ਸੁਖਬੀਰ ਵੱਲੋਂ ਮੁੱਖ ਮੰਤਰੀ ’ਤੇ ਵੱਡੇ ਬਾਦਲ ਖ਼ਿਲਾਫ਼ ਗੁੰਮਰਾਹਕੁਨ ਪ੍ਰਚਾਰ ਦੇ ਦੋਸ਼

ਸੁਖਬੀਰ ਵੱਲੋਂ ਮੁੱਖ ਮੰਤਰੀ ’ਤੇ ਵੱਡੇ ਬਾਦਲ ਖ਼ਿਲਾਫ਼ ਗੁੰਮਰਾਹਕੁਨ ਪ੍ਰਚਾਰ ਦੇ ਦੋਸ਼

ਦਸ ਦਿਨਾਂ ਵਿੱਚ ਮੁਆਫ਼ੀ ਨਾ ਮੰਗਣ ’ਤੇ ਮਾਣਹਾਨੀ ਦਾ ਦਾਅਵਾ ਠੋਕਣ ਦੀ ਚਿਤਾਵਨੀ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਹਿਲੀ ਨਵੰਬਰ ਨੂੰ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਖ਼ਿਲਾਫ਼ ਝੂਠਾ ਤੇ ਨਿਰਆਧਾਰ ਪ੍ਰਚਾਰ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਚਤਿਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ 10 ਦਿਨਾਂ ਦੇ ਅੰਦਰ ਜਨਤਕ ਤੌਰ ’ਤੇ ਮੁਆਫ਼ੀ ਨਾ ਮੰਗੀ ਤਾਂ ਉਹ ਉਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਈ ਬਹਿਸ ‘ਵਨ ਮੈਨ ਸ਼ੋਅ’ ਸੀ ਜਿਸ ਦਾ ਸਾਰੀ ਵਿਰੋਧੀ ਧਿਰਾਂ ਨੇ ਬਾਈਕਾਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅਕਸ ਖਰਾਬ ਕਰਨ ਲਈ ਇਹ ਦਾਅਵਾ ਕੀਤਾ ਸੀ ਕਿ 1998 ਵਿੱਚ ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਬਾਲਾਸਰ ਵਿੱਚ ਬਾਦਲ ਫਾਰਮ ਤੱਕ ਨਹਿਰ ਲਜਿਾਣ ਲਈ ਭਾਖੜਾ ਮੇਨ ਲਾਈਨ ਨਹਿਰ ਦੀ ਉਚਾਈ ਉੱਚੀ ਚੁੱਕੀ। ਉਨ੍ਹਾਂ ਕਿਹਾ ਕਿ ਇਹ ਦਾਅਵਾ ਸੱਚ ਤੋਂ ਕੋਹਾਂ ਦੂਰ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਐਮਰਜੈਂਸੀ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੇਲ੍ਹ ਵਿੱਚ ਰਹਿੰਦਿਆਂ ਐੱਸਵਾਈਐੱਲ ਦੀ ਉਸਾਰੀ ਲਈ ਲਿਖੀ ਇਕ ਵੀ ਚਿੱਠੀ ਦਿਖਾਉਣ। ਉਨ੍ਹਾਂ ਕਿਹਾ ਕਿ ਇਸ ਦੌਰਾਨ ਇਹ ਵੀ ਝੂਠ ਬੋਲਿਆ ਗਿਆ ਕਿ ਬਾਦਲ ਪਰਿਵਾਰ ਦੀਆਂ 62 ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਵਿੱਚ ਹੋਟਲ ਵਾਲੀ ਜ਼ਮੀਨ ਬਾਦਲ ਪਰਿਵਾਰ ਨੇ 1989 ਵਿੱਚ ਸਨਅਤ ਨੀਤੀ ਤਹਤਿ ਅਪਲਾਈ ਕਰ ਕੇ ਹਾਸਲ ਕੀਤੀ ਸੀ ਜਦੋਂਕਿ ਐੱਸਵਾਈਐੱਲ ਨਹਿਰ ਪ੍ਰਾਜੈਕਟ ਨੂੰ 1976 ਵਿੱਚ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਨੇ ਸਿਧਾਂਤਕ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਸ੍ਰੀ ਭਗਵੰਤ ਮਾਨ ਨੂੰ ਇਹ ਵੀ ਚੇਤੇ ਕਰਵਾਉਣਾ ਚਾਹੁੰਦੇ ਹਨ ਕਿ ਜਦੋਂ 1979 ਵਿੱਚ ਦੇਵੀ ਲਾਲ ਨੇ ਐੱਸਵਾਈਐੱਲ ਨਹਿਰ ਦੀ ਉਸਾਰੀ ਲਈ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਸੀ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 ਨੂੰ ਚੁਣੌਤੀ ਦਿੱਤੀ ਸੀ ਤਾਂ ਜੋ ਨਹਿਰ ਦੀ ਉਸਾਰੀ ਰੋਕੀ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਆਪ ਕਪੂਰੀ ਮੋਰਚੇ ਦੀ ਅਗਵਾਈ ਕੀਤੀ ਸੀ ਤਾਂ ਜੋ ਨਹਿਰ ਨਾ ਉਸਾਰੀ ਜਾਵੇ।