ਮਿਲਾਇਆ। ਰਾਹੁਲ ਤੇ ਉਮਰ, ਦੋਵੇਂ ਸਫ਼ੇਦ ਟੀ-ਸ਼ਰਟਾਂ ਵਿੱਚ ਨਜ਼ਰ ਆੲੇ। ਸੁਰੱਖਿਆ ਕਾਰਨਾਂ ਕਰਕੇ ਰਾਹੁਲ ਦੇ ਯਾਤਰਾ ਤੋਂ ਲਾਂਭੇ ਹੋਣ ਮਗਰੋਂ ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਦੀ ਅਗਵਾਈ ਵਿੱਚ ਪਾਰਟੀ ਦੇ ਹੋਰਨਾਂ ਆਗੂਆਂ ਤੇ ਵਰਕਰਾਂ ਨੇ ਅੱਗੋਂ ਦੀ ਯਾਤਰਾ ਦਾ ਪੈਂਡਾ ਤੈਅ ਕੀਤਾ। ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੁਰੱਖਿਆ ਦੇਣੀ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਭਾਰਤ ਪਹਿਲਾਂ ਹੀ ਦੋ ਪ੍ਰਧਾਨ ਮੰਤਰੀਆਂ ਤੇ ਹੋਰ ਕਈ ਆਗੂਆਂ ਨੂੰ ਗੁਆ ਚੁੱਕਾ ਹੈ ਤੇ ਅਸੀਂ ਯਾਤਰੀਆਂ ਲਈ ਬਿਹਤਰ ਸੁਰੱਖਿਆ ਦੀ ਮੰਗ ਕਰਦੇ ਹਾਂ।’’ ਅਨੰਤਨਾਗ ਦੇ ਖਾਨਾਬਲ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘‘ਜਿਵੇਂ ਹੀ ਮੈਂ ਕਸ਼ਮੀਰ ਵਿੱਚ ਦਾਖ਼ਲ ਹੋਇਆ, ਸਥਾਨਕ ਲੋਕਾਂ ਨੇ ਬਾਹਾਂ ਉਲਾਰ ਕੇ ਮੇਰਾ ਸਵਾਗਤ ਕੀਤਾ।’’ ਰਾਹੁਲ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਿਹਾ, ਜਿਸ ਕਰਕੇ ਉਨ੍ਹਾਂ ਦੇ ਸੁਰੱਖਿਆ ਅਮਲੇ ਦਾ ਫਿਕਰ ਵਧ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਦੀ ਪੈਦਲ ਯਾਤਰਾ ਰੱਦ ਕਰ ਦਿੱਤੀ, ਜਦੋਂਕਿ ਯਾਤਰਾ ਵਿਚ ਸ਼ਾਮਲ ਹੋਰਨਾਂ ਆਗੂਆਂ ਤੇ ਵਰਕਰਾਂ ਨੇ ਇਸ ਨੂੰ ਜਾਰੀ ਰੱਖਿਆ। ਰਾਹੁਲ ਨੇ ਕਿਹਾ ਕਿ ਉਨ੍ਹਾਂ ਲਈ ਆਪਣੇ ਸੁਰੱਖਿਆ ਅਧਿਕਾਰੀਆਂ ਦੀ ਸਲਾਹ ਦੇ ਖਿਲਾਫ਼ ਜਾਣਾ ਮੁਸ਼ਕਲ ਸੀ। ਉਂਜ ਉਨ੍ਹਾਂ ਕਿਹਾ ਕਿ ਸੁਰੱਖਿਆ ਮੁਹੱਈਆ ਕਰਵਾਉਣੀ ਸਥਾਨਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉੱਧਰ ਏਆਈਸੀਸੀ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਕੇ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ‘ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਿਹਾ ਹੈ।’’ ਪਾਟਿਲ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ’ਚ ਖਾਮੀ ਯੂਟੀ ਪ੍ਰਸ਼ਾਸਨ ਦੇ ਪੱਖਪਾਤੀ ਤੇ ਬਿਨਾਂ ਤਿਆਰੀ ਵਾਲੇ ਰਵੱਈਏ ਵੱਲ ਇਸ਼ਾਰਾ ਕਰਦੇ ਹਨ।’’ ਕਾਂਗਰਸ ਆਗੂਆਂ ਨੇ ਕਿਹਾ ਕਿ ਕਾਜ਼ੀਗੁੰਡ ਪੁੱਜਣ ਮਗਰੋਂ ਰਾਹੁਲ ਗਾਂਧੀ ਨੇ ਪਹਿਲਾਂ ਮਿੱਥੇ ਮੁਤਾਬਕ ਦੱਖਣੀ ਕਸ਼ਮੀਰ ਦੇ ਵੈਸੂ ਵੱਲ ਜਾਣਾ ਸੀ, ਪਰ ਕਾਂਗਰਸੀ ਵਰਕਰਾਂ ਨੂੰ ਯੱਕਦਮ ਪਤਾ ਲੱਗਾ ਕਿ ਯਾਤਰਾ ਦਾ ਬਾਹਰੀ ਸੁਰੱਖਿਆ ਘੇਰਾ, ਜਿਸ ਦਾ ਪ੍ਰਬੰਧ ਜੰਮੂ ਕਸ਼ਮੀਰ ਪੁਲੀਸ ਕੋਲ ਸੀ, ਗਾਇਬ ਸੀ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, ‘‘ਸੁਰੱਖਿਆ ਕਾਰਨਾਂ ਕਰਕੇ ਸਾਨੂੰ ਆਰਜ਼ੀ ਤੌਰ ’ਤੇ ਯਾਤਰਾ ਰੋਕਣੀ ਪਈ, ਕਿਉਂਕਿ ਯਾਤਰਾ ਲਈ ਤਜਵੀਜ਼ਤ ਰੂਟ ’ਤੇ ਭੀੜ ਨੂੰ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਨਹੀਂ ਸਨ।’’ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਪ੍ਰਤੀ ਆਪਣਾ ਸਨੇਹ ਵਿਖਾਉਣ ਲਈ ਵੱਡੀ ਗਿਣਤੀ ’ਚ ਲੋਕ ਆਏ ਸਨ, ਪਰ ਕਾਂਗਰਸ ਆਗੂ ਦੀ ਸੁਰੱਖਿਆ ਨੂੰ ਲੈ ਕੇ ਕੁਝ ਸ਼ੰਕੇ ਸਨ ਕਿਉਂਕਿ ‘ਲੋਕ ਉਨ੍ਹਾਂ ਦੇ ਕਾਫੀ ਕਰੀਬ ਆ ਰਹੇ ਸਨ।’’ ਸੁਰੱਖਿਆ ਪ੍ਰਬੰਧਾਂ ਦੀ ਬਦਇੰਤਜ਼ਾਮੀ ਕਰਕੇ ਰਾਹੁਲ ਦੀ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਪੈਦਲ ਯਾਤਰਾ ਤੋਂ ਰੋਕ ਦਿੱਤਾ ਤੇ ਉਹ (ਰਾਹੁਲ) ਕਾਰ ਰਾਹੀਂ ਖਾਨਾਬਲ ਪੁੱਜੇ, ਜਿੱਥੇ ਯਾਤਰਾ ਰਾਤ ਦਾ ਪੜਾਅ ਕਰੇਗੀ। ਇਸ ਤੋਂ ਪਹਿਲਾਂ ਅੱਜ ਸਵੇਰੇ ਰਾਹੁਲ ਗਾਂਧੀ ਨੇ ਬਨਿਹਾਲ ਤੋਂ ਯਾਤਰਾ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ। ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਬਨਿਹਾਲ ਤੋਂ ਹੀ ਗਾਂਧੀ ਨਾਲ ਪੈਦਲ ਮਾਰਚ ਵਿੱਚ ਸ਼ਾਮਲ ਹੋਏ।