ਸੁਖਬੀਰ ਤੇ ਮਨਪ੍ਰੀਤ ਨੇ ਬਾਦਲ ਦੀ ਯਾਦ ’ਚ ਟਾਹਲੀ ਦਾ ਬੂਟਾ ਲਾਇਆ

ਸੁਖਬੀਰ ਤੇ ਮਨਪ੍ਰੀਤ ਨੇ ਬਾਦਲ ਦੀ ਯਾਦ ’ਚ ਟਾਹਲੀ ਦਾ ਬੂਟਾ ਲਾਇਆ

ਗੁਰਦਾਸ ਬਾਦਲ ਦੀ ਯਾਦ ’ਚ ਲੱਗੇ ਬੂਟੇ ਨੇੜੇ ਲਾਇਆ ਬੂਟਾ
ਲੰਬੀ- ਬਾਦਲ ਪਰਿਵਾਰ ਵੱਲੋਂ ਅੱਜ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਟਾਹਲੀ ਦਾ ਇੱਕ ਬੂਟਾ ਲਾਇਆ ਗਿਆ। ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਅੱਜ ਪਿੰਡ ਬਾਦਲ ਵਿੱਚ ਮਨਪ੍ਰੀਤ ਬਾਦਲ ਦੀ ਢਾਣੀ ਵਿੱਚ ਮਰਹੂਮ ਗੁਰਦਾਸ ਬਾਦਲ ਦੀ ਯਾਦ ਵਿੱਚ ਲੱਗੇ ਬੂਟੇ ਕੋਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ’ਚ ਇਹ ਬੂਟਾ ਲਾਇਆ। ਜ਼ਿਕਰਯੋਗ ਹੈ ਕਿ 2020 ਵਿੱਚ ਸਾਬਕਾ ਸੰਸਦ ਮੈਂਬਰ ਗੁਰਦਾਸ ਬਾਦਲ ਦੇ ਦੇਹਾਂਤ ਮਗਰੋਂ ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਦੀ ਯਾਦ ਵਿੱਚ ਇਸ ਥਾਂ ਟਾਹਲੀ ਦਾ ਬੂਟਾ ਲਾਇਆ ਸੀ।

ਆਪਣੇ ਪਿਤਾ ਦੀ ਯਾਦ ਵੱਚ ਬੂਟਾ ਲਾਉਣ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦਿਆਂ ਕਿਹਾ, ‘ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਚਾਚਾ ਜੀ ਸਰਦਾਰ ਗੁਰਦਾਸ ਸਿੰਘ ਬਾਦਲ ਦਾ ਇੱਕ-ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। ਵੀਰ ਮਨਪ੍ਰੀਤ ਨੇ ਚਾਚਾ ਜੀ ਦੀ ਯਾਦ ’ਚ ਆਪਣੇ ਘਰ ਜਿੱਥੇ ਟਾਹਲੀ ਦਾ ਬੂਟਾ ਲਗਾਇਆ ਸੀ। ਅੱਜ ਅਸੀਂ ਭਰਾਵਾਂ ਨੇ ਮਿਲ ਕੇ ਉਸ ਦੇ ਨਾਲ ਬਾਦਲ ਸਾਬ੍ਹ ਦੀ ਯਾਦ ’ਚ ਵੀ ਟਾਹਲੀ ਦਾ ਬੂਟਾ ਲਗਾਇਆ ਹੈ। ਇਹ ਦੋਵੇਂ ਬੂਟੇ ‘ਪਾਸ਼-ਦਾਸ’ ਦੀ ਜੋੜੀ ਵਜੋਂ ਪੂਰੇ ਬਾਦਲ ਪਰਿਵਾਰ ਨੂੰ ਠੰਢੀ ਛਾਂ ਦਿੰਦੇ ਰਹਿਣਗੇ।’ ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਪੇਸ਼ ’ਤੇ ਸ਼ੇਅਰ ਕੀਤਾ ਹੈ।