ਸੁਣਨਾ ਵੀ ਇੱਕ ਹੁਨਰ ਹੈ

ਸੁਣਨਾ ਵੀ ਇੱਕ ਹੁਨਰ ਹੈ

ਕਮਲਜੀਤ ਕੌਰ ਗੁੰਮਟੀ

ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਉਦੋਂ ਤੋਂ ਹੀ ਭਾਂਤ ਭਾਂਤ ਦੀਆਂ ਆਵਾਜ਼ਾਂ ਕੰਨੀਂ ਪੈਣੀਆਂ ਸ਼ੁਰੂ ਹੋਈਆਂ। ਝਰਨਿਆਂ ਤੇ ਨਦੀਆਂ ਵਿੱਚੋਂ ਵਹਿੰਦੇ ਪਾਣੀ ਦੀ ਆਵਾਜ਼, ਪੰਛੀਆਂ ਦਾ ਚਹਿਚਹਾਉਣਾ, ਮੀਂਹ ਦੀਆਂ ਕਣੀਆਂ ਦੀ ਟਿਪ ਟਿਪ, ਵਗਦੀ ਹਵਾ ਵਿੱਚ ਦਰੱਖਤਾਂ ਦੇ ਪੱਤਿਆਂ ਦੀ ਖੜ ਖੜ ਮਨ ਨੂੰ ਬੜਾ ਸਕੂਨ ਦਿੰਦੀ ਹੈ। ਇਨ੍ਹਾਂ ਆਵਾਜ਼ਾਂ ਨੂੰ ਸੁਣਨ ਕਰਕੇ ਹੀ ਮਨੁੱਖੀ ਮਨ ਅੰਦਰ ਨਵਾਂ ਕੁਝ ਨਾ ਕੁਝ ਸੁਣਨ ਅਤੇ ਸਮਝਣ ਦੀ ਇੱਛਾ ਪੈਦਾ ਹੁੰਦੀ ਗਈ ਤੇ ਹੌਲੀ ਹੌਲੀ ਬੋਲੀ ਦੀ ਉਤਪਤੀ ਹੋਈ। ਬੋਲੀ ਦਾ ਮਹੱਤਵ ਸੁਣਨ ਅਤੇ ਸਮਝਣ ਨਾਲ ਹੀ ਹੈ। ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਰੋਣ ਦੀ ਆਵਾਜ਼ ਅਸੀਂ ਸੁਣਦੇ ਹਾਂ ਤਾਂ ਹੀ ਉਸ ਦੇ ਵਜੂਦ ਦਾ ਸਬੂਤ ਮਿਲਦਾ ਹੈ।

ਜੇਕਰ ਸਾਡੀ ਜ਼ਿੰਦਗੀ ਵਿੱਚ ਆਵਾਜ਼ ਨਾ ਹੁੰਦੀ ਤਾਂ ਕੀ ਹੁੰਦਾ? ਆਵਾਜ਼ਾਂ ਸਾਨੂੰ ਬੜਾ ਕੁਝ ਸਿਖਾਉਂਦੀਆਂ ਹਨ। ਕੀ ਅਸੀਂ ਆਵਾਜ਼ਾਂ ਦੇ ਸਹੀ ਮੁੱਲ ਨੂੰ ਸਮਝਦੇ ਹਾਂ? ਜਿੰਨਾ ਧਿਆਨ ਅਸੀਂ ਬੋਲਣ ’ਤੇ ਦਿੰਦੇ ਹਾਂ, ਕੀ ਅਸੀਂ ਓਨਾ ਧਿਆਨ ਸੁਣਨ ’ਤੇ ਵੀ ਦਿੰਦੇ ਹਾਂ? ਆਵਾਜ਼ ਦਾ ਮਹੱਤਵ ਤਾਂ ਹੀ ਹੈ ਜੇਕਰ ਇਸ ਨੂੰ ਅਸੀਂ ਧਿਆਨ ਨਾਲ ਸੁਣੀਏ। ਜਿਹੜਾ ਇਨਸਾਨ ਜਿੰਨੀ ਇਕਾਗਰਤਾ ਨਾਲ ਸੁਣਦਾ ਹੈ, ਓਨਾ ਹੀ ਵਧੇਰੇ ਸਿੱਖਦਾ ਹੈ। ਜਦੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਤਾਂ ਬੋਲਣ ਅਤੇ ਸੁਣਨ ਵਾਲੇ ਵਿਚਕਾਰ ਸੰਤੁਲਨ ਹੋਣਾ ਲਾਜ਼ਮੀ ਹੈ। ਜੇਕਰ ਕੋਈ ਸੁਣਨ ਵਾਲਾ ਨਹੀਂ ਤਾਂ ਬੋਲਣ ਦਾ ਕੋਈ ਮਹੱਤਵ ਨਹੀਂ। ਕਿਸੇ ਵੀ ਗੱਲ ਦੇ ਸਹੀ ਜਾਂ ਗ਼ਲਤ ਹੋਣ ਦਾ ਨਿਰਣਾ ਕਰਨ ਲਈ ਵੀ ਸੁਣਨਾ ਜ਼ਰੂਰੀ ਹੈ। ਸੁਣ ਕੇ ਸਮਝਣ ਲਈ ਜ਼ਰੂਰੀ ਹੈ, ਅੰਦਰੋਂ ਮੌਨ ਹੋਣਾ ਨਾ ਕਿ ਦਿਖਾਵੇ ਲਈ ਚੁੱਪ ਕੀਤਾ ਹੋਣਾ। ਜਦੋਂ ਅਸੀਂ ਇਕਾਗਰਤਾ ਨਾਲ ਸੁਣਦੇ ਹਾਂ, ਆਪਣੇ ਆਪ ਨੂੰ ਨਵੇਂ ਮੌਕਿਆਂ ਅਤੇ ਅਨੁਭਵਾਂ ਲਈ ਖੋਲ੍ਹਦੇ ਹਾਂ, ਆਪਣੇ ਆਪ ਨੂੰ ਦੂਜਿਆਂ ਨਾਲ ਜੋੜਦੇ ਹਾਂ, ਉਹ ਗਿਆਨ ਪ੍ਰਾਪਤ ਕਰਦੇ ਹਾਂ ਜੋ ਸਾਨੂੰ ਕਾਮਯਾਬੀ ਵੱਲ ਲੈ ਕੇ ਜਾਂਦਾ ਹੈ।

ਜਨਮ ਤੋਂ ਬਾਅਦ ਇੱਕ ਬੱਚਾ ਸਮਾਜ ਵਿੱਚ ਰਹਿੰਦਿਆਂ ਜਿਹੋ ਜਿਹੀ ਭਾਸ਼ਾ ਆਲੇ ਦੁਆਲੇ ਤੋਂ ਸੁਣਦਾ ਹੈ, ਉਸੇ ਭਾਸ਼ਾ ਨੂੰ ਹੀ ਸਿੱਖਦਾ ਹੈ। ਇਹ ਤਜਰਬਾ ਕਰਕੇ ਦੇਖਿਆ ਗਿਆ ਕਿ ਇੱਕ ਬੱਚੇ ਨੂੰ ਨਾ ਬੋਲਣ ਵਾਲੇ ਲੋਕਾਂ ਵਿੱਚ ਛੱਡਿਆ ਗਿਆ। ਉਹ ਬੱਚਾ ਕਿਸੇ ਕਿਸਮ ਦੀ ਵੀ ਭਾਸ਼ਾ ਨਹੀਂ ਸਿੱਖ ਸਕਿਆ। ਜਦ ਉਸ ਦੇ ਕੰਨਾਂ ਵਿੱਚ ਕੋਈ ਆਵਾਜ਼ ਹੀ ਨਹੀਂ ਪਈ, ਉਹ ਸਿੱਖ ਕਿਵੇਂ ਸਕਦਾ ਸੀ। ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜੋ ਬੱਚੇ ਧਿਆਨ ਨਾਲ ਸੁਣਦੇ ਹਨ, ਉਹ ਮੌਖਿਕ ਅਤੇ ਗ਼ੈਰ ਮੌਖਿਕ ਸਮੀਕਰਨਾਂ ਦੀ ਵਰਤੋਂ ਕਰਕੇ ਜਵਾਬ ਦੇਣ ਦੇ ਯੋਗ ਵੀ ਹੋ ਜਾਂਦੇ ਹਨ। ਖੁੱਲ੍ਹੇ ਮਨ ਦੇ ਹੋਣ ਦੇ ਨਾਲ ਨਾਲ ਉਨ੍ਹਾਂ ਵਿੱਚ ਸਵਾਲ ਪੁੱਛਣ ਦਾ ਗੁਣ ਵੀ ਪੈਦਾ ਹੁੰਦਾ ਹੈ। ਆਲੋਚਨਾ ਕਰਨ ਦੀ ਬਜਾਏ ਉਹ ਤਰਕ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦੇ ਸਮਰੱਥ ਹੁੰਦੇ ਹਨ। ਬਿਨਾਂ ਸੁਣੇ ਅਸੀਂ ਬੋਲਣ ਦੇ ਸਮਰੱਥ ਨਹੀਂ ਹੋ ਸਕਦੇ।

ਸੁਣਨਾ ਇੱਕ ਹੁਨਰ ਹੈ, ਇਹ ਹੁਨਰ ਵਿਰਲੇ ਲੋਕਾਂ ਵਿੱਚ ਹੀ ਹੁੰਦਾ ਹੈ। ਸੁਣਨ ਦਾ ਹੁਨਰ ਵਿਕਸਿਤ ਕਰਨ ਯੋਗ ਹੈ। ਸੁਣਨ ਨਾਲ ਅਸੀਂ ਆਪਣੇ ਅੰਦਰ ਅਥਾਹ ਗਿਆਨ ਭਰ ਸਕਦੇ ਹਾਂ। ਬੱਚਾ ਜਦੋਂ ਆਪਣੇ ਅਧਿਆਪਕ ਤੋਂ ਗਿਆਨ ਹਾਸਿਲ ਕਰਦਾ ਹੈ, ਉਸ ਦਾ ਸਿੱਖਣਾ ਸੁਣਨ ’ਤੇ ਨਿਰਭਰ ਹੈ। ਜਮਾਤ ਵਿੱਚ ਬੈਠੇ ਸਾਰੇ ਵਿਦਿਆਰਥੀਆਂ ਵਿੱਚੋਂ ਉਹ ਵਧੇਰੇ ਸਿੱਖਦਾ ਹੈ ਜੋ ਧਿਆਨ ਨਾਲ ਸੁਣਦਾ ਹੈ। ਸੁਣਨ ਸ਼ਕਤੀ ਹਰ ਮਨੁੱਖ ਲਈ ਮਹੱਤਵਪੂਰਨ ਹੈ। ਕਿਤਾਬਾਂ ਪੜ੍ਹਨ ਸਮੇਂ ਵੀ ਇਕਾਗਰਤਾ ਨਾਲ ਦਿਮਾਗ਼ ਤੱਕ ਸੁਨੇਹਾ ਪਹੁੰਚਣਾ ਜ਼ਰੂਰੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਤਾਬ ਦੇ ਪੰਨੇ ਪੜ੍ਹਦੇ ਪੜ੍ਹਦੇ ਅੱਗੇ ਤਾਂ ਲੰਘ ਜਾਂਦੇ ਹਾਂ, ਪਰ ਸਮਝ ਕੁੱਝ ਵੀ ਨਹੀਂ ਪੈਂਦਾ। ਨਾ ਸਮਝ ਪੈਣ ਦਾ ਕਾਰਨ ਦਿਮਾਗ਼ ਦਾ ਧਿਆਨ ਨਾਲ ਨਾ ਸੁਣਨਾ ਹੀ ਹੈ। ਸਮਾਜ ਵਿੱਚ ਰਹਿੰਦਿਆਂ ਸੁਣਨਾ ਇੱਕ ਅਜਿਹਾ ਤਜਰਬਾ ਹੈ ਜੋ ਲੋਕਾਂ ਨੂੰ ਦੁਖੀ ਵੀ ਕਰਦਾ ਹੈ। ਕੁਝ ਆਵਾਜ਼ਾਂ ਖ਼ਤਰਨਾਕ ਵੀ ਹੁੰਦੀਆਂ ਹਨ ਜੋ ਸਾਨੂੰ ਡਰਾਉਦੀਆਂ ਅਤੇ ਭੜਕਾਉਂਦੀਆਂ ਹਨ, ਪਰ ਕੁਝ ਆਵਾਜ਼ਾਂ ਉਤਸ਼ਾਹਜਨਕ ਅਤੇ ਸਕਾਰਾਤਮਕ ਵੀ ਹੁੰਦੀਆਂ ਹਨ ਜੋ ਕਾਮਯਾਬੀ ਦਾ ਆਧਾਰ ਬਣਦੀਆਂ ਹਨ, ਨਿਰਣਾ ਸਾਡਾ ਹੈ ਕਿ ਅਸੀਂ ਕੀ ਸੁਣਨਾ ਹੈ।

ਕਈ ਵਾਰ ਕਿਸੇ ਮਹਾਨ ਸ਼ਖ਼ਸੀਅਤ ਦੇ ਕਹੇ ਕੁੱਝ ਸ਼ਬਦ ਸੁਣ ਕੇ ਜ਼ਿੰਦਗੀ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਆਪਣੇ ਮਨ ਦੀ ਆਵਾਜ਼ ਸੁਣਨੀ ਵੀ ਜ਼ਰੂਰੀ ਹੈ। ਮਨੁੱਖ ਦੀ ਅੰਦਰੂਨੀ ਆਵਾਜ਼ ਵਿੱਚ ਹੀ ਮਨੁੱਖ ਦੀ ਸ਼ਖ਼ਸੀਅਤ ਹੁੰਦੀ ਹੈ। ਪਿਛਲੇ ਕੁੱਝ ਸਮੇਂ ਤੋਂ ਸੁਣਨ ਤੇ ਸੁਣਾਉਣ ਦੇ ਤੌਰ ਤਰੀਕੇ ਬਦਲ ਗਏ ਹਨ। ਬੱਚੇ ਮਾਂ-ਬਾਪ ਅਤੇ ਅਧਿਆਪਕਾਂ ਨੂੰ ਸੁਣਨ ਦੀ ਬਜਾਏ ਮੋਬਾਈਲ ਫੋਨ ਵਧੇਰੇ ਸੁਣਦੇ ਹਨ। ਕੋਈ ਵੀ ਤਕਨੀਕ ਭਵਨਾਤਮਕ ਤੌਰ ’ਤੇ ਸਾਨੂੰ ਆਪਣਿਆਂ ਨਾਲ ਨਹੀਂ ਜੋੜ ਸਕਦੀ। ਆਪਣਿਆਂ ਨਾਲ ਸੁਣਨ ਤੇ ਸੁਣਾਉਣ ਨਾਲ ਹੀ ਜੁੜਿਆ ਜਾ ਸਕਦਾ ਹੈ। ਸੁਣਨ ਨਾਲ ਹੀ ਵਿਚਾਰਾਤਮਕ, ਅਧਿਆਤਮਕ ਅਤੇ ਭਵਨਾਤਮਕ ਗੁਣ ਪੈਦਾ ਹੁੰਦੇ ਹਨ।

ਸੁਣਨ ਨਾਲ ਮਨ ਵਿੱਚ ਵਿਸ਼ਵਾਸ ਅਤੇ ਸ਼ਰਧਾ ਪੈਦਾ ਹੁੰਦੀ ਹੈ। ਇਕਾਗਰਤਾ ਨਾਲ ਸੁਣ ਕੇ ਅਸੀਂ ਆਪਣੇ ਮਨ ਵਿੱਚ ਖ਼ੁਸ਼ੀ ਪੈਦਾ ਕਰਕੇ ਉਸ ਨੂੰ ਸਥਿਰ ਰੱਖ ਸਕਦੇ ਹਾਂ। ਸੁਣਨ ਨਾਲ ਵਿਵੇਕ ਪੈਦਾ ਹੁੰਦਾ ਹੈ, ਅਗਿਆਨਤਾ ਦੂਰ ਹੁੰਦੀ ਹੈ। ਇਸ ਲਈ ਸੁਣਨਾ ਜ਼ਰੂਰੀ ਹੈ। ਜੇਕਰ ਲਗਾਤਾਰ ਅਸੀਂ ਸੁਣਨ ’ਤੇ ਧਿਆਨ ਦੇਵਾਂਗੇ ਤਾਂ ਆਪਣੇ ਮਨ ਨੂੰ ਅਮੀਰ ਬਣਾ ਲਵਾਂਗੇ। ਜੇਕਰ ਅਸੀਂ ਇਕਾਗਰ ਮਨ ਨਾਲ ਦੂਜਿਆਂ ਦੇ ਚੰਗੇ ਮਨੋਭਾਵ, ਵਿਚਾਰ ਸੁਣਦੇ ਰਹੀਏ ਤਾਂ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ।