ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਦੇ ਨਵੇਂ ਮੁੱਖ ਮੰਤਰੀ

ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਦੇ ਨਵੇਂ ਮੁੱਖ ਮੰਤਰੀ

ਮੁਕੇਸ਼ ਅਗਨੀਹੋਤਰੀ ਹੋਣਗੇ ਉਪ ਮੁੱਖ ਮੰਤਰੀ; ਕਾਂਗਰਸ ਆਲਾਕਮਾਨ ਨੇ ਲਾਈ ਫ਼ੈਸਲੇ ’ਤੇ ਮੋਹਰ
ਨਵੀਂ ਦਿੱਲੀ/ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਸੁਖਵਿੰਦਰ ਸਿੰਘ ਸੁੱਖੂ (58) ਸੂਬੇ ਦੇ ਨਵੇਂ ਮੁੱਖ ਮੰਤਰੀ ਅਤੇ ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਹੋਣਗੇ। ਕਾਂਗਰਸ ਹਾਈ ਕਮਾਨ ਨੇ ਨਦੌਣ ਤੋਂ ਵਿਧਾਇਕ ਸੁੱਖੂ ਦੇ ਨਾਮ ਨੂੰ ਪ੍ਰਵਾਨਗੀ ਦਿੱਤੀ। ਹਲਫ਼ਦਾਰੀ ਸਮਾਗਮ ਐਤਵਾਰ ਦੁਪਹਿਰ ਡੇਢ ਵਜੇ ਹੋਵੇਗਾ। ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਆਗੂਆਂ ਦੇ ਹਾਜ਼ਰ ਰਹਿਣ ਦੀ ਵੀ ਸੰਭਾਵਨਾ ਹੈ। ਸ਼ਿਮਲਾ ’ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸੁੱਖੂ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਮੀਟਿੰਗ ’ਚ ਦੋਵੇਂ ਨਿਗਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪਾਰਟੀ ਦੇ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਰਾਜੀਵ ਸ਼ੁਕਲਾ ਹਾਜ਼ਰ ਸਨ। ਇਸ ਮਗਰੋਂ ਉਨ੍ਹਾਂ ਹਿਮਾਚਲ ਦੇ ਰਾਜਪਾਲ ਆਰ ਵੀ ਅਰਲੇਕਰ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਕੋਲ ਦਾਅਵੇਦਾਰੀ ਪੇਸ਼ ਕਰਨ ਸਮੇਂ ਸੁੱਖੂ ਦੇ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜੀਵ ਸ਼ੁਕਲਾ ਅਤੇ ਹੋਰ ਆਗੂ ਹਾਜ਼ਰ ਸਨ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ 68 ’ਚੋਂ 40 ਸੀਟਾਂ ਜਿੱਤੀਆਂ ਹਨ।
ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁੱਖੂ ਚਾਰ ਵਾਰ ਦੇ ਵਿਧਾਇਕ ਹਨ ਅਤੇ ਉਨ੍ਹਾਂ ਨੂੰ ਪਾਰਟੀ ਆਗੂ ਰਾਹੁਲ ਗਾਂਧੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਸੁੱਖੂ ਨੇ ਸੋਨੀਆ ਅਤੇ ਰਾਹੁਲ ਗਾਂਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਸੂਬੇ ’ਚ ਬਦਲਾਅ ਲਿਆ ਕੇ ਰਹੇਗੀ। ਉਨ੍ਹਾਂ ਮੁਕੇਸ਼ ਅਗਨੀਹੋਤਰੀ ਅਤੇ ਹੋਰ ਆਗੂਆਂ ਨਾਲ ਰਲ ਕੇ ਸੂਬੇ ਦੇ ਵਿਕਾਸ ’ਚ ਯੋਗਦਾਨ ਪਾਉਣ ਦੀ ਆਸ ਜਤਾਈ। ਮੁੱਖ ਮੰਤਰੀ ਅਹੁਦੇ ਲਈ ਪਾਰਟੀ ’ਚ ਖਿੱਤੋਤਾਣ ਚੱਲ ਰਹੀ ਸੀ ਅਤੇ ਸ਼ੁੱਕਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਇਕ ਨਾਮ ’ਤੇ ਸਹਿਮਤੀ ਨਹੀਂ ਬਣ ਸਕੀ ਸੀ। ਵਿਧਾਇਕਾਂ ਨੇ ਇਹ ਫ਼ੈਸਲਾ ਆਲਾਕਮਾਨ ’ਤੇ ਛੱਡ ਦਿੱਤਾ ਸੀ। ਉਂਜ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ, ਸੁਖਵਿੰਦਰ ਸਿੰਘ ਸੁੱਖੂ ਅਤੇ ਮੁਕੇਸ਼ ਅਗਨੀਹੋਤਰੀ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਠੋਕ ਰਹੇ ਸਨ। ਪ੍ਰਤਿਭਾ ਸਿੰਘ ਦੇ ਸਮਰਥਕਾਂ ਨੇ ਤਾਂ ਉਸ ਦੇ ਹੱਕ ’ਚ ਨਾਅਰੇਬਾਜ਼ੀ ਕਰਦਿਆਂ ਦਿੱਲੀ ਤੋਂ ਆਏ ਅਬਜ਼ਰਵਰਾਂ ਦੀ ਕਾਰ ਵੀ ਘੇਰੀ ਸੀ। ਅੱਜ ਵੀ ਜਦੋਂ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਸੀ ਤਾਂ ਪ੍ਰਤਿਭਾ ਸਿੰਘ ਦੇ ਸਮਰਥਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ।