ਸੁਖਬੀਰ ਦੀ ਅਗਵਾਈ ਹੇਠ ਅਕਾਲੀ ਦਲ ਦਾ ਵਫ਼ਦ ਯੋਗੀ ਆਦਿੱਤਿਆਨਾਥ ਨੂੰ ਮਿਲਿਆ

ਸੁਖਬੀਰ ਦੀ ਅਗਵਾਈ ਹੇਠ ਅਕਾਲੀ ਦਲ ਦਾ ਵਫ਼ਦ ਯੋਗੀ ਆਦਿੱਤਿਆਨਾਥ ਨੂੰ ਮਿਲਿਆ

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲਖਨਊ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਿਆ। ਇਸ ਦੌਰਾਨ ਅਕਾਲੀ ਦਲ ਦੇ ਵਫ਼ਦ ਨੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸਿੱਖਾਂ ਦੇ ਮਸਲੇ ਸ੍ਰੀ ਯੋਗੀ ਕੋਲ ਉਠਾਏ। ਸ੍ਰੀ ਯੋਗੀ ਨੇ ਵਫਦ ਵੱਲੋਂ ਧਿਆਨ ਵਿੱਚ ਲਿਆਂਦੇ ਗਏ ਸਿੱਖ ਕੌਮ ਦੇ ਸਾਰੇ ਲਟਕਦੇ ਮਸਲੇ ਹੱਲ ਕਰਨ ਤੇ 2014 ਵਿੱਚ ਸਹਾਰਨਪੁਰ ’ਚ ਗੁਰਦੁਆਰੇ ਦੀ ਜਗ੍ਹਾ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ ਵਿੱਚ ਸਿੱਖਾਂ ਖ਼ਿਲਾਫ਼ ਦਰਜ ਸਾਰੇ ਕੇਸ ਵਾਪਸ ਲੈਣ ਦਾ ਭਰੋਸਾ ਦਿਵਾਇਆ। ਇਸ ਮੁਲਾਕਾਤ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਯੋਗੀ ਆਦਿੱਤਿਆਨਾਥ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸੱਦੇ ਹੋਏ ਸਨ ਤਾਂ ਜੋ ਸਿੱਖ ਕੌਮ ਦੀ ਭਲਾਈ ਨਾਲ ਸਬੰਧਤ ਸਾਰੇ ਮਾਮਲਿਆਂ ਬਾਰੇ ਮੌਕੇ ’ਤੇ ਹੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਸ੍ਰੀ ਬਾਦਲ ਨੇ ਕਿਹਾ ਕਿ ਭਾਵੇਂ ਕਿ ਯੋਗੀ ਆਦਿੱਤਿਆਨਾਥ ਦੇ ਦਖ਼ਲ ਸਦਕਾ 2020 ਵਿੱਚ ਸਿੱਖ ਕਿਸਾਨਾਂ ਦਾ ਕਾਸ਼ਤ ਕੀਤੀ ਜਾ ਰਹੀ ਜ਼ਮੀਨ ਤੋਂ ਉਜਾੜਾ ਰੁਕ ਗਿਆ ਸੀ ਪਰ ਕੁਝ ਮਾਮਲਿਆਂ ਵਿੱਚ ਸਿੱਖ ਕਿਸਾਨਾਂ ਨੂੰ ਥਾਂ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ।