ਸਿੱਖ ਹੋਣ ਕਾਰਨ ਕੁਝ ਰਿਪਬਲਿਕਨ ਮੈਨੂੰ ਨਿਸ਼ਾਨਾ ਬਣਾ ਰਹੇ ਹਨ : ਹਰਮੀਤ ਕੌਰ

ਸਿੱਖ ਹੋਣ ਕਾਰਨ ਕੁਝ ਰਿਪਬਲਿਕਨ ਮੈਨੂੰ ਨਿਸ਼ਾਨਾ ਬਣਾ ਰਹੇ ਹਨ : ਹਰਮੀਤ ਕੌਰ

‘ਮੈਂ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੀ ਹਾਂ’
ਵਾਸ਼ਿੰਗਟਨ : ਅਟਾਰਨੀ ਹਰਮੀਤ ਕੌਰ ਢਿੱਲੋਂ, ਜੋ ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ, ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਿੱਖ ਧਰਮ ਨਾਲ ਸਬੰਧਤ ਹੋਣ ਕਾਰਨ ਪਾਰਟੀ ਦੇ ਕੁਝ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਉਹ ਹਾਰ ਨਹੀਂ ਮੰਨੇਗੀ ਅਤੇ ਚੋਟੀ ਦੇ ਅਹੁਦੇ ਦੀ ਦੌੜ ਵਿਚ ਜਾਰੀ ਰਹੇਗੀ। ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਸਾਬਕਾ ਸਹੀ-ਪ੍ਰਧਾਨ ਢਿੱਲੋਂ (54) ਦੇ ਸਾਹਮਣੇ ਇਸ ਵਾਸਤੇ ਪ੍ਰਭਾਵਸ਼ਾਲੀ ਨੇਤਾ ਅਤੇ ਆਰ.ਐਨ.ਸੀ. ਦੀ ਪ੍ਰਧਾਨ ਰੋਨਾ ਮੈਕਡੈਨੀਅਲ ਦੀ ਚੁਣੌਤੀ ਹੈ।
ਹਰਮੀਤ ਕੌਰ ਨੇ ਸੋਮਵਾਰ ਨੂੰ ਟਵਿੱਟਰ ’ਤੇ ਕਿਹਾ ਕਿ ਉਸ ਦੇ ਧਰਮ ਕਾਰਨ ਉਸ ’ਤੇ ਕੀਤੇ ਜਾਣ ਵਾਲੇ ਹਮਲੇ ਉਸ ਨੂੰ ਜਾਂ ਉਸ ਦੀ ਟੀਮ ਨੂੰ ਆਰ.ਐਨ.ਸੀ. ਵਿਚ ਜਵਾਬਦੇਹੀ, ਪਾਰਦਰਸ਼ਤਾ, ਅਖੰਡਤਾ ਅਤੇ ਸਿਸ਼ਟਾਚਾਰ ਦੇ ਨਵੇਂ ਮਾਪਦੰਡਾਂ ਸਮੇਤ ਸਕਾਰਾਤਮਕ ਤਬਦੀਲੀ ਲਿਆਉਣ ਤੋਂ ਨਹੀਂ ਰੋਕ ਸਕਣਗੇ।
ਹਰਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਧਮਕੀ ਭਰੇ ਟਵੀਟ ਮਿਲੇ। ਉਨ੍ਹਾਂ ਕਿਹਾ, ‘‘ਅੱਜ ਧਮਕੀਆਂ ਮਿਲ ਰਹੀਆਂ ਹਨ। ਰੋਨਾ ਦੇ ਇਕ ਸਮਰਥਕ ਨੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਬਾਰੇ ਮੇਰੇ ਸੁਨੇਹੇ ਦਾ ਜਵਾਬ ਦਿੱਤਾ ਅਤੇ ‘ਖਿਝਾਉਣ ਵਾਲੇ’ ਸੁਨੇਹੇ ਭੇਜਣ ਨਾਲ ਵੋਟਰਾਂ ਨੂੰ ਨਾ ਰੋਕਣ ਦੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ। (ਮੇਰੀ ਟੀਮ ’ਚ ਕਿਸੇ ਨੇ ਵੀ ਕਿਸੇ ਮੈਂਬਰ ਨੂੰ ਸੰਦੇਸ਼ ਭੇਜਣ ਲਈ ਨਹੀਂ ਕਿਹਾ।)’’ ਉਨ੍ਹਾਂ ਆਪਣੇ ਵੈਰੀਫਾਈਡ ਟਵਿੱਟਰ ਅਕਾਊਂਟ ‘ਪੰਜਾਬਣ’ ’ਤੇ ਟਵੀਟ ਕੀਤਾ, ‘‘ਮੇਰੀ ਟੀਮ ਦੇ ਇਕ ਹੋਰ ਵਿਅਕਤੀ ਨੂੰ ਆਰ.ਐਨ.ਸੀ. ਨੂੰ ਸਭ ਤੋਂ ਵੱਧ ਫੰਡ ਦੇਣ ਵਾਲਿਆਂ ਬਾਰੇ ਸਵਾਲ ਚੁੱਕਣ ਲਈ ਆਰ.ਐਨ.ਸੀ. ਸਲਾਹਕਾਰ ਦਾ ਧਮਕੀ ਭਰਿਆ ਫੋਨ ਆਇਆ। ਇਹ ਸੰਦੇਸ਼ ਭੇਜਿਆ ਗਿਆ ਸੀ ਕਿ ਜੇਕਰ ਮੇਰੇ ਸਮਰਥਕ ਚੁੱਪ ਨਹੀਂ ਕਰਦੇ ਤਾਂ ਉਹ ਪ੍ਰਚਾਰ ਮੁਹਿੰਮ ਜਾਂ ਆਰ.ਐਨ.ਸੀ. ਲਈ ਕੰਮ ਨਹੀਂ ਕਰਨਗੇ।’’ ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ 27 ਜਨਵਰੀ ਨੂੰ ਹੋਵੇਗੀ।
‘ਪੋਲੀਟਿਕੋ’ ਅਖ਼ਬਾਰ ਨੇ ਪਿਛਲੇ ਹਫ਼ਤੇ ਰਿਪੋਰਟ ਦਿੱਤੀ ਸੀ ਕਿ ਵਿਰੋਧੀਆਂ ਨੇ ਹਰਮੀਤ ਕੌਰ ਦੇ ਸਿੱਖ ਧਰਮ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਜਿਸ ਨਾਲ ਕਮੇਟੀ ਦੇ ਕੁਝ ਮੈਂਬਰ ਪ੍ਰੇਸ਼ਾਨ ਹਨ। ਹਰਮੀਤ ਕੌਰ ਨੇ ‘ਪੋਲੀਟਿਕੋ’ ਨੂੰ ਕਿਹਾ, ‘‘ਹਿਹ ਜਾਣ ਕੇ ਦੁੱਖ ਹੁੰਦਾ ਹੈ ਕਿ ਆਰ.ਐਨ.ਸੀ. ਦੇ ਕੁਝ ਮੈਂਬਰਾਂ ਨੇ ਮੇਰੇ ਸਿੱਖ ਧਰਮ ਨੂੰ ਮੇਰੇ ਵਿਰੁੱਧ ਇਕ ਹਥਿਆਰ ਵਜੋਂ ਇਸਤੇਮਾਲ ਕਰ ਕੇ ਆਰ.ਐਨ.ਸੀ. ਚਲਾਉਣ ਲਈ ਮੇਰੀ ਯੋਗਤਾ ’ਤੇ ਸਵਾਲ ਉਠਾਏ ਹਨ। ਰੋਨਾ ਮੈਕਡਨੀਅਲ ਨੇ ਧਰਮ ਦੇ ਆਧਾਰ ’ਤੇ ਅਜਿਹੇ ਹਮਲਿਆਂ ਦੀ ਨਿੰਦਾ ਕੀਤੀ ਹੈ।