ਸੁਖਬੀਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

ਸੁਖਬੀਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

ਵਰਕਿੰਗ ਕਮੇਟੀ ਸਮੇਤ ਸਾਰੇ ਵਿੰਗ ਵੀ ਭੰਗ ਕੀਤੇ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਗਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਮੁਤਾਬਕ ਕੋਰ ਕਮੇਟੀ ਸਮੇਤ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਵਰਕਿੰਗ ਕਮੇਟੀ, ਸਾਰੇ ਅਹੁਦੇਦਾਰ ਤੇ ਹੋਰ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਲੰਘੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਝੂੰਦਾਂ ਕਮੇਟੀ ਦੀ ਰਿਪੋਰਟ ’ਤੇ ਵਿਚਾਰ-ਚਰਚਾ ਕਰ ਕੇ ਇਸ ਨੂੰ ਪ੍ਰਵਾਨ ਕਰਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਫਾਰਸ਼ਾਂ ਲਾਗੂ ਕਰਨ ਦੇ ਅਧਿਕਾਰ ਵੀ ਦਿੱਤੇ ਸਨ। ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ ਅਤੇ ਪੰਥਕ ਤੇ ਪੰਜਾਬੀ ਹਿੱਤਾਂ ਤੋਂ ਇਲਾਵਾ ਕਦਰਾਂ ਕੀਮਤਾਂ ਅਨੁਸਾਰ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾਵੇ ਅਤੇ ਅਜਿਹਾ ਕਰਦਿਆਂ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ, ਕੇਡਰ ਤੇ ਲੀਡਰਸ਼ਿਪ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ। ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਵੇਂ ਸਿਰੇ ਤੋਂ ਪੁਨਰਗਠਿਤ ਕੀਤਾ ਜਾਵੇ। ਸਿਫਾਰਸ਼ਾਂ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪਾਰਟੀ ਪ੍ਰਧਾਨ ਹੁਣ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਸੀਨੀਅਰ ਸਾਥੀਆਂ ਦੇ ਨਾਲ-ਨਾਲ ਵਰਕਰਾਂ ਤੇ ਕੇਡਰ ਨਾਲ ਸਲਾਹ ਮਸ਼ਵਰਾ ਕਰਨਗੇ। ਸ੍ਰੀ ਬਾਦਲ ਵੱਖ-ਵੱਖ ਪੰਜਾਬੀ ਤੇ ਪੰਥਕ ਸ਼ਖ਼ਸੀਅਤਾਂ, ਖ਼ਾਸ ਕਰ ਕੇ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਤੇ ਸਿਆਸੀ ਬੁਲਾਰਿਆਂ, ਰਾਇ ਬਣਾਉਣ ਵਾਲਿਆਂ ਅਤੇ ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਅਧਿਆਪਕਾਂ, ਵਪਾਰੀਆਂ, ਸੁਆਣੀਆਂ ਤੇ ਨੌਜਵਾਨਾਂ ਆਦਿ ਸਮੇਤ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕਰਨਗੇ। ਕਮੇਟੀ ਨੇ ਨੌਜਵਾਨਾਂ ਦੀਆਂ ਇੱਛਾਵਾਂ ਮੁਤਾਬਕ ਢਾਂਚਾ ਬਣਾਉਣ ਦੀ ਲੋੜ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਵਿੱਚ ਪ੍ਰਮੁੱਖਤਾ ਨਾਲ ਪ੍ਰਤੀਨਿਧਤਾ ਦੇਣ ਦੀ ਗੱਲ ਕੀਤੀ ਹੈ।

ਬੁਲਾਰੇ ਨੇ ਕਿਹਾ ਕਿ ਪਾਰਟੀ ਦਾ ਨਵਾਂ ਜਥੇਬੰਦਕ ਢਾਂਚਾ ਤੇ ਇਸ ਦਾ ਅਕਸ ਨੌਜਵਾਨਾਂ ਦੀਆਂ ਇੱਛਾਵਾਂ, ਸੁਫ਼ਨਿਆਂ ਤੇ ਟੀਚਿਆਂ ਦੇ ਨਾਲ-ਨਾਲ ਰਵਾਇਤੀ ਸਿਧਾਂਤਾਂ, ਕਦਰਾਂ ਕੀਮਤਾਂ ਜੋ ਸਾਨੂੰ ਪੰਥ ਤੇ ਪੰਜਾਬ ਲਈ ਬੀਤੇ ਸਮੇਂ ਵਿੱਚ ਸੰਘਰਸ਼ ਕਰਦਿਆਂ ਮਿਲੇ, ਦੀ ਪ੍ਰਤੀਨਿਧਤਾ ਕਰਦਾ ਹੋਵੇਗਾ ਤੇ ਪੰਜਾਬ ਤੇ ਪੰਥ ਦੇ ਹਿੱਤ ਹਮੇਸ਼ਾ ਪਾਰਟੀ ਦੇ ਪੁਨਰਗਠਨ ਵੇਲੇ ਮਾਰਗ ਦਰਸ਼ਕ ਬਣੇ ਰਹਿਣਗੇ।

ਨਵੇਂ ਢਾਂਚੇ ’ਚ ਸਾਰੇ ਵਰਗਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਣ ਦੀ ਲੋੜ: ਝੂੰਦਾਂ
ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨਾ ਸਵਾਗਤਯੋਗ ਕਦਮ ਹੈ ਕਿਉਂਕਿ ਇਹ ਫੈਸਲਾ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਹੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਅਤੇ ਕੋਰ ਕਮੇਟੀ ਦੇ ਗਠਨ ਸਮੇਂ ਇਹ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਕਿ ਸਾਰੀਆਂ ਕਮੇਟੀਆਂ ਅਤੇ ਵਿੰਗਾਂ ਵਿੱਚ ਨੌਜਵਾਨਾਂ, ਔਰਤਾਂ ਅਤੇ ਹੋਰਨਾਂ ਸਾਰੇ ਵਰਗਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇ ਤਾਂ ਜੋ ਵਰਕਰਾਂ ਅਤੇ ਲੋਕਾਂ ਵਿੱਚ ਅਕਾਲੀ ਦਲ ਦਾ ਇਕ ਨਵਾਂ ਅਕਸ ਉਭਾਰਿਆ ਜਾ ਸਕੇ।