ਸੁਖਪਾਲ ਖਹਿਰਾ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ

ਸੁਖਪਾਲ ਖਹਿਰਾ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ

ਫ਼ਾਜ਼ਿਲਕਾ/ਜਲਾਲਾਬਾਦ- ਨਸ਼ਾ ਤਸਕਰੀ ਦੇ 2015 ਦੇ ਮਾਮਲੇ ਵਿੱਚ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਿਛਲੇ ਕੁਝ ਦਿਨਾਂ ਤੋਂ ਨਿਆਂਇਕ ਹਿਰਾਸਤ ਹੇਠ ਨਾਭਾ ਜੇਲ੍ਹ ਵਿੱਚ ਬੰਦ ਹਨ ਪਰ ਅੱਜ ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਜਗਮੋਹਨ ਸਾਂਘਾ ਦੀ ਅਦਾਲਤ ਨੇ ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਗ਼ੌਰ ਕਰਦਿਆਂ ਹੇਠਲੀ ਅਦਾਲਤ ਨੂੰ ਦੁਬਾਰਾ ਪੁਲੀਸ ਰਿਮਾਂਡ ਦੇਣ ਦਾ ਹੁਕਮ ਸੁਣਾਇਆ।

ਇਸ ਦੌਰਾਨ ਅੱਜ ਜਲਾਲਾਬਾਦ ਦੇ ਜੱਜ ਰਾਮਪਾਲ ਦੀ ਅਦਾਲਤ ਵਿੱਚ ਦੋਵਾਂ ਧਿਰਾਂ ਨੇ ਆਪਣੇ ਪੱਖ ਰੱਖੇ। ਦੋਵਾਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਅੰਤਿਮ ਫੈਸਲਾ ਸੁਣਾਉਂਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 12 ਅਕਤੂਬਰ ਤੱਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ। ਇਸ ਮਗਰੋਂ ਖਹਿਰਾ ਦੇ ਵਕੀਲ ਸੰਜੀਵ ਕੰਬੋਜ ਅਤੇ ਮਿੱਤਲ ਕੁਮਾਰ ਮਿੱਡਾ ਵੱਲੋਂ ਵਿਧਾਇਕ ਤੋਂ ਪੁੱਛ-ਪੜਤਾਲ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕਰਨ ਸਬੰਧੀ ਅਰਜ਼ੀ ਦਾਇਰ ਕੀਤੀ ਗਈ।

ਉਧਰ, ਪੰਜਾਬ ਪੁਲੀਸ ਦੀ ਦਲੀਲ ਸੀ ਕਿ ਮੁਲਜ਼ਮ ਕਸ਼ਮੀਰ ਸਿੰਘ ਉਰਫ਼ ਬਿੱਲਾ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਹਮਣੋ-ਸਾਹਮਣੇ ਬਿਠਾ ਕੇ ਅੰਮ੍ਰਿਤਸਰ ਵਿਸ਼ੇਸ਼ ਸੈਂਟਰ ਵਿਚ ਪੁੱਛ-ਪੜਤਾਲ ਕਰਨੀ ਹੈ। ਭਾਵੇਂ ਇਸ ਅਰਜ਼ੀ ’ਤੇ ਫੈਸਲਾ ਆਉਣਾ ਅਜੇ ਬਾਕੀ ਸੀ ਪਰ ਅਦਾਲਤ ਵੱਲੋਂ 12 ਅਕਤੂਬਰ ਤੱਕ ਪੁਲੀਸ ਹਿਰਾਸਤ ਵਿੱਚ ਰੱਖਣ ਦੇ ਹੁਕਮ ਹੋਣ ਤੋਂ ਬਾਅਦ ਪੰਜਾਬ ਪੁਲੀਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਜਲਾਲਾਬਾਦ ਤੋਂ ਫ਼ਾਜ਼ਿਲਕਾ ਲਈ ਰਵਾਨਾ ਹੋ ਗਈ। ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਪੀ (ਡੀ) ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ੍ਰੀ ਖਹਿਰਾ ਦੀ ਨਸ਼ਾ ਤਸਕਰੀ ਮਾਮਲੇ ਵਿਚ ਪੁਲੀਸ ਨੂੰ ਹੋਰ ਪੜਤਾਲ ਦੀ ਜ਼ਰੂਰਤ ਸੀ।