ਸੁਖਬੀਰ ਵੱਲੋਂ ਪੰਥਕ ਸਲਾਹਕਾਰ ਬੋਰਡ ਦੇ ਗਠਨ ਦਾ ਐਲਾਨ

ਸੁਖਬੀਰ ਵੱਲੋਂ ਪੰਥਕ ਸਲਾਹਕਾਰ ਬੋਰਡ ਦੇ ਗਠਨ ਦਾ ਐਲਾਨ

ਪਰਮਜੀਤ ਸਰਨਾ ਤੇ ਬੀਬੀ ਕਿਰਨਜੋਤ ਨੂੰ ਵੀ ਮਿਲੀ ਸਲਾਹਕਾਰ ਬੋਰਡ ਵਿੱਚ ਥਾਂ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਵੱਲੋਂ ਸਿੱਖ ਸ਼ਖ਼ਸੀਅਤਾਂ ’ਤੇ ਆਧਾਰਿਤ ਪੰਥਕ ਸਲਾਹਕਾਰ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨਾਂ ਸਣੇ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਵੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਨਾਲ ਸਬੰਧਤ ਜਿਨ੍ਹਾਂ ਸਾਬਕਾ ਗਰਮ ਦਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੋਇਆ ਹੈ, ਉਨ੍ਹਾਂ ਨੂੰ ਵੀ ਪੰਥਕ ਸਲਾਹਕਾਰ ਬੋਰਡ ਦੇ ਮੈਂਬਰ ਬਣਾਇਆ ਗਿਆ ਹੈ। ਇਸ ਬੋਰਡ ਵਿੱਚ ਸ਼ਾਮਲ ਕੀਤੇ ਗਏ ਆਗੂਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਪਾਰਟੀ ਦੇ ਸਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਗੁਲਜ਼ਾਰ ਸਿੰਘ ਰਾਣੀਕੇ, ਡਾ. ਦਲਜੀਤ ਸਿੰਘ ਚੀਮਾ, ਅਲਵਿੰਦਰਪਾਲ ਸਿੰਘ ਪੱਖੋਕੇ, ਸੁੱਚਾ ਸਿੰਘ ਛੋਟੇਪੁਰ, ਵਿਰਸਾ ਸਿੰਘ ਵਲਟੋਹਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਗੁਰਚਰਨ ਸਿੰਘ ਗਰੇਵਾਲ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਕਰਨੈਲ ਸਿੰਘ ਪੀਰਮਹੁੰਮਦ, ਸ਼੍ਰੋਮਣੀ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਕਿਰਨਜੋਤ ਕੌਰ, ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ, ਰਣਜੀਤ ਕੌਰ, ਬਾਬਾ ਬੂਟਾ ਸਿੰਘ, ਜਗਜੀਤ ਸਿੰਘ ਤਲਵੰਡੀ, ਪ੍ਰਿਤਪਾਲ ਸਿੰਘ ਪਾਲੀ ਤੇ ਬਾਬਾ ਟੇਕ ਸਿੰਘ ਧਨੌਲਾ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਨੂੰ ਪਹਿਲੀ ਵਾਰੀ ਪਾਰਟੀ ਦੀ ਕਿਸੇ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ। ਕਰਨਜੋਤ ਕੌਰ ਨੇ ਆਪਣੀ ਨਿਯੁਕਤੀ ਬਾਰੇ ਬੋਲਦਿਆਂ ਕਿਹਾ ਕਿ ਪਾਰਟੀ ਵੱਲੋਂ ਪੰਥਕ ਸੋਚ ਨੂੰ ਉਭਾਰਨ ਦੇ ਯਤਨ ਸੰਜੀਦਾ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਗੱਲ ਸਪੱਸ਼ਟ ਹੈ ਕਿ ਅਕਾਲੀ ਦਲ ਪੰਥਕ ਸੋਚ ਤੋਂ ਥਿੜਕ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਰੁਖ਼ਸਤ ਹੋਣ ਮਗਰੋਂ ਪਾਰਟੀ ਦੀ ਪੰਥਕ ਸੋਚ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ ਤੇ ਇਸ ਦਿਸ਼ਾ ਵੱਲ ਮੁੜ ਪੈਰ ਸਿਰ ਹੋਣ ਲਈ ਪੰਥ ਸੋਚ ’ਤੇ ਦ੍ਰਿੜ ਹੋਣਾ ਸਮੇਂ ਦੀ ਲੋੜ ਹੈ। ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਬੋਰਡ ਪਾਰਟੀ ਨੂੰ ਪੰਥਕ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨ ਦੀ ਰਣਨੀਤੀ ’ਤੇ ਵਿਚਾਰ ਕਰਨ ਦਾ ਰੋਡ ਮੈਪ ਤਿਆਰ ਕਰਕੇ ਦੇਵੇਗਾ।