ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮੁੜ ਵਧਿਆ

ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮੁੜ ਵਧਿਆ

ਖਤਰੇ ਦੇ ਨਿਸ਼ਾਨ ਤੋਂ ਸਵਾ ਫੁੱਟ ਹੇਠਾਂ ਪੁੱਜਿਆ ਪਾਣੀ; ਲੋੜ ਪੈਣ ’ਤੇ ਮੁੜ ਖੋਲ੍ਹੇ ਜਾਣਗੇ ਫਲੱਡ ਗੇਟ
ਚੰਡੀਗੜ੍ਹ- ਸਿਟੀ ਬਿਊਟੀਫੁੱਲ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਪੰਜ ਦਿਨਾਂ ਤੋਂ ਮੌਸਮ ਸਾਫ਼ ਹੈ ਪਰ ਅੱਜ ਸਵੇਰੇ ਕੁੱਝ ਸਮੇਂ ਲਈ ਪਏ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮੁੜ ਵਧ ਗਿਆ ਹੈ। ਸ਼ਾਮ ਵੇਲੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਸਵਾ ਕੁ ਫੁੱਟ ਥੱਲੇ ਰਹਿ ਗਿਆ ਸੀ।
ਝੀਲ ਵਿੱਚ ਪਾਣੀ 1161.80 ਫੁੱਟ ਦੇ ਕਰੀਬ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਯੂਟੀ ਪ੍ਰਸ਼ਾਸਨ ਨੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ 24 ਘੰਟੇ ਮੁਸ਼ਤੈਦ ਕਰ ਦਿੱਤਾ ਹੈ, ਜੋ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਨਜ਼ਰ ਰੱਖ ਰਹੇ ਹਨ। ਜ਼ਿਰਕਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਹਫ਼ਤੇ 72 ਘੰਟਿਆਂ ਵਿੱਚ 572 ਐੱਮਐੱਮ ਮੀਂਹ ਪਿਆ ਸੀ, ਜਿਸ ਕਰਕੇ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ ਸੀ। ਇਸ ਦੇ ਨਾਲ ਹੀ ਸੁਖਨਾ ਝੀਲ ’ਚ ਵੀ ਸ਼ਹਿਰ ਤੇ ਆਲੇ-ਦੁਆਲੇ ਦਾ ਪਾਣੀ ਪਹੁੰਚਣ ਕਰਕੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ 1165 ਫੁੱਟ ਦੇ ਕਰੀਬ ਪਹੁੰਚ ਗਿਆ ਸੀ, ਜਿਸ ਕਾਰਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ ਸਨ, ਜੋ ਕਿ ਦੋ ਦਿਨਾਂ ਬਾਅਦ ਬੰਦ ਕੀਤੇ ਗਏ ਸਨ।
ਹੁਣ ਮੁੜ ਸੁਖਨਾ ਝੀਲ ’ਚ ਇਕ ਫੁੱਟ ਪਾਣੀ ਵਧਣ ਤੋਂ ਬਾਅਦ ਪਾਣੀ ਦਾ ਪੱਧਰ 1161.80 ਫੁੱਟ ’ਤੇ ਪਹੁੰਚ ਗਿਆ ਹੈ, ਜੇਕਰ ਪਾਣੀ ਹੋਰ ਵਧਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਮੁੜ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣਗੇ।
ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਹੜ੍ਹ ਵਾਲੇ ਗੇਟਾਂ ਦੇ ਨਜ਼ਦੀਕ 24 ਘੰਟੇ ਨਿਗਰਾਨੀ ਲਈ ਪ੍ਰਬੰਧ ਕੀਤੇ ਹਨ। ਇਸ ਥਾਂ ’ਤੇ ਪ੍ਰਸ਼ਾਸਨ ਨੇ ਫਲੱਡ ਲਾਈਟਾਂ ਤੇ ਸਾਊਂਡ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਪਾਣੀ ਵਧਣ ਦੀ ਸੂਰਤ ਵਿੱਚ ਸੁਖਨਾ ਝੀਲ ’ਤੇ ਲੋਕਾਂ ਨੂੰ ਸੂਚਿਤ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਾਲ 2022 ਤੇ 2021 ਵਿੱਚ ਫਲੱਡ ਗੇਟ ਕਈ ਵਾਰ ਖੋਲ੍ਹੇ ਗਏ ਸਨ। ਜਦੋਂ ਕਿ ਸਾਲ 2020 ਵਿੱਚ ਪਾਣੀ ਵਧਣ ਕਰਕੇ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਕਿਸ਼ਨਗੜ੍ਹ, ਬਲਟਾਨਾ, ਜ਼ੀਰਕਪੁਰ ਦੇ ਵੀ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ। ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ ਪਰ ਹੜ੍ਹ ਵਾਲੇ ਗੇਟ ਖੋਲ੍ਹਣ ਦੀ ਲੋੜ ਨਹੀਂ ਪਈ। ਸਾਲ 2018 ਵਿੱਚ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਰਕੇ 2-3 ਘੰਟੇ ਹੜ੍ਹ ਵਾਲੇ ਗੇਟ ਖੋਲ੍ਹੇ ਗਏ ਸੀ। ਉਸ ਤੋਂ ਪਹਿਲਾਂ ਸਾਲ 2008 ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਗੇਟ ਖੋਲ੍ਹੇ ਗਏ ਸੀ।