ਸੁਧੀਰ ਸੂਰੀ ਕਤਲ ਕੇਸ ਦੀ ਜਾਂਚ ਲਈ ਸਿਟ ਕਾਇਮ

ਸੁਧੀਰ ਸੂਰੀ ਕਤਲ ਕੇਸ ਦੀ ਜਾਂਚ ਲਈ ਸਿਟ ਕਾਇਮ

ਏਡੀਜੀਪੀ ਆਰ.ਐੱਨ. ਢੋਕੇ ਕਰਨਗੇ ਨਿਗਰਾਨੀ
ਅੰਮ੍ਰਿਤਸਰ- ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਦੀ ਜਾਂਚ ਹੁਣ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾਵੇਗੀ। ਇਹ ਜਾਂਚ ਟੀਮ ਏਡੀਜੀਪੀ ਆਰ.ਐੱਨ. ਢੋਕੇ ਦੀ ਨਿਗਰਾਨੀ ਹੇਠ ਕੰਮ ਕਰੇਗੀ। ਇਸੇ ਦੌਰਾਨ ਅੱਜ ਸੁਧੀਰ ਸੂਰੀ ਦੀ ਮ੍ਰਿਤਕ ਦੇਹ ਦਾ ਇੱਥੇ ਦੁਰਗਿਆਨਾ ਮੰਦਰ ਨੇੜਲੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਲੋਕ ਹਾਜ਼ਰ ਸਨ।
ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਇੱਥੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਦੀ ਜਾਂਚ ਹੁਣ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਕਰੇਗੀ। ਇਸ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀਸੀਪੀ (ਡਿਟੈਕਟਿਵ) ਜਗਜੀਤ ਸਿੰਘ ਵਾਲੀਆ ਹੋਣਗੇ, ਜਦੋਂ ਕਿ ਏਡੀਸੀਪੀ (ਸਿਟੀ) ਪ੍ਰਭਜੋਤ ਸਿੰਘ ਵਿਰਕ ਅਤੇ ਅਭਿਮੰਨਿਊ ਰਾਣਾ ਸਮੇਤ ਸੀਆਈਏ ਸਟਾਫ ਅਤੇ ਐਂਟੀ ਗੈਂਗਸਟਰ ਸਟਾਫ ਦੇ ਇੰਚਾਰਜ ਇਸ ਟੀਮ ਦੇ ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਕੇਸ ਦੀ ਜਾਂਚ ਸਹੀ ਤੱਥਾਂ ਦੇ ਆਧਾਰ ’ਤੇ ਕਰਨ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ ਜਿਸ ਦੀ ਨਿਗਰਾਨੀ ਏਡੀਜੀਪੀ ਆਰ.ਐੱਨ. ਢੋਕੇ ਕਰਨਗੇ।

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਐੱਫਆਈਆਰ ਵਿੱਚ ਫ਼ਿਲਹਾਲ ਸੰਦੀਪ ਸਿੰਘ ਦਾ ਇਕੱਲੇ ਦਾ ਨਾਂ ਦਰਜ ਹੈ। ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦਾ ਨਾਂ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੰਦੀਪ ਸਿੰਘ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁੱਛ-ਪੜਤਾਲ ਤੇ ਤੱਥਾਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਇਸ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਨੂੰ ਘੋਖਿਆ ਜਾ ਰਿਹਾ ਹੈ। ਇਸ ਦੌਰਾਨ ਚਰਚਾ ਇਹ ਵੀ ਹੈ ਕਿ ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪੀ ਜਾ ਸਕਦੀ ਹੈ। ਫਿਲਹਾਲ ਇਹ ਜਾਂਚ ਮੁੱਢਲੇ ਪੜਾਅ ’ਤੇ ਹੈ ਪਰ ਇਸ ਮਾਮਲੇ ਨੂੰ ਖਾਲਿਸਤਾਨ ਪੱਖੀਆਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਐੱਨਆਈਏ ਦੀ ਟੀਮ ਪਹਿਲਾਂ ਹੀ ਇੱਥੇ ਆਈ ਹੋਈ ਹੈ ਅਤੇ ਉਸ ਵੱਲੋਂ ਪੁਲੀਸ ਨਾਲ ਮੀਟਿੰਗ ਵੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਰੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਸਿੰਘ ਕੋਲੋਂ ਕਈ ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਜ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਮ੍ਰਿਤਕ ਦੇਹ ਨੂੰ ਇਕ ਯਾਤਰਾ ਦੇ ਰੂਪ ਵਿੱਚ ਦੁਰਗਿਆਨਾ ਮੰਦਰ ਨੇੜੇ ਸ਼ਮਸ਼ਾਨਘਾਟ ਤੱਕ ਲਿਜਾਇਆ ਗਿਆ, ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਦੌਰਾਨ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਸੀ।