ਸੀਚੇਵਾਲ ਨੇ ਰਾਜ ਸਭਾ ਵਿੱਚ ਦੋ ਜ਼ਿਲ੍ਹਿਆਂ ’ਚ ਪਾਣੀ ਇਕੱਠਾ ਹੋਣ ਦਾ ਮੁੱਦਾ ਚੁੱਕਿਆ

ਸੀਚੇਵਾਲ ਨੇ ਰਾਜ ਸਭਾ ਵਿੱਚ ਦੋ ਜ਼ਿਲ੍ਹਿਆਂ ’ਚ ਪਾਣੀ ਇਕੱਠਾ ਹੋਣ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ – ਵਾਤਾਵਰਨ ਪ੍ਰੇਮੀ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਉਪਰਲੇ ਸਦਨ ਵਿੱਚ ਮਾਲਵਾ ਦੇ ਮੁਕਤਸਰ ਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਲਗਾਤਾਰ ਪਾਣੀ ਭਰਨ ਦਾ ਮੁੱਦਾ ਰੱਖਿਆ। ਉਨ੍ਹਾਂ ਕਿਹਾ ਕਿ ਪਾਣੀ ਨੂੰ ਪਾਕਿਸਤਾਨ ਵਾਲੇ ਪਾਸੇ ਨਿਕਾਸੀ ਦਾ ਰਾਹ ਨਹੀਂ ਮਿਲਦਾ, ਜਿਸ ਕਰਕੇ ਨਾ ਸਿਰਫ਼ ਖੇਤੀ ਜਿਣਸਾਂ ਨੂੰ ਨੁਕਸਾਨ ਪਹੁੰਚਦਾ ਹੈ ਬਲਕਿ ਜਲ ਪ੍ਰਦੂਸ਼ਣ ਕਰਕੇ ਗੰਭੀਰ ਰੋਗਾਂ ਦੇ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਿਫਰ ਕਾਲ ਦੌਰਾਨ ਕੀਤੀ ਤਕਰੀਰ ਮਗਰੋਂ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਨੇ ਪੰਜਾਬੀ ਵਿੱਚ ਬੋਲਦਿਆਂ ਸੀਚੇਵਾਲ ਦੀ ਤਾਰੀਫ਼ ਕੀਤੀ। ਨਾਇਡੂ ਨੇ ਕਿਹਾ, ‘‘ਤੁਸੀਂ ਚੰਗਾ ਬੋਲਿਆ ਹੈ…ਆਪਕੋ ਅਭਿਨੰਦਨ।’’

ਰਾਜ ਸਭਾ ਵਿੱਚ ਅੱਜ ਸਿਫ਼ਰ ਕਾਲ ਦੌਰਾਨ ਸੀਚੇਵਾਲ ਨੇ ਕਿਹਾ ਕਿ ਫ਼ਾਜ਼ਿਲਕਾ ਵਿੱਚ ਕੁੱਲ ਮਿਲਾ ਕੇ 22 ਡਰੇਨਾਂ ਇਕ ਦੂਜੇ ਨੂੰ ਆ ਕੇ ਮਿਲਦੀਆਂ ਹਨ, ਪਰ ਗੁਆਂਂਢੀ ਮੁਲਕ ਵਿੱਚ ਅੱਗੇ ਰਾਹ ਬੰਦ ਹੋਣ ਕਰਕੇ ਪਾਣੀ ਪਾਕਿਸਤਾਨ ਵਾਲੇ ਪਾਸੇ ਨਹੀਂ ਜਾਂਦਾ। ਸ੍ਰੀ ਸੀਚੇਵਾਲ ਨੇ ਕਿਹਾ, ‘‘ਪਾਕਿਸਤਾਨ ਵਾਲੇ ਪਾਸੇ ਬੰਦ ਹੋਣ ਕਰਕੇ ਪਾਣੀ ਉਧਰ ਦਾਖ਼ਲ ਨਹੀਂ ਹੋ ਸਕਦਾ। ਪਾਣੀ ਦੀ ਨਿਕਾਸੀ ਲਈ ਕੋਈ ਰਾਹ ਨਾ ਹੋਣ ਕਰਕੇ ਪੂਰਾ ਫ਼ਾਜ਼ਿਲਕਾ ਖੇਤਰ ਪਾਣੀ ਵਿੱਚ ਡੁੱਬ ਜਾਂਦਾ ਹੈ ਤੇ ਉਥੋਂ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ। ਪਾਣੀ ਭਰਨ ਕਰਕੇ ਇਸ ਖੇਤਰ ਨੂੰ ਗੰਭੀਰ ਰੋਗਾਂ ਤੇ ਪ੍ਰਦੂਸ਼ਣ ਦੀ ਵੱਡੀ ਮਾਰ ਪਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਤੋਂ ਬਾਅਦ ਦੂਜੇ ਪਿੰਡ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚੇ ਪੈਦਾ ਹੋ ਰਹੇ ਹਨ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਦਖ਼ਲ ਦੇ ਕੇ ਪਾਕਿਸਤਾਨ ਨਾਲ ਇਸ ਮਸਲੇ ’ਤੇ ਗੱਲ ਕਰੇ ਤਾਂ ਕਿ ਪਾਣੀ ਨੂੰ ਗੁਆਂਢੀ ਮੁਲਕ ਵਾਲੇ ਪਾਸੇ ਨਿਕਲਣ ਦਾ ਰਾਹ ਮਿਲ ਸਕੇ।’’ ਉਨ੍ਹਾਂ ਰਾਜ ਸਭਾ ਨੂੰ ਦੱਸਿਆ ਕਿ ਪਾਣੀ ਭਰਨ ਕਰਕੇ ਉਪਰੋਕਤ ਦੋਵਾਂ ਜ਼ਿਲ੍ਹਿਆਂ ਵਿੱਚ ਖੇਤੀ ਯੋਗ ਜ਼ਮੀਨ ਦਾ ਵੱਡਾ ਰਕਬਾ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਸਾਨਾਂ ਲਈ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ, ‘‘ਨਰਮੇ ਤੇ ਝੋਨੇ ਦੀ ਫ਼ਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ। ਪਰਿਵਾਰਾਂ ਕੋਲ ਹੋਰ ਕੋਈ ਬਦਲ ਨਹੀਂ ਹੈ। ਗੱਦਾ ਪਿੰਡ ਦਾ ਪੰਚ ਤੇ ਕਿਸਾਨ ਸਰਦਾਰ ਨਿਰੰਜਨ ਸਿੰਘ ਤਾਂ ਖੁਦਕੁਸ਼ੀ ਕਰ ਗਿਆ ਸੀ। ਮਾਲੀਆ ਵਿਭਾਗ ਮੁਤਾਬਕ ਮੁਕਤਸਰ ’ਚ ਇਕ ਲੱਖ ਏਕੜ ਖੇਤੀਯੋਗ ਜ਼ਮੀਨ ਤੇ ਫ਼ਾਜ਼ਿਲਕਾ ’ਚ 41000 ਏਕੜ ਜ਼ਮੀਨ ਨੁਕਸਾਨੀ ਗਈ ਹੈ। ਲੋਕ ਕਰਜ਼ੇ ਹੇਠ ਦੱਬੇ ਹਨ ਤੇ ਉਨ੍ਹਾਂ ਕੋਲ ਚਾਰ ਸਾਲਾਂ ਤੋਂ ਕੋਈ ਪੈਦਾਵਾਰ ਨਹੀਂ ਹੈ।’’ ਸੀਚੇਵਾਲ ਨੇ ਕਿਹਾ ਕਿ ਇਨ੍ਹਾਂ ਦੋ ਜ਼ਿਲ੍ਹਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਤੋਂ ਛੁਟਕਾਰੇ ਲਈ ਸਰਕਾਰਾਂ ਮਿਲ ਕੇ ਕੰਮ ਕਰਨ ਤਾਂ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਰੋਕ ਸਕੀੲੇ।