ਸੁਪਰੀਮ ਕੋਰਟ ਨੇ ਵਿਰੋਧੀ ਧਿਰਾਂ ਨੂੰ ਝਟਕਾ ਦਿੱਤਾ: ਪ੍ਰਧਾਨ ਮੰਤਰੀ

ਸੁਪਰੀਮ ਕੋਰਟ ਨੇ ਵਿਰੋਧੀ ਧਿਰਾਂ ਨੂੰ ਝਟਕਾ ਦਿੱਤਾ: ਪ੍ਰਧਾਨ ਮੰਤਰੀ

ਵਿਰੋਧੀ ਧਿਰਾਂ ਦੀ ਪਟੀਸ਼ਨ ਖਾਰਜ ਹੋਣ ਦਾ ਦਿੱਤਾ ਹਵਾਲਾ
ਹੈਦਰਾਬਾਦ/ਚੇਨੱਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਖ਼ਿਲਾਫ਼ ਵੱਖ-ਵੱਖ ਕੇਂਦਰੀ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਮੁੱਦੇ ਉਤੇ ਸੁਪਰੀਮ ਕੋਰਟ ਦਾ ਰੁਖ਼ ਕਰਨ ਵਾਲੀਆਂ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਿਖ਼ਰਲੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਕੇ, ਇਨ੍ਹਾਂ ਦਲਾਂ ਨੂੰ ‘ਕਰਾਰਾ ਝਟਕਾ’ ਦਿੱਤਾ ਹੈ। ਮੋਦੀ ਨੇ ਹੈਦਰਾਬਾਦ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਨਾਲ ਸਹਿਯੋਗ ਦੀ ਕਮੀ ਕਾਰਨ ਤਿਲੰਗਾਨਾ ’ਚ ਕਈ ਕੇਂਦਰੀ ਯੋਜਨਾਵਾਂ ਮੁਕੰਮਲ ਹੋਣ ਵਿਚ ਦੇਰੀ ਹੋ ਰਹੀ ਹੈ। ਮੋਦੀ ਨੇ ਇਸ ਮੌਕੇ ਵੰਸ਼ਵਾਦ ਦੀ ਰਾਜਨੀਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੰਸ਼ਵਾਦੀ ਤਾਕਤਾਂ ਦੇ ਭ੍ਰਿਸ਼ਟਾਚਾਰ ਦੀ ਅਸਲੀ ਜੜ੍ਹ ਉਤੇ ਹੱਲਾ ਬੋਲਿਆ ਹੈ ਜੋ ਹਰ ਵਿਵਸਥਾ ਉਤੇ ਆਪਣਾ ਕਾਬੂ ਰੱਖਣਾ ਚਾਹੁੰਦੀਆਂ ਹਨ। ਮੋਦੀ ਨੇ ਇਸ ਮੌਕੇ ਲੋਕਾਂ ਨੂੰ ਸਵਾਲ ਕੀਤਾ ਕਿ, ‘ਕੀ ਭ੍ਰਿਸ਼ਟਾਚਾਰੀਆਂ ਵਿਰੁੱਧ ਕਾਨੂੰਨੀ ਕਦਮ ਨਹੀਂ ਚੁੱਕਣੇ ਚਾਹੀਦੇ, ਭਾਵੇਂ ਉਹ ਵੱਡੀਆਂ ਹਸਤੀਆਂ ਹੋਣ ਜਾਂ ਨਾ? ਕੀ ਕਾਨੂੰਨ ਨੂੰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕੰਮ ਕਰਨ ਦੇਣਾ ਚਾਹੀਦਾ ਹੈ ਜਾਂ ਨਹੀਂ?’ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਕਾਰਵਾਈ ਹੋਣ ਕਾਰਨ ਹੀ ‘ਇਹ ਲੋਕ’ ਪ੍ਰੇਸ਼ਾਨ ਹਨ ਤੇ ਗੁੱਸੇ ਵਿਚ ਸਭ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘ਕੁਝ ਦਿਨ ਪਹਿਲਾਂ ਕੁਝ ਸਿਆਸੀ ਦਲ ਅਦਾਲਤ ਵਿਚ ਸੁਰੱਖਿਆ ਮੰਗਣ ਗਏ ਸਨ ਕਿ ਕੋਈ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਨਾ ਕਰੇ। ਉਹ ਅਦਾਲਤ ਗਏ, ਪਰ ਅਦਾਲਤ ਨੇ ਉਨ੍ਹਾਂ ਨੂੰ ਝਟਕਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅਗਵਾਈ ਵਿਚ 14 ਸਿਆਸੀ ਧਿਰਾਂ ਨੇ ਹਾਲ ਹੀ ਵਿਚ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਸਹਿਮਤੀ ਦੇ ਆਪਣੇ ਮੌਲਿਕ ਹੱਕਾਂ ਦਾ ਇਸਤੇਮਾਲ ਕਰਨ ਵਾਲੇ ਹੋਰਨਾਂ ਨਾਗਰਿਕਾਂ ਵਿਰੁੱਧ ਅਪਰਾਧਿਕ ਮੁਕੱਦਮਿਆਂ ਵਿਚ ਖ਼ਤਰਨਾਕ ਵਾਧਾ ਹੋਇਆ ਹੈ। ਸਿਖ਼ਰਲੀ ਅਦਾਲਤ ਨੇ ਪਟੀਸ਼ਨ ਉਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਵਿਚ ਨੇਤਾਵਾਂ ਕੋਲ ਆਮ ਨਾਗਰਿਕਾਂ ਨਾਲੋਂ ‘ਵੱਧ ਸੁਰੱਖਿਆ’ ਨਹੀਂ ਹੋ ਸਕਦੀ।